ਗੁਰਦਾਸਪੁਰ (ਹਰਮਨ)- ਪੰਜਾਬ ਸਰਕਾਰ ਵੱਲੋਂ ਇਸ ਸਾਲ ਪੰਜਾਬ ਅੰਦਰ ਝੋਨੇ ਦੀ ਲਵਾਈ ਦਾ ਕੰਮ ਤਿੰਨ ਫੇਜ਼ਾਂ ’ਚ ਸ਼ੁਰੂ ਕਰਨ ਸਬੰਧੀ ਕੀਤੇ ਗਏ ਫੈਸਲੇ ਤਹਿਤ ਗੁਰਦਾਸਪੁਰ ਸਮੇਤ ਹੋਰ ਵੱਖ-ਵੱਖ ਜ਼ਿਲ੍ਹਿਆਂ ’ਚ 5 ਜੂਨ ਤੋਂ ਝੋਨੇ ਦੀ ਲਵਾਈ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਹੈ। ਇਸ ਤਹਿਤ ਕਿਸਾਨਾਂ ਨੇ ਜ਼ੋਰ-ਸ਼ੋਰ ਨਾਲ ਤਿਆਰੀਆਂ ਸ਼ੁਰੂ ਕਰ ਲਈਆਂ ਹਨ। ਨਾਲ ਹੀ ਕਿਸਾਨਾਂ ਨੂੰ ਤਿੰਨ ਫੇਜ਼ ਬਿਜਲੀ ਸਪਲਾਈ ਮਿਲਣ ਕਾਰਨ ਕਿਸਾਨਾਂ ਨੇ ਅੱਜ ਤੋਂ ਹੀ ਕੱਦੂ ਕਰਕੇ ਖੇਤ ਵੀ ਤਿਆਰ ਕਰ ਲਏ ਹਨ।
ਦੱਸਣਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਸਾਨਾਂ ਦੀ ਮੰਗ ਅਨੁਸਾਰ ਇਸ ਵਾਰ ਝੋਨੇ ਦੀ ਲਵਾਈ ਪਿਛਲੇ ਸਾਲ ਦੇ ਮੁਕਾਬਲੇ ਜਲਦੀ ਕਰਨ ਦੀ ਇਜਾਜ਼ਤ ਦੇ ਦਿੱਤੀ ਸੀ, ਜਿਸ ਦੇ ਚੱਲਦਿਆਂ ਜ਼ਿਲ੍ਹਾ ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ, ਅੰਮ੍ਰਿਤਸਰ, ਤਰਨਤਾਰਨ, ਰੋਪੜ, ਮੋਹਾਲੀ ਅਤੇ ਫਤਹਿਗੜ੍ਹ ਸਾਹਿਬ ਜ਼ਿਲ੍ਹਿਆਂ ’ਚ ਝੋਨੇ ਦੀ ਲਵਾਈ 5 ਜੂਨ ਤੋਂ ਕਰਨ ਸਬੰਧੀ ਪ੍ਰਵਾਨਗੀ ਦਿੱਤੀ ਗਈ ਸੀ। ਸਰਕਾਰ ਦੇ ਇਸ ਫੈਸਲੇ ਕਾਰਨ ਕਿਸਾਨਾਂ ਨੇ ਵੱਡੀ ਰਾਹਤ ਮਹਿਸੂਸ ਕੀਤੀ ਸੀ ਅਤੇ ਨਾਲ ਹੀ ਕਿਸਾਨਾਂ ਦੀ ਮੰਗ ਅਨੁਸਾਰ ਇਸ ਵਾਰ ਝੋਨੇ ਦੀ ਲਵਾਈ ਤੋਂ ਪਹਿਲਾਂ ਹੀ ਕਿਸਾਨਾਂ ਨੂੰ ਤਿੰਨ ਫੇਜ਼ ਬਿਜਲੀ ਸਪਲਾਈ ਵੀ ਮਿਲਣੀ ਸ਼ੁਰੂ ਹੋ ਗਈ ਸੀ, ਜਿਸ ਨਾਲ ਨਾ ਸਿਰਫ ਕਿਸਾਨਾਂ ਨੇ ਆਪਣੀ ਪਨੀਰੀ ਅਤੇ ਚਾਰੇ ਸਮੇਤ ਗੰਨੇ ਦੀਆਂ ਫਸਲਾਂ ਦੀ ਸਿੰਜਾਈ ਕੀਤੀ, ਸਗੋਂ ਇਸ ਨਾਲ ਬਾਗਬਾਨਾਂ ਨੂੰ ਵੀ ਕਾਫੀ ਲਾਭ ਹੋਇਆ ਸੀ।
ਇਹ ਵੀ ਪੜ੍ਹੋ- GNDU ਨੇ ਮੁਲਤਵੀ ਕੀਤੀਆਂ ਪ੍ਰੀਖਿਆਵਾਂ
ਤਿਆਰ ਹੋਈ ਝੋਨੇ ਦੀ ਪਨੀਰੀ
ਜ਼ਿਲ੍ਹਾ ਗੁਰਦਾਸਪੁਰ ਦੇ ਮੁੱਖ ਖੇਤੀਬਾੜੀ ਅਫਸਰ ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਉਹ ਕਿਸਾਨਾਂ ਦੇ ਬੇਹੱਦ ਧੰਨਵਾਦੀ ਹਨ, ਜਿਨ੍ਹਾਂ ਨੇ ਸਮੇਂ ਤੋਂ ਪਹਿਲਾਂ ਝੋਨਾ ਲਾਉਣ ਤੋਂ ਗੁਰੇਜ਼ ਕੀਤਾ ਹੈ। ਬੇਸ਼ੱਕ ਕੁਝ ਕਿਸਾਨਾਂ ਨੇ ਖੇਤਾਂ ’ਚ ਪਾਣੀ ਛੱਡ ਕੇ ਨਿਰਧਾਰਤ ਮਿਤੀ ਤੋਂ ਪਹਿਲਾਂ ਵੀ ਝੋਨਾ ਲਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਖੇਤੀਬਾੜੀ ਵਿਭਾਗ ਦੀਆਂ ਟੀਮਾਂ ਨੇ ਮੌਕੇ ’ਤੇ ਪਹੁੰਚ ਕੇ ਅਜਿਹੇ ਕਿਸਾਨਾਂ ਨੂੰ ਨੋਟਿਸ ਜਾਰੀ ਕੀਤੇ ਸਨ ਅਤੇ ਬਹੁਤ ਸਾਰੀਆਂ ਥਾਵਾਂ ’ਤੇ ਕਿਸਾਨਾਂ ਵੱਲੋਂ ਲਾਇਆ ਅਗੇਤਾ ਝੋਨਾ ਨਸ਼ਟ ਵੀ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਅਗੇਤੇ ਲਾਏ ਝੋਨੇ ’ਤੇ ਜਿੱਥੇ ਬੀਮਾਰੀਆਂ ਜ਼ਿਆਦਾ ਹਮਲਾ ਕਰਦੀਆਂ ਹਨ, ਉਥੇ ਹੀ ਧਰਤੀ ਹੇਠਲਾ ਪਾਣੀ ਵੀ ਵਿਅਰਥ ਜਾਂਦਾ ਹੈ। ਇਸ ਕਾਰਨ ਸਰਕਾਰ ਨੇ ਬਹੁਤ ਸੋਚ ਸਮਝ ਕੇ ਝੋਨੇ ਦੀ ਲਵਾਈ ਦਾ ਸਮਾਂ ਨਿਰਧਾਰਤ ਕੀਤਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਪੂਰੇ ਸੰਜਮ ਨਾਲ ਝੋਨੇ ਦੀ ਲਵਾਈ ਕਰਨ ਅਤੇ ਖੇਤੀ ਮਾਹਿਰਾਂ ਦੀ ਸਲਾਹ ਮੁਤਾਬਕ ਹੀ ਹਰ ਕੰਮ ਕੀਤਾ ਜਾਵੇ।
ਪੌਣੇ 2 ਲੱਖ ਹੈਕਟੇਅਰ ਰਕਬੇ ’ਚ ਕੀਤੀ ਜਾਵੇਗੀ ਝੋਨੇ ਦੀ ਕਾਸ਼ਤ
ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਇਸ ਸਾਲ ਕਿਸਾਨਾਂ ਵੱਲੋਂ ਪੌਣੇ ਦੋ ਲੱਖ ਹੈਕਟੇਅਰ ਦੇ ਕਰੀਬ ਰਕਬੇ ’ਚ ਝੋਨੇ ਦੀ ਕਾਸ਼ਤ ਕੀਤੀ ਜਾਵੇਗੀ। ਗੁਰਦਾਸਪੁਰ ਜ਼ਿਲ੍ਹੇ ਅੰਦਰ ਖਾਦਾਂ ਅਤੇ ਦਵਾਈਆਂ ਦੀ ਕੋਈ ਵੀ ਕਮੀ ਨਹੀਂ ਹੈ ਅਤੇ ਹਰ ਕਿਸਾਨ ਨੂੰ ਉਸਦੀ ਲੋੜ ਮੁਤਾਬਕ ਹਰ ਖੇਤੀ ਇਨਪੁੱਟ ਉਪਲੱਬਧ ਹੋ ਰਹੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਬੇਲੋੜੀਆਂ ਖਾਦਾਂ ਅਤੇ ਦਵਾਈਆਂ ਪਾਉਣ ਤੋਂ ਗੁਰੇਜ਼ ਕਰਨ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੂੰ ਲੈ ਕੇ ਜਾਣੋ ਤਾਜ਼ਾ ਅਪਡੇਟ
ਸਿੱਧੀ ਬਿਜਾਈ ਵੱਲ ਵੀ ਹੋਇਆ ਕਿਸਾਨਾਂ ਦਾ ਰੁਝਾਨ
ਬਲਾਕ ਗੁਰਦਾਸਪੁਰ ਦੇ ਖੇਤੀਬਾੜੀ ਅਫਸਰ ਡਾ. ਗਗਨਦੀਪ ਸਿੰਘ ਨੇ ਦੱਸਿਆ ਕਿ ਗੁਰਦਾਸਪੁਰ ਜ਼ਿਲ੍ਹੇ ਅੰਦਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਵਾਉਣ ਲਈ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਮੰਤਵ ਲਈ ਸਰਕਾਰ ਵੱਲੋਂ ਵੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਪ੍ਰਤੀ ਏਕੜ 1500 ਰੁਪਏ ਦੀ ਰਾਸ਼ੀ ਦਿੱਤੀ ਜਾਂਦੀ ਹੈ ਤਾਂ ਜੋ ਕਿਸਾਨ ਉਤਸ਼ਾਹਿਤ ਹੋ ਕੇ ਝੋਨੇ ਦੀ ਸਿੱਧੀ ਬਿਜਾਈ ਕਰਨ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਕਿਸਾਨਾਂ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਕੀਤੀ ਜਾ ਚੁੱਕੀ ਹੈ ਅਤੇ ਕੁਝ ਕਿਸਾਨ ਅਜਿਹੇ ਹਨ, ਜਿਹੜੇ ਪਿਛਲੇ ਕਈ ਸਾਲਾਂ ਤੋਂ ਸਿੱਧੀ ਬਿਜਾਈ ਵਿਧੀ ਰਾਹੀਂ ਹੀ ਝੋਨੇ ਦੀ ਕਾਸ਼ਤ ਕਰਦੇ ਹਨ।
ਮੱਕੀ ਹੇਠ ਲਿਆਂਦਾ ਜਾਵੇਗਾ 2000 ਹੈਕਟਰ ਰਕਬਾ
ਮੁੱਖ ਖੇਤੀਬਾੜੀ ਅਫਸਰ ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਸਮੇਤ ਕੁਝ ਹੋਰ ਜ਼ਿਲ੍ਹਿਆਂ ਨੂੰ ਪਾਇਲਟ ਪ੍ਰਾਜੈਕਟ ਵਜੋਂ ਚੁਣ ਕੇ ਇੱਥੇ ਇਕ ਵਿਸ਼ੇਸ਼ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ, ਜਿਸ ਤਹਿਤ ਝੋਨਾ ਛੱਡ ਕੇ ਮੱਕੀ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ 7000 ਪ੍ਰਤੀ ਏਕੜ ਵਿਸ਼ੇਸ਼ ਰਾਸ਼ੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਵੱਲੋਂ ਲਗਾਤਾਰ ਕਿਸਾਨਾਂ ਨੂੰ ਮੱਕੀ ਦੀ ਕਾਸ਼ਤ ਕਰਨ ਸਬੰਧੀ ਪ੍ਰੇਰਿਤ ਕੀਤਾ ਜਾ ਰਿਹਾ ਹੈ ਤਾਂ ਜੋ ਕਿਸਾਨ ਮੱਕੀ ਦੀ ਕਾਸ਼ਤ ਕਰਕੇ ਧਰਤੀ ਹੇਠਲਾ ਪਾਣੀ ਬਚਾਉਣ ਅਤੇ ਆਪਣੀ ਆਮਦਨ ਵਧਾਉਣ ’ਚ ਯੋਗਦਾਨ ਪਾ ਸਕਣ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਹਾਦਸਾ, ਥਾਰ ਤੇ ਬੁਲਟ ਦੀ ਟੱਕਰ ਦੌਰਾਨ ਹੋਇਆ ਬਲਾਸਟ, ਮੁੰਡੇ ਦੀ ਮੌਕੇ 'ਤੇ ਮੌਤ
ਬਾਸਮਤੀ ਦੀ ਬਜਾਏ ਪਰਮਲ ਦੀਆਂ ਕਿਸਮਾਂ ਵੱਲ ਰੁਝਾਨ
ਇਸ ਵਾਰ ਕਿਸਾਨਾਂ ਵੱਲੋਂ ਬਾਸਮਤੀ ਦੀ ਬਜਾਏ ਘੱਟ ਸਮਾਂ ਰਹਿਣ ਵਾਲੀਆਂ ਪਰਮਲ ਦੀਆਂ ਵੱਖ-ਵੱਖ ਕਿਸਮਾਂ ਦੀ ਕਾਸ਼ਤ ਪ੍ਰਤੀ ਰੁਝਾਨ ਦਿਖਾਇਆ ਜਾ ਰਿਹਾ ਹੈ। ਖਾਸ ਤੌਰ ’ਤੇ ਕਿਸਾਨਾਂ ਵੱਲੋਂ ਪੀ. ਆਰ. 128, ਪੀ. ਆਰ. 110, 132, 126 ਅਤੇ 130 ਦੀ ਪਨੀਰੀ ਤਿਆਰ ਕੀਤੀ ਗਈ ਹੈ। ਇਹ ਕਿਸਮਾਂ ਘੱਟ ਸਮਾਂ ਲੈਂਦੀਆਂ ਹਨ ਅਤੇ ਜਲਦੀ ਪੱਕਣ ਕਾਰਨ ਖੇਤ ਸਮੇਂ ਸਿਰ ਵਿਹਲੇ ਹੋ ਜਾਂਦੇ ਹਨ। ਇਸ ਦੇ ਨਾਲ ਹੀ ਇਨ੍ਹਾਂ ਦੀ ਪੈਦਾਵਾਰ ਵੀ ਚੰਗੀ ਰਹਿੰਦੀ ਹੈ, ਜਿਸ ਕਾਰਨ ਕਿਸਾਨਾਂ ਵੱਲੋਂ ਹੁਣ ਇਨਾਂ ਕਿਸਮਾਂ ਨੂੰ ਤਰਜੀਹ ਦਿੱਤੀ ਜਾਣ ਲੱਗ ਪਈ ਹੈ। ਦੂਜੇ ਪਾਸੇ ਸਰਕਾਰ ਵੱਲੋਂ ਪੂਸਾ 44 ਅਤੇ ਹਾਈਬ੍ਰਿਡ ਕਿਸਮਾਂ ਦੀ ਕਾਸ਼ਤ ’ਤੇ ਪੂਰੀ ਰੋਕ ਲਾ ਦਿੱਤੇ ਜਾਣ ਕਾਰਨ ਇਸ ਵਾਰ ਕਿਸਾਨਾਂ ਨੇ ਇਨ੍ਹਾਂ ਕਿਸਮਾਂ ਵੱਲ ਧਿਆਨ ਨਹੀਂ ਕੀਤਾ ਅਤੇ ਕਿਸਾਨਾਂ ਵੱਲੋਂ ਉਪਰੋਕਤ ਕਿਸਮਾਂ ਨੂੰ ਹੀ ਤਰਜੀਹ ਦਿੱਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ DGP ਸਖ਼ਤ, ਰੋਡਮੈਪ ਕੀਤਾ ਤਿਆਰ
NEXT STORY