ਲਹਿਰਾਗਾਗਾ(ਗਰਗ, ਜਿੰਦਲ)- ਪਿਛਲੇ ਦਿਨੀਂ ਪਿੰਡ ਬਖੋਰਾ ਦੇ ਕਿਸਾਨਾਂ 'ਤੇ ਪਰਾਲੀ ਸਾੜਨ ਕਰ ਕੇ ਪ੍ਰਸ਼ਾਸਨ ਵੱਲੋਂ ਦਰਜ ਕੀਤੇ ਗਏ ਕੇਸਾਂ ਦੇ ਵਿਰੋਧ 'ਚ ਸਾਬਕਾ ਵਿੱਤ ਮੰਤਰੀ ਤੇ ਹਲਕਾ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਹਾਅ ਦਾ ਨਾਅਰਾ ਮਾਰਦਿਆਂ ਪੀੜਤ ਕਿਸਾਨਾਂ ਦੇ ਘਰ ਜਾ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਤੇ ਵਿਸ਼ਵਾਸ ਦਿਵਾਇਆ ਕਿ ਅਕਾਲੀ ਦਲ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰੇਗਾ । ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਢੀਂਡਸਾ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਪ੍ਰਸ਼ਾਸਨ ਨੇ ਇਕ ਅਜਿਹੇ ਕਿਸਾਨ ਵਿਰੁੱਧ ਕੇਸ ਦਰਜ ਕੀਤਾ ਹੈ, ਜੋ ਅਧਰੰਗ ਤੋਂ ਪੀੜਤ ਹੈ ਅਤੇ ਅਪਾਹਜ ਹੈ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਦਰਜ ਕੀਤੇ ਕੇਸ ਝੂਠੇ ਹਨ। ਉਨ੍ਹਾਂ ਸੂਬਾ ਸਰਕਾਰ ਨੂੰ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਪਰਾਲੀ ਸਾੜਨ 'ਤੇ ਕੇਸ ਦਰਜ ਕਰਨੇ ਜਾਰੀ ਰੱਖੇ ਤਾਂ ਅਕਾਲੀ ਦਲ ਸੂਬਾ ਪੱਧਰੀ ਸੰਘਰਸ਼ ਸ਼ੁਰੂ ਕਰੇਗਾ । ਕਾਂਗਰਸ ਸਰਕਾਰ ਜਾਣਬੁੱਝ ਕੇ ਕਿਸਾਨਾਂ ਦੇ ਮਸਲੇ ਹੱਲ ਨਹੀਂ ਕਰ ਰਹੀ । ਕਰਜ਼ ਮੁਆਫੀ 'ਤੇ ਜਾਰੀ ਨੋਟੀਫਿਕੇਸ਼ਨ ਸਬੰਧੀ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਖੇਤੀਬਾੜੀ ਕਰਜ਼ਿਆਂ ਦੇ ਨਾਲ-ਨਾਲ ਲਿਮਟਾਂ ਅਤੇ ਹੋਰ ਕਰਜ਼ਿਆਂ ਨੂੰ ਵੀ ਮੁਆਫ ਕਰਨਾ ਚਾਹੀਦਾ ਹੈ। ਸੂਬਾ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਡੀ.ਏ. ਦੀ ਕਿਸ਼ਤ ਨਾ ਦੇਣ ਦੀ ਨਿਖੇਧੀ ਕਰਦਿਆਂ ਉਨ੍ਹਾਂ ਕਿਹਾ ਕਿ ਪਿਛਲੇ 10 ਮਹੀਨਿਆਂ ਤੋਂ ਕੋਈ ਕਿਸ਼ਤ ਜਾਰੀ ਨਹੀਂ ਕੀਤੀ ਗਈ । ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਬਿਆਨਬਾਜ਼ੀ ਸਾਬਤ ਕਰਦੀ ਹੈ ਕਿ ਸੂਬਾ ਸਰਕਾਰ ਮੁਲਾਜ਼ਮਾਂ ਨੂੰ ਕੁਝ ਨਾ ਦੇਣ ਵਾਲੀ ਹੈ, ਜੇਕਰ ਮਾਰਚ ਅਪ੍ਰੈਲ ਤੱਕ ਪੇ ਕਮਿਸ਼ਨ ਦੀ ਰਿਪੋਰਟ ਲਾਗੂ ਨਾ ਕੀਤੀ ਗਈ ਤਾਂ ਅਕਾਲੀ ਦਲ ਮੁਲਾਜ਼ਮਾਂ ਦਾ ਸਾਥ ਦੇਵੇਗਾ। ਇਸ ਮੌਕੇ ਰਾਮਪਾਲ ਸਿੰਘ ਬੈਹਣੀਵਾਲ, ਸੱੱਤਪਾਲ ਸਿੰਗਲਾ, ਆਸ਼ੂ ਜਿੰਦਲ, ਬਲਾਕ ਸੰਮਤੀ ਦੇ ਚੇਅਰਮੈਨ ਜਸਪਾਲ ਸਿੰਘ ਦੇਹਲਾ, ਸਾਬਕਾ ਚੇਅਰਮੈਨ ਗੁਰਦੀਪ ਸਿੰਘ ਕੋਟੜਾ, ਗੁਰਮੀਤ ਸਿੰਘ ਖਾਈ, ਚਮੇਲਾ ਰਾਮ ਠੇਕੇਦਾਰ, ਗੁਰਮੇਲ ਸਿੰਘ ਮੇਲੀ, ਪਰਮਿੰਦਰ ਅੜਕਵਾਸ, ਢੀਂਡਸਾ ਦੇ ਪੀ.ਏ. ਟੀਟੂ, ਨਿਰੰਜਣ ਸਿੰਘ ਭੁਟਾਲ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ ।
ਮੁੱਖ ਮੰਤਰੀ ਨਾਲ ਵਿਕਰਮ ਚੌਧਰੀ ਨੇ ਕੀਤੀ ਮੁਲਾਕਾਤ
NEXT STORY