ਬਠਿੰਡਾ(ਬਿਊਰੋ)— ਭਾਰਤ ਸਰਕਾਰ ਵਲੋਂ ਸਿੱਖ ਭਾਈਚਾਰੇ ਲਈ ਇਕ ਵੱਡੀ ਖਬਰ ਆਈ ਹੈ। ਤੁਹਾਨੂੰ ਦੱਸ ਦੇਈਏ ਕਿ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਮੇਤ 5 ਅਕਾਲ ਤਖਤਾਂ ਨੂੰ ਜੋੜਨ ਵਾਲੀ ਸਪੈਸ਼ਲ ਟਰੇਨ 14 ਜਨਵਰੀ ਤੋਂ ਸ਼ੁਰੂ ਹੋਵੇਗੀ। ਇਹ ਟਰੇਨ 'ਪੰਜ ਤਖਤ ਐੱਕਸਪ੍ਰੈਸ' ਨਾਂ ਤੋਂ ਚਲਾਈ ਜਾਏਗੀ। ਇਹ ਜਾਣਕਾਰੀ ਖੁਦ ਰੇਲ ਮੰਤਰੀ ਪਿਊਸ਼ ਗੋਇਲ ਨੇ ਦਿੱਤੀ ਹੈ। ਗੋਇਲ ਨੇ ਕੇਂਦਰ ਸਰਕਾਰ ਵਿਚ ਸਿੱਖ ਭਾਈਚਾਰੇ ਦੀ ਨੁਮਾਇੰਦਗੀ ਕਰ ਰਹੀ ਬਠਿੰਡਾ ਤੋਂ ਸੰਸਦ ਮੈਂਬਰ ਅਤੇ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਇਸ ਸਬੰਧ ਵਿਚ ਬੀਤੇ ਦਿਨੀਂ ਚਿੱਠੀ ਲਿਖੀ ਹੈ। ਇਸ ਸਪੈਸ਼ਲ ਟਰੇਨ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਤੋਹਫੇ ਦੇ ਰੂਪ ਵਿਚ ਮੰਨਿਆ ਜਾ ਰਿਹਾ ਹੈ। ਦਿੱਲੀ ਦੇ ਸਫਦਰਜੰਗ ਤੋਂ ਚੱਲ ਕੇ ਇਹ ਟਰੇਨ ਪੰਜਾਂ ਤਖਤਾਂ (ਸ੍ਰੀ ਅਕਾਲ ਤਖਤ ਸਾਹਿਬ, ਤਖਤ ਸ੍ਰੀ ਦਮਦਮਾ ਸਾਹਿਬ, ਤਖਤ ਸ੍ਰੀ ਆਨੰਦਪੁਰ ਸਾਹਿਬ, ਤਖਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਅਤੇ ਤਖਤ ਸ੍ਰੀ ਪਟਨਾ ਸਾਹਿਬ) ਨੂੰ ਜੋੜਦੀ ਹੋਈ 10 ਦਿਨ ਅਤੇ 9 ਰਾਤਾਂ ਤੋਂ ਬਾਅਦ ਆਪਣਾ ਰੂਟ ਕਵਰ ਕਰੇਗੀ।
ਰੇਲ ਮੰਤਰੀ ਦੇ ਪੱਤਰ ਮੁਤਾਬਕ 14 ਜਨਵਰੀ 2019 ਨੂੰ ਦਿੱਲੀ ਦੇ ਸਫਦਰਜੰਗ ਤੋਂ ਚੱਲਣ ਵਾਲੀ ਇਸ ਥ੍ਰੀ-ਟੀਅਰ ਏ.ਸੀ. ਟਰੇਨ ਵਿਚ ਕੁੱਲ 800 ਸੀਟਾਂ ਹੋਣਗੀਆਂ। ਟਿਕਟ ਆਈ.ਆਰ.ਸੀ.ਟੀ.ਸੀ. ਦੀ ਵੈੱਬਸਾਈਟ 'ਤੇ ਆਨਲਾਈਨ ਅਤੇ ਆਫਲਾਈਨ ਵਿਚ ਉਸ ਨਾਲ ਸਬੰਧਤ ਸੈਂਟਰਾਂ 'ਤੇ ਬੁੱਕ ਕੀਤੀ ਜਾ ਸਕੇਗੀ, ਜਿਸ ਦਾ ਖਰਚ 15, 750 ਰੁਪਏ ਹੋਵੇਗਾ। ਇਸ ਤੋਂ ਇਲਾਵਾ ਇਸ ਟਰੇਨ ਵਿਚ ਸਵੇਰੇ-ਦੁਪਹਿਰ ਅਤੇ ਸ਼ਾਮ ਤਿੰਨਾਂ ਸਮੇਂ ਸ਼ੁੱਧ ਸ਼ਾਕਾਹਾਰੀ ਖਾਣਾ ਉਪਲਬੱਧ ਹੋਵੇਗਾ।
ਇਹ ਰਹੇਗਾ ਰੂਟ ਪਲਾਨ :
ਦਿੱਲੀ ਦੇ ਸਫਦਰਜੰਗ ਰੇਲਵੇ ਸਟੇਸ਼ਨ ਤੋਂ ਸ਼ੁਰੂ ਹੋ ਕੇ ਇਹ ਟਰੇਨ ਸਭ ਤੋਂ ਪਹਿਲਾਂ ਨਾਂਦੇੜ ਦੇ ਹਜ਼ੂਰ ਸਾਹਿਬ ਦੇ ਦਰਸ਼ਨ ਕਰਾਏਗੀ। ਇੱਥੇ ਸ਼ਰਧਾਲੂ ਇਕ ਦਿਨ ਅਤੇ ਇਕ ਰਾਤ ਰੁੱਕ ਸਕਣਗੇ। ਅਗਲੇ ਦਿਨ ਟਰੇਨ ਪਟਨਾ ਸਾਹਿਬ ਪਹੁੰਚੇਗੀ ਅਤੇ ਫਿਰ ਉਥੋਂ ਸ੍ਰੀ ਆਨੰਦਪੁਰ ਸਾਹਿਬ। ਇਸ ਤੋਂ ਬਾਅਦ ਅੰਮ੍ਰਿਤਸਰ ਵਿਚ ਅਕਾਲ ਤਖਤ ਸਾਹਿਬ ਦੇ ਦਰਸ਼ਨ ਹੋਣਗੇ। ਅੰਤ ਵਿਚ ਸ਼ਰਧਾਲੂ ਸ੍ਰੀ ਦਮਦਮਾ ਸਾਹਿਬ ਦੇ ਦਰਸ਼ਨ ਕਰ ਸਕਣਗੇ।
ਕੋਹਰੇ ਨਾਲ ਨਜਿੱਠਣ ਲਈ ਰੇਲਵੇ ਨੇ ਸ਼ੁਰੂ ਕੀਤੀਆਂ ਤਿਆਰੀਆਂ
NEXT STORY