ਗੁਰੂ ਕਾ ਬਾਗ (ਨਿਰਵੈਲ/ਭੱਟੀ) - ਕਿਰਤੀ ਕਿਸਾਨ, ਪੇਂਡੂ ਮਜ਼ਦੂਰ ਤੇ ਉਸਾਰੀ ਮਜ਼ਦੂਰ ਯੂਨੀਅਨ ਦੀ ਸਾਂਝੀ ਮੀਟਿੰਗ ਅੱਜ ਗੁਰੂ ਕਾ ਬਾਗ ਵਿਖੇ ਕੀਤੀ ਗਈ ਅਤੇ ਉਕਤ ਯੂਨੀਅਨਾਂ ਦੇ ਵੱਡੀ ਗਿਣਤੀ 'ਚ ਆਗੂਆਂ ਤੇ ਮੈਂਬਰਾਂ ਵੱਲੋਂ ਭਾਰਤ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਗਏ 'ਸਰਕਾਰੀ ਤੇ ਨਿੱਜੀ ਜਾਇਦਾਦ ਨੁਕਸਾਨ ਰੋਕੂ ਐਕਟ 2014' ਅਤੇ ਗੈਂਗਸਟਰਾਂ ਦੀਆਂ ਕਾਰਵਾਈਆਂ ਰੋਕਣ ਦੇ ਨਾਂ 'ਤੇ ਅਤੇ ਮਹਾਰਾਸ਼ਟਰ ਸਰਕਾਰ ਦੀ ਤਰਜ਼ 'ਤੇ 'ਪਕੋਕਾ' ਲਿਆਉਣ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਐਕਟ ਸੰਘਰਸ਼ਸ਼ੀਲ ਲੋਕਾਂ ਨੂੰ ਕੁਚਲਣ ਲਈ ਸਿੱਧੇ ਤੌਰ 'ਤੇ ਲਿਆਂਦਾ ਗਿਆ ਹੈ।
ਉਨ੍ਹਾਂ ਕਿਹਾ ਕਿ ਇਸ ਐਕਟ ਤਹਿਤ ਕੋਈ ਵੀ ਜਥੇਬੰਦਕ ਸੰਘਰਸ਼ ਕਰਨ ਲਈ ਮਨਜ਼ੂਰੀ ਲਾਜ਼ਮੀ ਕੀਤੀ ਗਈ ਹੈ। ਇਥੋਂ ਤੱਕ ਕਿ ਪਿੰਡ ਪੱਧਰੀ ਮੀਟਿੰਗ ਦੀ ਮਨਜ਼ੂਰੀ ਵੀ ਲਾਜ਼ਮੀ ਕੀਤੀ ਗਈ ਹੈ। ਇਹ ਕਾਨੂੰਨ ਮੁੱਖ ਰੂਪ ਵਿਚ ਜਥੇਬੰਦੀਆਂ ਦੇ ਵਿਰੋਧ 'ਚ ਹੈ ਅਤੇ ਜਥੇਬੰਦੀਆਂ ਦੇ ਸੰਘਰਸ਼ ਦੌਰਾਨ ਹੋਏ ਨੁਕਸਾਨ ਦੇ ਸਿੱਧੇ ਰੂਪ 'ਚ ਆਗੂ ਜ਼ਿੰਮੇਵਾਰ ਹੋਣਗੇ, ਭਾਵੇਂ ਇਸ ਮੌਕੇ ਆਗੂ ਹੋਣ ਜਾ ਨਾ। ਗੈਂਗਸਟਰਾਂ ਨੂੰ ਨੱਥ ਪਾਉਣ ਲਈ ਭਾਵੇਂ ਕਾਨੂੰਨ ਹੀ ਬਹੁਤ ਹੈ ਪਰ ਅਸਲੀਅਤ ਇਹ ਹੈ ਗੈਂਗਸਟਰਾਂ ਨੂੰ ਸਿਆਸੀ ਸਰਪ੍ਰਸਤੀ ਹੋਣ ਕਰ ਕੇ ਪੁਲਸ ਪ੍ਰਸ਼ਾਸਨ ਨੂੰ ਉਨ੍ਹਾਂ ਵਿਰੁੱਧ ਕਾਰਵਾਈ ਕਰਨ ਤੋਂ ਰੋਕਿਆਂ ਜਾਂਦਾ ਹੈ। ਇਸ ਲਈ ਪਕੋਕਾ ਵਰਗੇ ਕਾਲੇ ਕਾਨੂੰਨ ਬਣਾ ਕੇ ਹਾਕਮ ਜਮਾਤ ਇਸ ਦੀ ਵਰਤੋਂ ਲੋਕ ਸੰਘਰਸ਼ਾਂ ਅਤੇ ਲੋਕ ਆਗੂਆਂ ਦੇ ਜਬਰ ਕਰਨ ਲਈ ਬਣਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ 60 ਜਥੇਬੰਦੀਆਂ ਵੱਲੋਂ ਕਾਲੇ ਕਾਨੂੰਨਾਂ ਵਿਰੁੱਧ ਸੰਘਰਸ਼ ਵਿੱਢਣ ਲਈ 31 ਦਸੰਬਰ ਨੂੰ ਦੇਸ਼ ਭਗਤ ਯਾਦਗਾਰੀ ਹਾਲ ਜਲੰਧਰ ਵਿਖੇ ਕਨਵੈਨਸ਼ਨ ਕੀਤੀ ਜਾ ਰਹੀ ਹੈ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਜਤਿੰਦਰ ਸਿੰਘ ਛੀਨਾ, ਮਜ਼ਦੂਰ ਯੂਨੀਅਨ ਦੇ ਆਗੂ ਸ਼ਮਿੰਦਰ ਸਿੰਘ ਅਜਨਾਲਾ, ਸੀਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਜੱਸੜ, ਸਤਨਾਮ ਸਿੰਘ ਝੰਡੇਰ, ਸੂਬਾ ਕਮੇਟੀ ਮੈਂਬਰ ਧਰਮਿੰਦਰ ਸਿੰਘ ਅਜਨਾਲਾ, ਬਾਬਾ ਜੋਗਿੰਦਰ ਸਿੰਘ, ਜੋਗਿੰਦਰ ਸਿੰਘ ਘੁੱਕੇਵਾਲੀ, ਬਾਬਾ ਸਿੰਘ ਗੱਗੋਮਾਹਲ, ਜਸਬੀਰ ਸਿੰਘ ਓਠੀਆਂ, ਮੁਖਤਾਰ ਸਿੰਘ ਸੈਂਸਰਾ, ਸਤਨਾਮ ਸਿੰਘ ਤੱਲੇ, ਅਮਨਦੀਪ ਸਿੰਘ ਮਾਨਾਂਵਾਲਾ, ਬਲਬੀਰ ਸਿੰਘ, ਫੁੰਮਣ ਸਿੰਘ ਆਦਿ ਨੇ ਸੰਬੋਧਨ ਕੀਤਾ। ਇਸ ਮੌਕੇ ਅਵਤਾਰ ਸਿੰਘ ਸੁਧਾਰ, ਕੰਵਲਜੀਤ ਸਿੰਘ ਕੋਟ ਸਿੱਧੂ, ਲਵਦੀਪ ਸਿੰਘ, ਸ਼ੀਸ਼ਪਾਲ ਸਿੰਘ, ਹੀਰਾ ਸਿੰਘ, ਬਲਰਾਜ ਸਿੰਘ, ਜਸਤਾਰ ਸਿੰਘ ਆਦਿ ਹਾਜ਼ਰ ਸਨ।
ਦੋ ਧਿਰਾਂ ਦਰਮਿਆਨ ਝਗੜਾ, 2 ਔਰਤਾਂ ਸਣੇ 5 ਜ਼ਖਮੀ
NEXT STORY