ਪੁਲਸ ਦੀ ਸਖਤੀ ਦੇ ਬਾਵਜੂਦ ਨਹੀਂ ਰੁਕ ਰਹੀ ਪੈਲੇਸ 'ਚ ਗੋਲੀਬਾਰੀ
ਮੱਖੂ(ਵਾਹੀ)—ਕੌਮੀ ਜਰਨੈਲੀ ਸੜਕ ਨੰ. 54 'ਤੇ ਪਿੰਡ ਖਡੂਰ ਸਾਹਮਣੇ ਬਣੇ ਪੈਲੇਸ 'ਚ ਚੱਲੀਆਂ ਗੋਲੀਆਂ ਨਾਲ ਸੱਭਿਆਚਾਰਕ ਗਰੁੱਪ ਦੇ ਮੈਂਬਰ ਅਰਵਿੰਦ ਗਿੱਲ ਵਾਸੀ ਕਾਲੇਕੇ ਉਤਾੜ ਥਾਣਾ ਸਦਰ ਪੱਟੀ ਜ਼ਿਲਾ ਤਰਨਤਾਰਨ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਉਸਦੇ ਸਾਥੀ ਤੁਰੰਤ ਉਸ ਨੂੰ ਅੰਮ੍ਰਿਤਸਰ ਇਲਾਜ ਲਈ ਲੈ ਗਏ, ਜਿਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਾਣਕਾਰੀ ਦਿੰਦਿਆਂ ਯੰਗ ਸਟਾਰ ਲਾਈਵ ਸ਼ੋਅ ਦੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਸੱਭਿਆਚਾਰਕ ਪ੍ਰੋਗਰਾਮਾਂ ਦਾ ਪ੍ਰਬੰਧ ਕਰਦਾ ਹੈ। ਅੱਜ ਦੇ ਪ੍ਰੋਗਰਾਮ ਮੌਕੇ ਲੜਕਿਆਂ ਵੱਲੋਂ ਗਰੁੱਪ ਦੀਆਂ ਲੜਕੀਆਂ ਨਾਲ ਛੇੜਛਾੜ ਅਤੇ ਗੋਲੀਬਾਰੀ ਹੋਣ ਕਰ ਕੇ ਵਿਆਹ ਵਾਲੇ ਪਰਿਵਾਰ ਨੇ ਲੜਾਈ–ਝਗੜੇ ਦੇ ਡਰ ਕਾਰਨ ਡੀ. ਜੇ. ਬੰਦ ਕਰਵਾ ਦਿੱਤੇ। ਪ੍ਰੋਗਰਾਮ ਵਿਚ ਪੈਂਦੇ ਵਿਘਨ ਕਾਰਨ ਅਸੀਂ ਜਿਵੇਂ ਹੀ ਗਰੁੱਪ ਆਗੂ ਅਰਵਿੰਦ ਗਿੱਲ ਡਾਂਸਰ ਕੁੜੀਆਂ ਨੂੰ ਗੱਡੀ ਰਾਹੀਂ ਵਾਪਸ ਲਿਜਾਣ ਲੱਗੇ ਤਾਂ ਅਸਲਾ ਧਾਰਕ ਮੁੰਡਿਆਂ ਨੇ ਡਾਂਸਰ ਸ਼ਰ੍ਹਾ ਖਾਨ ਨੂੰ ਕਥਿਤ ਤੌਰ 'ਤੇ ਆਪਣੇ ਨਾਲ ਲਿਜਾਣ ਦੀ ਕੋਸ਼ਿਸ਼ ਕੀਤੀ, ਜਿਸ ਦਾ ਬਚਾਅ ਕਰਨ 'ਤੇ ਲੜਕਿਆਂ ਉਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ। ਅਰਵਿੰਦ ਨੂੰ ਇਕ ਗੋਲੀ ਪਿੱਠ 'ਚ ਦਿਲ ਦੇ ਉਲਟੇ ਪਾਸੇ ਅਤੇ ਦੂਜੀ ਪੱਟ 'ਚ ਲੱਗੀ। ਗੋਲੀਬਾਰੀ ਉਪਰੰਤ ਹਮਲਾਵਰ ਫਰਾਰ ਹੋ ਗਏ। ਵਿਆਹ ਵਾਲੇ ਮੁੰਡੇ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਇਨ੍ਹਾਂ ਲੜਕਿਆਂ ਨੂੰ ਕੋਈ ਵੀ ਸੱਦਾ ਪੱਤਰ ਨਹੀਂ ਦਿੱਤਾ ਅਤੇ ਨਾ ਹੀ ਗੋਲੀਬਾਰੀ ਕਰਨ ਵਾਲੇ ਲੜਕਿਆਂ ਨੂੰ ਉਹ ਜਾਣਦੇ ਹਨ ਤੇ ਸਾਨੂੰ ਇਹ ਵੀ ਨਹੀਂ ਪਤਾ ਕਿ ਉਹ ਕਿਸ ਨਾਲ ਆਏ ਸਨ। ਮੌਕੇ 'ਤੇ ਪੜਤਾਲ ਲਈ ਪੁੱਜੇ ਡੀ. ਐੱਸ. ਪੀ. ਜ਼ੀਰਾ ਜਸਪਾਲ ਸਿੰਘ ਢਿੱਲੋਂ ਅਤੇ ਥਾਣਾ ਮੁਖੀ ਰਮਨ ਕੁਮਾਰ ਨੇ ਦੱਸਿਆ ਕਿ ਜਿਥੇ ਪੈਲੇਸ ਮਾਲਕਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ, ਉਥੇ ਗੋਲੀਆਂ ਚਲਾਉਣ ਵਾਲਿਆਂ ਖਿਲਾਫ ਵੀ ਪਰਚਾ ਦਰਜ ਕੀਤਾ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਅਜੇ ਦੋ ਦਿਨ ਪਹਿਲਾਂ ਹੀ ਸਬ-ਡਵੀਜ਼ਨ ਦੇ ਸਾਰੇ ਪੈਲੇਸ ਮਾਲਕਾਂ ਨੂੰ ਸਮਾਗਮਾਂ ਦੌਰਾਨ ਗੋਲੀਆਂ ਚਲਾਉਣ ਵਾਲਿਆਂ ਦੀ ਜਾਣਕਾਰੀ ਦੇਣ ਲਈ ਕਿਹਾ ਗਿਆ ਸੀ ਪਰ ਫਿਰ ਵੀ ਵਾਰਦਾਤ ਹੋ ਗਈ।
ਦੜਾ-ਸੱਟਾ ਲਾਉਂਦਾ ਗ੍ਰਿਫ਼ਤਾਰ
NEXT STORY