ਜਲੰਧਰ/ਸ਼ਾਹਕੋਟ (ਅਰੁਣ)— ਸੂਬੇ ਭਰ 'ਚ 30 ਦਸੰਬਰ ਨੂੰ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਲਈ ਚੱਲੇ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਸਿਲਸਿਲੇ ਦੇ ਨਾਲ ਹੀ ਸੂਬੇ ਦੇ ਕਈ ਅੰਦਰ ਪਿੰਡਾਂ 'ਚ ਧੜੇਬੰਦੀ ਅਤੇ ਦੁਸ਼ਮਣੀ ਦੀ ਅਜਿਹੀ ਨੀਂਹ ਰੱਖੀ ਗਈ ਹੈ ਜੋ ਕਿ ਆਉਣ ਵਾਲੇ ਦਿਨਾਂ 'ਚ ਸਿੱਧੇ ਤੌਰ 'ਤੇ ਉਕਤ ਪਿੰਡਾਂ ਦੇ ਵਿਕਾਸ ਅਸਰ ਪਾਵੇਗੀ। ਸੂਬੇ ਦੀਆਂ ਤਕਰੀਬਨ 13 ਹਜ਼ਾਰ ਪੰਚਾਇਤਾਂ ਲਈ ਚੋਣ ਪ੍ਰੀਕਿਰਿਆ ਦੇ ਉਮੀਦਵਾਰਾਂ ਨੇ 15 ਤੋਂ 19 ਦਸੰਬਰ ਤੱਕ ਨਾਮਜ਼ਦਗੀ ਪੱਤਰ ਦਾਖਲ ਕੀਤੇ।
ਇਸ ਦੌਰਾਨ ਕੁਝ ਪਿੰਡਾਂ ਦੇ ਸੂਝਵਾਨ ਲੋਕਾਂ ਵੱਲੋਂ ਪਿੰਡ ਵਾਸੀਆਂ ਦੇ ਇਕੱਠ ਕਰਕੇ ਬਿਨਾਂ ਚੋਣ ਪ੍ਰਕਿਰਿਆ ਦੇ ਸਰਬਸੰਮਤੀ ਨਾਲ ਪੰਚਾਇਤਾਂ ਦੀ ਚੋਣ ਕਰ ਲਈ ਗਈ ਪਰ ਕਈ ਪਿੰਡਾਂ 'ਚ ਇਹ ਚੋਣਾਂ ਖੂਨੀ ਹੁੰਦੀਆਂ ਨਜ਼ਰ ਆਉਣ ਲੱਗੀਆਂ ਹਨ। ਇਨ੍ਹਾਂ ਪਿੰਡਾਂ ਦੇ ਲੋਕਾਂ ਨੇ ਇਸ ਚੋਣ ਨੂੰ ਆਪਣੇ ਹਉਮੇ ਦੀ ਲੜਾਈ ਬਣਾ ਲਿਆ ਹੈ, ਜਿਸ ਦਾ ਨਤੀਜਾ ਵੀ ਵਿਸਫੋਟਕ ਨਿਕਲਦਾ ਦਿਖਾਈ ਦਿੱਤਾ। 15 ਦਸੰਬਰ ਤੋਂ ਨਾਮਜ਼ਦਗੀ ਪੱਤਰ ਭਰਨ ਦੀ ਪ੍ਰਕਿਰਿਆ ਸ਼ੁਰੂ ਹੋਣ ਦੇ ਨਾਲ ਹੀ ਅਜਿਹੇ ਪਿੰਡਾਂ ਅੰਦਰ ਆਪਣੇ-ਆਪਣੇ ਉਮੀਦਵਾਰ ਨੂੰ ਲੈ ਕੇ ਘਮਾਸਾਨ ਛਿੜ ਗਿਆ ਹੈ, ਜੋ ਕਿ ਗਾਲੀ-ਗਲੋਚ ਤੋਂ ਘਸੁੰਨ-ਮੁੱਕੀ, ਹੱਥੋ-ਪਾਈ ਰਸਤੇ ਹੁੰਦੇ ਹੋਏ ਗੋਲੀਆਂ ਚੱਲਣ ਤੇ ਪੱਗ ਲਾਹੁਣ ਤੱਕ ਜਾ ਪੁੱਜਾ।
