ਗੜ੍ਹਸ਼ੰਕਰ (ਜ. ਬ.)— ਸ੍ਰੀ ਅਨੰਦਪੁਰ ਸਾਹਿਬ ਰੋਡ 'ਤੇ 2 ਲੁਟੇਰਿਆਂ ਨੇ ਇਕ ਮਹਿਲਾ ਪੰਚਾਇਤ ਸਕੱਤਰ ਨੂੰ ਆਪਣਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕੀਤੀ, ਪਰ ਉਸ ਵੱਲੋਂ ਦਿਖਾਈ ਦਲੇਰੀ ਕਾਰਨ ਲੁਟੇਰੇ ਆਪਣੀ ਯੋਜਨਾ ਵਿਚ ਕਾਮਯਾਬ ਨਹੀਂ ਹੋ ਸਕੇ। ਲੋਕਾਂ ਦੇ ਸਹਿਯੋਗ ਨਾਲ ਇਕ ਲੁਟੇਰੇ ਨੂੰ ਮੌਕੇ 'ਤੇ ਹੀ ਫੜ ਕੇ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਬਲਾਕ ਸੜੋਆ 'ਚ ਨਿਯੁਕਤ ਮਹਿਲਾ ਪੰਚਾਇਤ ਸਕੱਤਰ ਮਨਜੀਤ ਕੌਰ ਸਵੇਰੇ ਲਗਭਗ 10 ਵਜੇ ਆਪਣੇ ਐਕਟਿਵਾ 'ਤੇ ਗੜ੍ਹਸ਼ੰਕਰ ਤੋਂ ਸੜੋਆ ਜਾ ਰਹੀ ਸੀ। ਜਦੋਂ ਉਹ ਜੀ. ਟੀ. ਰੋਡ 'ਤੇ ਪਿੰਡ ਰੋਡ ਮਜਾਰਾ ਨੇੜੇ ਜਾ ਰਹੀ ਸੀ ਤਾਂ ਪਹਿਲਾਂ ਤੋਂ ਹੀ ਸੜਕ 'ਤੇ ਖੜੇ੍ਹ 2 ਮੋਟਰਸਾੲੀਕਲ ਸਵਾਰ ਨੌਜਵਾਨਾਂ ਨੇ ਉਸ ਦਾ ਪਿੱਛਾ ਕੀਤਾ। ਮੋਟਰਸਾੲੀਕਲ ਪਿੱਛੇ ਬੈਠੇ ਲੁਟੇਰੇ ਨੇ ਮਨਜੀਤ ਕੌਰ ਦਾ ਪਰਸ ਝਪਟ ਲਿਆ। ਲੁਟੇਰਿਆਂ ਲੁੱਟ ਉਪਰੰਤ ਮੋਟਰਸਾਈਕਲ ਭਜਾ ਲਿਆ। ਮਨਜੀਤ ਕੌਰ ਨੇ ਦਲੇਰੀ ਦਿਖਾਉਂਦਿਆਂ ਐਕਟਿਵਾ ਲੁਟੇਰਿਆਂ ਪਿੱਛੇ ਲਾ ਲਿਆ ਅਤੇ ਕਰੀਬ 2 ਕਿਲੋਮੀਟਰ ਤਕ ਰੌਲਾ ਪਾਉਂਦਿਆਂ ਉਹ ਲੁਟੇਰਿਆਂ ਦਾ ਪਿੱਛਾ ਕਰਦੀ ਰਹੀ। ਆਖਿਰ ਅੱਡਾ ਕੁੱਕੜ ਮਜਾਰਾ 'ਚ ਖੜੇ੍ਹ ਕੁਝ ਲੋਕਾਂ ਨੇ ਉਸ ਦਾ ਰੌਲਾ ਸੁਣ ਕੇ ਲੁਟੇਰਿਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਡਰਦੇ ਹੋਏ ਲੁਟੇਰੇ ਆਪਣਾ ਮੋਟਰਸਾਈਕਲ ਅਤੇ ਪਰਸ ਛੱਡ ਕੇ ਦੌੜ ਪਏ। 1 ਲੁਟੇਰੇ ਬਲਵੀਰ ਸਿੰਘ ਉਰਫ ਮੋਨੂੰ ਨਿਵਾਸੀ ਪਿੰਡ ਬੋੜਾ ਨੂੰ ਲੋਕਾਂ ਨੇ ਫੜ ਕੇ ਪੁਲਸ ਦੇ ਹਵਾਲੇ ਕਰ ਦਿੱਤਾ, ਜਦਕਿ ਦੂਜੇ ਲੁਟੇਰੇ ਦੀ ਪਛਾਣ ਜੱਸੀ ਪਿੰਡ ਨੰਗਲਾਂ ਵਜੋਂ ਹੋਈ ਹੈ, ਜੋ ਫਰਾਰ ਹੈ। ਪੁਲਸ ਨੇ ਮੋਟਰਸਾਈਕਲ ਅਤੇ ਕਾਬੂ ਲੁਟੇਰੇ ਨੂੰ ਹਿਰਾਸਤ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸੰਪਰਕ ਕਰਨ 'ਤੇ ਏ. ਐੱਸ. ਆਈ. ਦਰਸ਼ਨ ਲਾਲ ਨੇ ਦੱਸਿਆ ਕਿ ਮੋਟਰਸਾਈਕਲ ਅਤੇ 1 ਲੁਟੇਰਾ ਪੁਲਸ ਦੀ ਹਿਰਾਸਤ 'ਚ ਹਨ। ਮੁੱਦਈ ਪਾਰਟੀ ਦੇ ਬਿਆਨਾਂ 'ਤੇ ਕਾਰਵਾਈ ਕਰ ਦਿੱਤੀ ਜਾਵੇਗੀ। ਪੂਰੇ ਇਲਾਕੇ 'ਚ ਮਹਿਲਾ ਪੰਚਾਇਤ ਸਕੱਤਰ ਦੀ ਹਿੰਮਤ ਅਤੇ ਦਲੇਰੀ ਦੀ ਚਰਚਾ ਜ਼ੋਰਾਂ 'ਤੇ ਹੈ। ਮਨਜੀਤ ਕੌਰ ਨੇ ਦੱਸਿਆ ਕਿ ਪਰਸ 'ਚ 3 ਹਜ਼ਾਰ ਰੁਪਏ ਅਤੇ ਕੁਝ ਜ਼ਰੂਰੀ ਕਾਗਜ਼-ਪੱਤਰ ਸਨ, ਜੋ ਉਸ ਨੂੰ ਮਿਲ ਗਏ ਹਨ।
ਦੁਕਾਨ ਦਾ ਸ਼ਟਰ ਤੋਡ਼ ਕੇ ਕੀਤੀ ਚੋਰੀ
NEXT STORY