ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਬਲਾਕ ਅਧੀਨ ਪੈਂਦੇ ਪਿੰਡ ਬਰਮਾ ਦੀ 17 ਏਕੜ ਪੰਚਾਇਤੀ ਜ਼ਮੀਨ ਦੀ ਬੋਲੀ ਵਿਚ ਘਪਲੇਬਾਜ਼ੀ ਦੇ ਦੋਸ਼ਾਂ ਨੂੰ ਲੈ ਕੇ ਅੱਜ ਪੰਚਾਇਤ ਦਫ਼ਤਰ ਵਿਖੇ ਮਾਹੌਲ ਗਰਮਾ ਗਿਆ ਜਿੱਥੇ ਸਰਪੰਚ, ਪੰਚਾਇਤ ਸਕੱਤਰ ਇਕ ਪਾਸੇ ਅਤੇ ਕਾਸ਼ਤਕਾਰ ਤੇ 4 ਪੰਚਾਇਤ ਮੈਂਬਰ ਦੂਜੀ ਧਿਰ ਵਜੋਂ ਆਹਮੋ-ਸਾਹਮਣੇ ਦਿਖਾਈ ਦਿੱਤੇ। ਪਿੰਡ ਦੀ ਪੰਚਾਇਤੀ ਜ਼ਮੀਨ ’ਤੇ ਕਾਸ਼ਤ ਕਰ ਰਿਹਾ ਕਿਸਾਨ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਵਾਰ ਪਿੰਡ ਬਰਮਾ ਦੀ ਪੰਚਾਇਤੀ ਜ਼ਮੀਨ ਦੀ ਨਵੀਂ ਬੋਲੀ ਸਬੰਧੀ ਉਸ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਅਤੇ ਉਸਨੇ ਪੰਚਾਇਤ ਸਕੱਤਰ ’ਤੇ ਦੋਸ਼ ਲਗਾਇਆ ਕਿ ਬੋਲੀ ਵਿਚ ਮਿਲੀਭੁਗਤ ਕਰਕੇ ਵੱਡੀ ਘਪਲੇਬਾਜ਼ੀ ਕੀਤੀ ਗਈ ਹੈ। ਕਿਸਾਨ ਨੇ ਦੱਸਿਆ ਕਿ ਉਸਨੇ ਪੰਚਾਇਤ ਸਕੱਤਰ ਨੂੰ ਕਈ ਵਾਰ ਫੋਨ ’ਤੇ ਪੁੱਛਿਆ ਕਿ ਉਹ ਪਹਿਲਾਂ ਪੰਚਾਇਤੀ ਜ਼ਮੀਨ ’ਤੇ ਕਾਸ਼ਤ ਕਰ ਰਿਹਾ ਹੈ ਅਤੇ ਇਸ ਵਾਰ ਵੀ ਉਹ ਪੰਚਾਇਤੀ ਜ਼ਮੀਨ ਲੈਣ ਦਾ ਇਛੁੱਕ ਹੈ, ਇਸ ਲਈ ਜਦੋਂ ਵੀ ਪੰਚਾਇਤੀ ਬੋਲੀ ਹੋਵੇ ਉਸ ਨੂੰ ਜ਼ਰੂਰ ਸੂਚਿਤ ਕੀਤਾ ਜਾਵੇ।
ਕਿਸਾਨ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਉਹ ਪਿਛਲੇ ਸਾਲ ਨਾਲੋਂ ਸਰਕਾਰ ਦੇ ਨਿਯਮਾਂ ਅਨੁਸਾਰ 20 ਤੋਂ 30 ਫੀਸਦੀ ਵੱਧ ਭਾਅ ’ਤੇ ਪੰਚਾਇਤੀ ਜ਼ਮੀਨ ਦੀ ਬੋਲੀ ਲੈਣ ਨੂੰ ਤਿਆਰ ਹੈ ਪਰ ਪੰਚਾਇਤ ਸਕੱਤਰ ਨੇ ਨਿਯਮਾਂ ਦੇ ਉਲਟ ਜਾ ਕੇ ਦੋ ਵਾਰ ਚੁੱਪ-ਚਪੀਤੇ ਬੋਲੀ ਰੱਦ ਕਰਕੇ ਸਿਰਫ 5 ਫੀਸਦੀ ਵਾਧੇ ’ਤੇ ਜ਼ਮੀਨ ਦੀ ਬੋਲੀ ਕਿਸੇ ਹੋਰ ਵਿਅਕਤੀ ਨੂੰ ਠੇਕੇ ’ਤੇ ਦੇ ਦਿੱਤੀ। ਕਿਸਾਨ ਨੇ ਕਿਹਾ ਕਿ ਪਿੰਡ ਵਿਚ 7 ਪੰਚਾਇਤ ਮੈਂਬਰ ਹਨ ਅਤੇ 4 ਪੰਚਾਇਤ ਮੈਂਬਰ ਜੋ ਪਿੰਡ ਵਿਚ ਹੀ ਰਹਿੰਦੇ ਹਨ, ਉਨ੍ਹਾਂ ਨੂੰ ਵੀ ਨਹੀਂ ਪਤਾ ਕਿ ਪੰਚਾਇਤ ਦੀ ਬੋਲੀ 2 ਵਾਰ ਪਹਿਲਾਂ ਕਦੋਂ ਰੱਦ ਹੋਈ ਅਤੇ ਤੀਜੀ ਵਾਰ ਕਦੋਂ 5 ਫੀਸਦੀ ਵਾਧੇ ’ਤੇ ਦੇ ਦਿੱਤੀ ਗਈ। ਕਿਸਾਨ ਕੁਲਵਿੰਦਰ ਸਿੰਘ ਨੇ ਪੰਚਾਇਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਲਿਖਤੀ ਰੂਪ ਵਿਚ ਸ਼ਿਕਾਇਤ ਦੇ ਕੇ ਮੰਗ ਕੀਤੀ ਕਿ ਪੰਚਾਇਤੀ ਜ਼ਮੀਨ ਵਿਚ ਹੋਈ ਘਪਲੇਬਾਜ਼ੀ ਦੀ ਜਾਂਚ ਕਰਵਾਈ ਜਾਵੇ ਅਤੇ ਜੇਕਰ ਕਿਸੇ ਅਧਿਕਾਰੀ ਦੀ ਮਿਲੀਭੁਗਤ ਹੈ ਤਾਂ ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਉਹ 17 ਏਕੜ ਪੰਚਾਇਤੀ ਜ਼ਮੀਨ 5 ਫੀਸਦੀ ਦੀ ਬਜਾਏ ਪਿਛਲੇ ਸਾਲ ਨਾਲੋਂ 25 ਤੋਂ 30 ਫੀਸਦੀ ਵਾਧੇ ’ਤੇ ਲੈਣ ਲਈ ਤਿਆਰ ਹਨ ਜਿਸ ਨਾਲ ਪੰਚਾਇਤ ਦਾ ਮਾਲੀਆ ਵੀ ਵਧੇਗਾ। ਉਨ੍ਹਾਂ ਕਿਹਾ ਕਿ ਪਿੰਡ ਵਿਚ ਅਨਾਊਂਸਮੈਂਟ ਕਰਵਾ ਕੇ ਖੁੱਲ੍ਹੀ ਬੋਲੀ ਕਰਵਾਈ ਜਾਵੇ ਨਾ ਕਿ ਪਹਿਲਾਂ ਜੋ ਚੁੱਪ ਚਪੀਤੇ ਕਰਵਾਈ ਹੈ ਉਸ ਨੂੰ ਰੱਦ ਕੀਤਾ ਜਾਵੇ।
ਚਾਰ ਪੰਚਾਇਤ ਮੈਂਬਰਾਂ ਨੇ ਕਿਹਾ ਕਿ ਅਸੀਂ ਪਿੰਡ ਵਿਚ ਰਹਿੰਦੇ, ਸਾਨੂੰ ਨਹੀਂ ਪਤਾ ਬੋਲੀ ਕਦੋਂ ਹੋਈ
ਪਿੰਡ ਬਰਮਾ ਦੇ ਚਾਰ ਪੰਚਾਇਤ ਮੈਂਬਰ ਤਰਸੇਮ ਸਿੰਘ, ਮਨਪ੍ਰੀਤ ਸਿੰਘ, ਕੁਲਦੀਪ ਕੌਰ, ਅਮਰਜੀਤ ਕੌਰ ਨੇ ਕਿਹਾ ਕਿ ਅਸੀਂ ਪਿੰਡ ਵਿਚ ਰਹਿੰਦੇ ਹਾਂ। ਪੰਚਾਇਤੀ ਜ਼ਮੀਨ ਦੀ ਬੋਲੀ ਸਬੰਧੀ ਨਾ ਕੋਈ ਅਨਾਊਂਸਮੈਂਟ ਕਰਵਾਈ ਗਈ ਅਤੇ ਨਾ ਹੀ ਸਾਨੂੰ ਸੂਚਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੋ 