ਪਟਿਆਲਾ (ਬਲਜਿੰਦਰ, ਰਾਣਾ)— ਕਈ ਦਹਾਕੇ ਪਹਿਲਾਂ ਪੰਜਾਬ ਦੇ ਮਾਲਵਾ ਇਲਾਕੇ ਦੇ ਵੱਡੇ ਹਿੱਸੇ ਦੀ ਆਰਥਿਕਤਾ ਨੂੰ ਨਵਾਂ ਜੀਵਨ ਦੇਣ ਲਈ ਬਣਾਈ ਗਈ ਭਾਖੜਾ ਨਹਿਰ ਹੁਣ ਪਟਿਆਲਾ ਅਤੇ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਲਈ ਮੌਤ ਦਾ ਖੂਹ ਬਣ ਗਈ ਹੈ। ਭਾਖੜਾ ਨਹਿਰ ਦੇ ਇਕ ਹਿੱਸੇ ਵਿਚ ਕੁਝ ਕਿਲੋਮੀਟਰ ਦਾ ਹੀ ਏਰੀਆ ਆਉਂਦਾ ਹੈ, ਜਿਸ ਵਿਚ ਪਿਛਲੇ 30 ਦਿਨਾਂ ਵਿਚ 25 ਵਿਅਕਤੀਆਂ ਵੱਲੋਂ ਆਤਮ-ਹੱਤਿਆ ਕਰ ਕੇ ਆਪਣੀ ਜੀਵਨ-ਲੀਲਾ ਸਮਾਪਤ ਕਰ ਲਈ ਹੈ। ਇਹ ਅੰਕੜਾ ਨਾਭਾ ਰੋਡ, ਪਸਿਆਣਾ ਰੋਡ ਅਤੇ ਭਾਦਸੋਂ ਰੋਡ ਸਮੇਤ ਕੁੱਲ 25 ਕਿਲੋਮੀਟਰ ਦਾ ਹੈ। ਇੰਨੇ ਘੱਟ ਦਿਨਾਂ ਵਿਚ ਇੰਨੇ ਵਿਅਕਤੀਆਂ ਵੱਲੋਂ ਆਤਮ-ਹੱਤਿਆ ਦੀ ਕੋਸ਼ਿਸ਼ ਕਰਨਾ ਚਿੰਤਾ ਵਿਸ਼ਾ ਹੈ। ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਹ ਅੰਕੜਾ ਲਗਾਤਾਰ ਵਧਦਾ ਜਾ ਰਿਹਾ ਹੈ। ਜਿਹੜੇ ਵਿਅਕਤੀਆਂ ਨੂੰ ਬਚਾਅ ਲਿਆ ਗਿਆ ਹੈ, ਉਨ੍ਹਾਂ ਦੀ ਗਿਣਤੀ ਇਸ ਤੋਂ ਵੀ ਜ਼ਿਆਦਾ ਹੈ। ਅਹਿਮ ਗੱਲ ਇਹ ਹੈ ਇਸ ਤਰ੍ਹਾਂ ਜ਼ਿੰਦਗੀ ਦੀਆਂ ਚੁਣੌਤੀ ਤੋਂ ਭੱਜ ਕੇ ਆਤਮ-ਹੱਤਿਆ ਦਾ ਰਾਹ ਅਖਤਿਆਰ ਕਰਨਾ ਵੱਡੀ ਚਿੰਤਾ ਹੈ।
ਕਤਲ ਕਰ ਕੇ ਭਾਖੜਾ 'ਚ ਸੁੱਟਣ ਦੀਆਂ ਘਟਨਾਵਾਂ ਜ਼ਿਆਦਾ ਵਾਪਰਦੀਆਂ ਹਨ
ਭਾਖੜਾ ਨਹਿਰ ਵਿਚ ਕਦੇ ਕਤਲ ਕਰ ਕੇ ਭਾਖੜਾ ਨਹਿਰ ਵਿਚ ਸੁੱਟਣ ਦੀਆਂ ਘਟਨਾਵਾਂ ਜ਼ਿਆਦਾ ਸਾਹਮਣੇ ਆਉਂਦੀਆਂ ਸਨ। ਪਿਛਲਾ ਰਿਕਾਰਡ ਦੇਖਿਆ ਜਾਵੇ ਤਾਂ ਆਤਮ-ਹੱਤਿਆਵਾਂ ਦਾ ਸਿਲਸਿਲਾ ਕਾਫੀ ਵਧ ਗਿਆ ਹੈ। ਪਿਛਲੇ ਦਿਨਾਂ ਦੇ ਰਿਕਾਰਡ ਮੁਤਾਬਕ ਔਸਤਨ ਰੋਜ਼ਾਨਾ ਇਕ ਤੋਂ 2 ਵਿਅਕਤੀਆਂ ਵੱਲੋਂ ਆਤਮ-ਹੱਤਿਆ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਨ੍ਹਾਂ 'ਚੋਂ ਇਕ ਦੀ ਮੌਤ ਹੋ ਰਹੀ ਹੈ।
ਆਤਮ-ਹੱਤਿਆਵਾਂ ਪਿੱਛੇ ਘਰੇਲੂ ਕਲੇਸ਼
ਆਤਮ-ਹੱਤਿਆਵਾਂ ਦੀਆਂ ਜਿੰਨੀਆਂ ਵੀ ਘਟਨਾਵਾਂ ਸਾਹਮਣੇ ਆਈਆਂ ਹਨ, ਉਨ੍ਹਾਂ ਵਿਚ ਘਰੇਲੂ ਝਗੜੇ ਸਭ ਤੋਂ ਵੱਡਾ ਕਾਰਨ ਹਨ। ਇਨ੍ਹਾਂ ਵਿਚ ਜਾਂ ਤਾਂ ਪਤੀ-ਪਤਨੀ ਨੇ ਝਗੜ ਕੇ ਦੋਵਾਂ 'ਚੋਂ ਇਕ ਨੇ ਆਤਮ-ਹੱਤਿਆ ਦੀ ਕੋਸ਼ਿਸ ਕੀਤੀ ਜਾਂ ਫੇਰ ਬੱਚਿਆਂ ਤੋਂ ਪ੍ਰੇਸ਼ਾਨ ਬਜ਼ੁਰਗ ਮਾਪਿਆਂ ਨੇ ਆਤਮ-ਹੱਤਿਆ ਦੀ ਕੋਸ਼ਿਸ਼ ਕੀਤੀ। ਪਿਛਲੇ ਮਹੀਨੇ ਆਤਮ-ਹੱÎਤਿਆ ਕਰਨ ਵਾਲਿਆਂ ਵਿਚ ਨੌਜਵਾਨ ਵੱਡੀ ਗਿਣਤੀ 'ਚ ਸ਼ਾਮਲ ਹਨ। ਪਟਿਆਲਾ ਦੇ ਪਰਮਵੀਰ ਸਿੰਘ ਨੇ ਆਪਣੀ ਗੱਡੀ ਨੂੰ ਪੂਰੇ ਪਰਿਵਾਰ ਸਮੇਤ ਭਾਖੜਾ ਵਿਚ ਸੁੱਟ ਦਿੱਤਾ ਸੀ। ਸ਼ਹਿਰ ਦੇ ਤੇਜ ਬਾਗ ਕਾਲੋਨੀ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਆਪਣੀ ਪਤਨੀ ਦਾ ਕਤਲ ਕਰ ਕੇ ਉਸ ਨੂੰ ਗੱਡੀ ਸਮੇਤ ਭਾਖੜਾ ