ਮਾਛੀਵਾੜਾ ਸਾਹਿਬ, (ਟੱਕਰ, ਸਚਦੇਵਾ)- ਸਤਲੁਜ ਦਰਿਆ ਕਿਨਾਰੇ ਵਸੇ ਪਿੰਡ ਧੁੱਲੇਵਾਲ ਵਾਸੀ ਪਰਮਜੀਤ ਸਿੰਘ (40) ਨੇ ਗਰੀਬੀ ਤੇ ਬੀਮਾਰੀ ਤੋਂ ਪ੍ਰੇਸ਼ਾਨ ਹੋ ਕੇ ਫਾਹਾ ਲੈ ਕੇ ਆਤਮ-ਹੱਤਿਆ ਕਰ ਲਈ।
ਜਾਣਕਾਰੀ ਅਨੁਸਾਰ ਪਰਮਜੀਤ ਸਿੰਘ ਮਜ਼ਦੂਰੀ ਕਰਦਾ ਸੀ ਅਤੇ ਉਸ ਨੂੰ ਮਿਰਗੀ ਦੇ ਦੌਰੇ ਵੀ ਪੈਂਦੇ ਸਨ, ਜਿਸ ਕਾਰਨ ਉਹ ਕਾਫੀ ਪ੍ਰੇਸ਼ਾਨ ਰਹਿੰਦਾ ਸੀ। ਮ੍ਰਿਤਕ ਦੇ ਪਿਤਾ ਤਾਰਾ ਸਿੰਘ ਨੇ ਦੱਸਿਆ ਕਿ ਪਰਮਜੀਤ ਸਿੰਘ ਦੇ ਦੋਵੇਂ ਪੁੱਤਰ ਆਪਣੀ ਮਾਂ ਸਮੇਤ ਸਤਲੁਜ ਦਰਿਆ ਪਾਰ ਪਿੰਡ ਲਾਲਪੁਰ ਟੱਪਰੀਆਂ ਦੇ ਗੁਰਦੁਆਰਾ ਸਾਹਿਬ ਵਿਖੇ ਰਹਿੰਦੇ ਹਨ। ਪਰਮਜੀਤ ਸਿੰਘ ਵੀ ਕੱਲ ਆਪਣੇ ਪਰਿਵਾਰ ਕੋਲ ਉਥੇ ਗਿਆ ਹੋਇਆ ਸੀ ਅਤੇ ਸ਼ਾਮ ਨੂੰ ਪਿੰਡ ਧੁੱਲੇਵਾਲ ਵਾਪਸ ਪਰਤਿਆ ਸੀ। ਪਿਤਾ ਤਾਰਾ ਸਿੰਘ ਨੇ ਦੱਸਿਆ ਜਦੋਂ ਉਹ ਅੱਜ ਸਵੇਰੇ ਆਪਣੇ ਪੁੱਤਰ ਪਰਮਜੀਤ ਸਿੰਘ ਦੇ ਕਮਰੇ ਵਿਚ ਗਿਆ ਤਾਂ ਉਸਨੇ ਦੇਖਿਆ ਕਿ ਉਸਦੀ ਲਾਸ਼ ਪਰਨੇ ਨਾਲ ਲਟਕ ਰਹੀ ਸੀ, ਜਿਸ ਸਬੰਧੀ ਉਸਨੇ ਪਿੰਡ ਵਾਸੀਆਂ ਅਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ।
ਪਿੰਡ ਵਾਸੀਆਂ ਨੇ ਦੱਸਿਆ ਕਿ ਮ੍ਰਿਤਕ ਦੇ ਘਰ ਦੀ ਹਾਲਤ ਬੇਹੱਦ ਹੀ ਖਸਤਾ ਹੈ ਅਤੇ ਕੁਝ ਸਾਲ ਪਹਿਲਾਂ ਬੈਂਕ ਤੋਂ 25 ਹਜ਼ਾਰ ਰੁਪਏ ਕਰਜ਼ਾ ਚੁੱਕ ਕੇ ਮੱਝ ਲਈ ਸੀ ਪਰ ਗਰੀਬੀ ਕਾਰਨ ਉਸਦੀਆਂ ਕਿਸ਼ਤਾਂ ਵੀ ਅਦਾ ਨਹੀਂ ਹੋ ਸਕੀਆਂ ਅਤੇ ਇਨ੍ਹਾਂ ਸਾਰੇ ਹਾਲਾਤ ਤੋਂ ਉਹ ਪ੍ਰੇਸ਼ਾਨ ਰਹਿੰਦਾ ਸੀ। ਪੁਲਸ ਵਲੋਂ ਮ੍ਰਿਤਕ ਪਰਮਜੀਤ ਸਿੰਘ ਦੀ ਲਾਸ਼ ਪੋਸਟਮਾਰਟਮ ਕਰਵਾਉਣ ਉਪਰੰਤ ਵਾਰਿਸਾਂ ਨੂੰ ਸੌਂਪ ਦਿੱਤੀ ਗਈ। ਪਿੰਡ ਧੁੱਲੇਵਾਲ ਦੇ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਗਰੀਬੀ ਤੇ ਬੀਮਾਰੀ ਕਾਰਨ ਆਤਮ-ਹੱਤਿਆ ਕਰਨ ਵਾਲੇ ਮਜ਼ਦੂਰ ਪਰਮਜੀਤ ਸਿੰਘ ਦੇ ਪਰਿਵਾਰ ਦੀ ਆਰਥਿਕ ਸਹਾਇਤਾ ਕੀਤੀ ਜਾਵੇ।
8 ਸਾਲਾ ਨਾਬਾਲਗ ਲੜਕੀ ਨਾਲ ਛੇੜਛਾੜ
NEXT STORY