2 ਵਾਰ ਪਹਿਲਾਂ ਪੰਚਾਇਤੀ ਬੋਲੀ ਰੱਦ ਹੋਈ ਉਸ ਬਾਰੇ ਵੀ ਸਾਨੂੰ ਸੂਚਨਾ ਨਹੀਂ। ਪੰਚਾਇਤ ਮੈਂਬਰਾਂ ਨੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦੇ ਕੇ ਮੰਗ ਕੀਤੀ ਕਿ ਇਹ ਬੋਲੀ ਦੁਬਾਰਾ ਖੁੱਲ੍ਹੇ ਤੌਰ ’ਤੇ ਕਰਵਾਈ ਜਾਵੇ ਅਤੇ ਇਸ ਘਪਲੇਬਾਜ਼ੀ ਦੀ ਜਾਂਚ ਕੀਤੀ ਜਾਵੇ।
ਨਿਯਮਾਂ ਅਨੁਸਾਰ ਹੋਈ ਪੰਚਾਇਤੀ ਜ਼ਮੀਨ ਦੀ ਬੋਲੀ : ਪੰਚਾਇਤ ਸਕੱਤਰ
ਪਿੰਡ ਬਰਮਾ ਦੇ ਪੰਚਾਇਤ ਸਕੱਤਰ ਕੁਲਦੀਪ ਸਿੰਘ ਨੇ ਕਿਹਾ ਕਿ ਜੋ ਪੰਚਾਇਤੀ ਜ਼ਮੀਨ ਦੀ ਬੋਲੀ ਹੋਈ ਹੈ ਉਹ ਬਿਲਕੁਲ ਨਿਯਮਾਂ ਅਨੁਸਾਰ ਜਿਸ ਦੀ ਬਕਾਇਆ ਵੀਡੀਓਗ੍ਰਾਫ਼ੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਚਾਇਤ ਮੈਂਬਰਾਂ ਨੂੰ ਸੂਚਿਤ ਕਰਨਾ ਜਾਂ ਅਨਾਊਂਸਮੈਂਟ ਕਰਵਾਉਣਾ ਇਹ ਪਿੰਡ ਚੌਂਕੀਦਾਰ ਤੇ ਪੰਚਾਇਤ ਦਾ ਕੰਮ ਹੈ। ਉਨ੍ਹਾਂ ਕਿਹਾ ਕਿ ਨਿਯਮਾਂ ਅਨੁਸਾਰ 20 ਫੀਸਦੀ ਵਾਧੇ ’ਤੇ ਬੋਲੀ ਦਿੱਤੀ ਜਾਣੀ ਸੀ ਪਰ 2 ਵਾਰ ਕੋਈ ਬੋਲੀ ਦੇਣ ਨਹੀਂ ਆਇਆ ਇਸ ਲਈ ਘਟਾ ਕੇ 10 ਫੀਸਦੀ ਵਾਧੇ ’ਤੇ ਦੇ ਦਿੱਤੀ ਗਈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਕ ਪਾਸੇ ਪੰਚਾਇਤ ਸਕੱਤਰ ਕਹਿ ਰਿਹਾ ਹੈ ਕਿ 2 ਵਾਰ ਪੰਚਾਇਤੀ ਜ਼ਮੀਨ ਦੀ ਬੋਲੀ ਦੇਣ ਕੋਈ ਨਹੀਂ ਆਇਆ ਅਤੇ ਦੂਸਰੇ ਪਾਸੇ ਪਹਿਲਾਂ ਜਮੀਨ ਦੀ ਕਾਸ਼ਤ ਕਰ ਰਿਹਾ ਕਿਸਾਨ ਕੁਲਵਿੰਦਰ ਸਿੰਘ ਕਹਿ ਰਿਹਾ ਹੈ ਕਿ ਉਹ 25 ਤੋਂ 30 ਫੀਸਦੀ ਵਾਧੇ ’ਤੇ ਜਮੀਨ ਲੈਣ ਨੂੰ ਤਿਆਰ ਹੈ ਜਿਸ ਸਬੰਧੀ ਉਸਨੇ ਕਈ ਵਾਰ ਪੰਚਾਇਤ ਸਕੱਤਰ ਨੂੰ ਕਿਹਾ ਸੀ ਕਿ ਉਹ ਇਸ ਵਾਰ ਫਿਰ ਉਹ ਜਮੀਨ ਲੈਣ ਦਾ ਇਛੁੱਕ ਹੈ ਅਤੇ ਜਦੋਂ ਵੀ ਬੋਲੀ ਹੋਵੇ ਤਾਂ ਉਸ ਨੂੰ ਸੂਚਿਤ ਕੀਤਾ ਜਾਵੇ। ਜੇਕਰਪੰਚਾਇਤ ਵਿਭਾਗ ਦੇ ਉੱਚ ਅਧਿਕਾਰੀ ਮਾਮਲੇ ਦੀ ਬਰੀਕੀ ਨਾਲ ਜਾਂਚ ਕਰਨ ਤਾਂ ਇਸ ਵਿਚ ਕੌਣ ਸੱਚਾ ਕੌਣ ਝੂਠਾ ਅਤੇ ਕਿੱਥੇ ਘਪਲੇਬਾਜ਼ੀ ਹੋਈ ਹੈ ਜਾਂ ਨਹੀਂ ਸਭ ਕੁਝ ਸਾਹਮਣੇ ਆ ਸਕਦਾ ਹੈ।
ਸਰਪੰਚ ਨੇ ਪੰਚਾਇਤ ਮੈਂਬਰਾਂ ਤੇ ਕਾਸ਼ਤਕਾਰ ਵਲੋਂ ਲਗਾਏ ਦੋਸ਼ ਨਕਾਰੇ
ਪਿੰਡ ਬਰਮਾ ਦੇ ਸਰਪੰਚ ਮਨਦੀਪ ਸਿੰਘ ਨੇ ਕਿਹਾ ਕਿ ਜੋ ਪੰਚਾਇਤ ਮੈਂਬਰ ਤੇ ਕਾਸ਼ਤਕਾਰ ਨੇ ਜੋ ਦੋਸ਼ ਲਗਾਏ ਹਨ ਉਹ ਬਿਲਕੁਲ ਬੇਬੁਨਿਆਦ ਹਨ। ਉਸਨੇ ਕਿਹਾ ਕਿ ਪਿੰਡ ਦੇ 4 ਪੰਚਾਇਤ ਮੈਂਬਰ ਉਸਦੀ ਵਿਰੋਧੀ ਧਿਰ ਨਾਲ ਸਬੰਧ ਰੱਖਦੇ ਹਨ ਅਤੇ ਵਿਕਾਸ ਕਾਰਜਾਂ ਵਿਚ ਵੀ ਰੁਕਾਵਟ ਪਾਉਂਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਵੀ ਪੰਚਾਇਤ ਦੀ ਕੋਈ ਮੀਟਿੰਗ ਬੁਲਾਈ ਜਾਂਦੀ ਹੈ ਤਾਂ ਇਹ ਸ਼ਾਮਲ ਨਹੀਂ ਹੁੰਦੇ। ਉਨ੍ਹਾਂ ਕਿਹਾ ਕਿ ਪਿੰਡ ਦੀ ਪੰਚਾਇਤੀ ਜਮੀਨ ਦੀ ਬੋਲੀ, ਵਿਕਾਸ ਕਾਰਜਾਂ ਅਤੇ ਹੋਰ ਕੰਮਾਂ ਸਬੰਧੀ ਇਨ੍ਹਾਂ 4 ਪੰਚਾਂ ਨੂੰ ਸੂਚਿਤ ਕਰਨ ਲਈ ਚੌਂਕੀਦਾਰ ਹੱਥੀਂ ਦੋ ਵਾਰ ਏਜੰਡਾ ਭੇਜਿਆ ਗਿਆ ਸੀ ਪਰ ਇਨ੍ਹਾਂ ਪੰਚਾਇਤ ਮੈਂਬਰਾਂ ਨੇ ਉਹ ਨਹੀਂ ਲਿਆ। ਸਰਪੰਚ ਨੇ ਕਿਹਾ ਕਿ ਪੰਚਾਇਤੀ ਜਮੀਨ ਦੀ ਬੋਲੀ ਬਿਲਕੁਲ ਨਿਯਮਾਂ ਅਨੁਸਾਰ ਹੋਈ ਹੈ ਜਿਸ ਵਿਚ ਕੋਈ ਘਪਲੇਬਾਜ਼ੀ ਨਹੀਂ ਹੋਈ। ਸਰਪੰਚ ਨੇ ਕਿਹਾ ਕਿ ਵਿਰੋਧੀ ਧਿਰ ਦੇ ਪੰਚਾਇਤ ਮੈਂਬਰ ਉਸ ਨੂੰ ਜਾਣਬੁੱਝ ਕੇ ਪ੍ਰੇਸ਼ਾਨ ਕਰ ਰਹੇ ਹਨ ਜਿਸ ਸਬੰਧੀ ਉਹ ਕਾਨੂੰਨੀ ਕਾਰਵਾਈ ਕਰਨਗੇ।
ਲੁਧਿਆਣਾ ਵੈਸਟ ਜ਼ਿਮਨੀ ਚੋਣ: ਸੱਟਾ ਬਾਜ਼ਾਰ ’ਚ ਵੀ ਸੰਜੀਵ ਅਰੋੜਾ ਦਾ ਹੀ ਬੋਲਬਾਲਾ
NEXT STORY