ਚੋਣ ਨਾਮਜ਼ਦਗੀਆਂ ਨੂੰ ਲੈ ਕੇ ਇਨ੍ਹਾਂ ਥਾਵਾਂ 'ਤੇ ਹੋਏ ਝਗੜੇ
ਬਾਬਾ ਬਕਾਲਾ : ਪਿੰਡ ਚੀਮਾ ਬਾਠ ਤੋਂ ਪੰਚਾਇਤੀ ਚੋਣਾਂ ਲਈ ਆਪਣੀ ਨਾਮਜ਼ਦਗੀ ਦਾਖਲ ਕਰਵਾਉਣ ਇਕ ਸਕੂਲ 'ਚ ਗਈ ਰਵਿੰਦਰ ਕੌਰ ਅਤੇ ਉਸ ਦੇ ਕਵਰਿੰਗ ਉਮੀਦਵਾਰ ਬਲਜਿੰਦਰ ਸਿੰਘ, ਸ਼ਰਨਜੀਤ ਕੌਰ ਅਤੇ ਜਸਬੀਰ ਕੌਰ ਆਦਿ ਦੀਆਂ ਫਾਈਲਾਂ ਕੁਝ ਵਿਅਕਤੀਆਂ ਵਲੋਂ ਖੋਹ ਲਈਆਂ ਗਈਆਂ। ਜਦਕਿ ਪਿੰਡ ਵਡਾਲਾ ਦੀ ਮਹਿਲਾ ਉਮੀਦਵਾਰ ਦੀ ਫਾਈਲ ਖੋਹ ਕੇ ਪਾੜ ਦਿੱਤੀ ਗਈ ਅਤੇ ਫਾਈਲ ਪਾੜਨ ਮੌਕੇ ਉਸ ਨਾਲ ਖਿੱਚ ਧੂਹ ਵੀ ਕੀਤੀ ਗਈ।
ਬਾਘਾਪੁਰਾਣਾ- ਰਾਜ ਕੌਰ ਵਾਸੀ ਸੰਗਤਪੁਰਾ ਆਪਣੇ ਨਾਮਜ਼ਦਗੀ ਪੇਪਰ ਮਾਰਕੀਟ ਕਮੇਟੀ ਦਫਤਰ ਵਿਖੇ ਦਾਖਲ ਕਰਵਾਉਣ ਲਈ ਆਈ ਸੀ, ਤਾਂ ਮੋਟਰਸਾਈਕਲ ਸਵਾਰ ਉਸ ਦੇ ਪੇਪਰ ਖੋਹ ਕੇ ਭੱਜ ਗਏ। ਇਸ ਤੋਂ ਪਹਿਲਾਂ ਪੁਲਸ ਅਤੇ ਕੁੱਝ ਲੋਕਾਂ 'ਚ ਝਗੜਾ ਵੀ ਹੋਇਆ, ਜਿਸ ਕਰ ਕੇ ਪੁਲਸ ਨੂੰ ਮਾਮੂਲੀ ਲਾਠੀਚਾਰਜ ਕਰਨਾ ਪਿਆ।
ਤਰਨਤਾਰਨ : ਪੱਟੀ ਹਲਕੇ ਅਧੀਨ ਆਉਂਦੇ ਪਿੰਡ ਨੌਸ਼ਹਿਰਾ ਪੰਨੂਆਂ 'ਚ ਨਾਮਜ਼ਦਗੀ ਨੂੰ ਲੈ ਕੇ ਕਾਂਗਰਸ ਉਮੀਦਵਾਰਾਂ ਦੇ ਦੋ ਧੜੇ ਬੀ. ਡੀ. ਪੀ. ਓ. ਦਫਤਰ ਵਿਖੇ ਆਪਸ 'ਚ ਭਿੜ ਗਏ। ਅਗਲੇ ਦਿਨ ਇਕ ਧਿਰ 'ਤੇ ਦੂਜੀ ਧਿਰ ਨੇ ਗੋਲੀਆਂ ਚਲਾਉਣ ਦੇ ਦੋਸ਼ ਵੀ ਲਗਾਏ।
ਫਿਰੋਜ਼ਪੁਰ : ਪਿੰਡ ਮਤੜ ਹਿਠਾੜ ਤੋਂ ਸਰਪੰਚੀ ਲਈ ਨਾਮਜ਼ਦਗੀ ਦਾਖਲ ਕਰਨ ਗਏ ਗੁਰਚਰਨ ਸਿੰਘ ਤੋਂ ਕੁਝ ਲੋਕਾਂ ਨੇ ਨਾਮਜ਼ਦਗੀ ਪੱਤਰ ਖੋਹ ਕੇ ਪਾੜ ਦਿੱਤੇ। ਉਸ ਨੇ ਦੋਬਾਰਾ ਫਾਈਲ ਤਿਆਰ ਕੀਤੀ ਤੇ ਚੋਣਾਂ ਲਈ ਨਾਮਜ਼ਦਗੀ ਦਾਖਲ ਕਰਵਾਈ। ਜਿਸ ਪਿੱਛੋਂ ਫਿਰ ਦਰਜਨਾਂ ਵਿਅਕਤੀਆਂ ਨੇ ਉਸ ਦੀ ਕੁੱਟਮਾਰ ਕੀਤੀ।
ਮਮਦੋਟ : ਪਿੰਡ ਦਿਲਰਾਮ ਦੀ ਸਰਪੰਚੀ ਲਈ ਨਾਮਜ਼ਦਗੀ ਭਰਨ ਗਏ ਹਰਨੇਕ ਸਿੰਘ ਤੋਂ ਕਿਸੇ ਵਿਅਕਤੀ ਨੇ ਨਾਮਜ਼ਦਗੀ ਪੱਤਰ ਵਾਲੀ ਫਾਈਲ ਖੋਹ ਲਈ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।
ਤਲਵੰਡੀ ਭਾਈ : ਰੁਕਨਾ ਬੇਗੂ ਪਿੰਡ ਤੋਂ ਆਪਣੇ ਸਾਥੀਆਂ ਨਾਲ ਨਾਮਜ਼ਦਗੀ ਕਾਗਜ਼ ਦਾਖਲ ਕਰਨ ਜਾ ਰਹੇ ਕਾਰਜ ਸਿੰਘ ਪੁੱਤਰ ਬਖਸ਼ੀਸ਼ ਸਿੰਘ 'ਤੇ ਡੇਢ ਦਰਜਜਨ ਦੇ ਕਰੀਬ ਵਿਅਕਤੀਆਂ ਨੇ ਹਮਲਾ ਕੀਤਾ। ਉਸ ਦੀ ਕੁੱਟਮਾਰ ਕੀਤੀ ਅਤੇ ਉਸ ਦੀ ਕਾਰ ਦੇ ਸ਼ੀਸ਼ੇ ਵੀ ਤੋੜ ਦਿੱਤੇ।
ਬਟਾਲਾ : ਫਤਿਹਗੜ੍ਹ ਚੂੜੀਆਂ ਦੇ ਪਿੰਡ ਸੈਦਪੁਰ ਕਲਾਂ 'ਚ ਅਕਾਲੀ ਤੇ ਕਾਂਗਰਸੀਆਂ ਦੀ ਲੜਾਈ ਦੌਰਾਨ ਗੋਲੀਆਂ ਚੱਲੀਆਂ। ਇਸ ਝਗੜੇ 'ਚ 5 ਲੋਕ ਜ਼ਖਮੀ ਹੋ ਗਏ ਸਨ, ਜਿਨ੍ਹਾਂ 'ਚ ਇਕ ਔਰਤ ਵੀ ਸ਼ਾਮਲ ਸੀ।
ਸਰਪੰਚੀ ਦੀ ਚੋਣ ਦਾ ਇਕ ਤਰੀਕਾ ਇਹ ਵੀ
ਗਤਕਾ ਖਿਡਾਰੀ ਚੁਣਿਆ ਗਿਆ ਪਿੰਡ ਸੀਚੇਵਾਲ ਦਾ ਸਪਰੰਚ
ਜਲੰਧਰ ਜ਼ਿਲੇ ਦੇ ਪਿੰਡ ਸੀਚੇਵਾਲ ਨੇ ਇਸ ਵਾਰ ਪੰਚਾਇਤੀ ਚੋਣਾਂ 'ਚ ਹੋਰਾਂ ਲਈ ਮਿਸਾਲ ਕਾਇਮ ਕਰਦਿਆਂ ਸੰਗੀਤ 'ਚ ਐੱਮ. ਏ. ਅਤੇ ਐੱਮ. ਫਿਲ ਕਰ ਚੁੱਕੇ ਤੇਜਿੰਦਰ ਸਿੰਘ (27) ਨੂੰ ਆਪਣਾ ਸਰਪੰਚ ਚੁਣਿਆ ਹੈ। ਪਿੰਡ ਵਾਸੀਆਂ ਨੇ ਇਹ ਚੋਣ ਵੀ ਕੁਝ ਆਗੂਆ ਦੀ ਮਰਜ਼ੀ ਨਾਲ ਨਹੀਂ ਕੀਤੀ, ਸਗੋਂ ਇਸ ਚੋਣ ਲਈ ਪਿੰਡ 'ਚ ਕਈ ਸੱਥਾਂ ਦਾ ਆਯੋਜਨ ਕੀਤਾ ਗਿਆ। ਅਜਿਹੀ ਸੱਥ ਦੇ ਆਯੋਜਨ ਵਿਚ ਪਿੰਡ ਦੇ ਲੋਕ ਵਾਰਡ ਵਾਰ ਸ਼ਾਮਲ ਹੁੰਦੇ ਸਨ। ਸੱਥ 'ਚ ਸ਼ਾਮਲ ਲੋਕਾਂ ਨੂੰ ਪੁੱਛਿਆ ਜਾਂਦਾ ਕਿ ਜਿਸ ਦੀ ਵੀ ਪੰਚ ਜਾਂ ਸਰਪੰਚ ਬਣਨ ਦੀ ਇੱਛਾ ਹੈ, ਉਹ ਆਪਣਾ ਏਜੰਡਾ ਤੇ ਆਪਣੀ ਯੋਗਤਾ ਪਿੰਡ ਦੇ ਲੋਕਾਂ 'ਚ ਰੱਖੇ। ਜਿਸ ਪਿੱਛੋਂ ਹੀ ਤੇਜਿੰਦਰ ਨੂੰ ਪਿੰਡ ਦਾ ਸਰਪੰਚ ਚੁਣਿਆ ਗਿਆ। ਇਸ ਪਿੰਡ ਨੂੰ ਸਰਬਸੰਮਤੀ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ 2 ਲੱਖ ਅਤੇ ਨਿਰਮਲ ਕੁਟੀਆ ਸੀਚੇਵਾਲ ਵਲੋਂ ਤਿੰਨ ਲੱਖ ਰੁਪਏ ਦੀ ਗਰਾਂਟ ਦਿੱਤੀ ਜਾਣੀ ਹੈ।
ਮੋਗਾ ਦੇ 2 ਪਿੰਡਾਂ 'ਚ ਨਹੀਂ ਚੁਣੀ ਜਾਵੇਗੀ ਪੰਚਾਇਤ
ਮੋਗਾ ਜ਼ਿਲੇ ਅਧੀਨ ਪੈਂਦੇ ਪਿੰਡ ਸੇਖਾ ਕਲਾਂ ਅਤੇ ਸੇਖਾ ਮੇਹਰ ਸਿੰਘ ਵਾਲਾ ਵਿਖੇ ਪੰਚਾਇਤੀ ਚੋਣਾਂ ਨਹੀਂ ਹੋਣਗੀਆਂ। ਦਰਅਸਲ ਇਨ੍ਹਾਂ ਦੋਵਾਂ ਪਿੰਡਾਂ ਦੇ ਆਪਸ 'ਚ ਇਕ ਹੋਣ ਸਬੰਧੀ ਅਦਾਲਤ 'ਚ ਕੇਸ ਚੱਲ ਰਿਹਾ ਹੈ। ਜਿਸ ਕਾਰਨ ਇਨ੍ਹਾਂ ਪਿੰਡਾਂ 'ਚ ਪੰਚਾਇਤੀ ਚੋਣਾਂ ਨਹੀਂ ਹੋਣਗੀਆਂ। ਐੱਸ. ਡੀ. ਐੱਮ. ਬਾਘਾਪੁਰਾਣਾ ਸਵਰਨਜੀਤ ਕੌਰ ਮੁਤਾਬਕ ਇਨ੍ਹਾਂ ਪਿੰਡਾਂ ਬਾਰੇ ਮਾਣਯੋਗ ਅਦਾਲਤ ਜਦੋਂ ਤੱਕ ਕੋਈ ਫੈਸਲਾ ਨਹੀਂ ਕਰ ਦਿੰਦੀ, ਉਦੋਂ ਤੱਕ ਇਹ ਚੋਣ ਨਹੀਂ ਹੋਵੇਗੀ।
ਦਸੂਹਾ: ਬੇਕਾਬੂ ਬੱਸ ਦਰੱਖਤ ਨਾਲ ਟਕਰਾਈ, ਡਰਾਈਵਰ ਦੀ ਮੌਤ
NEXT STORY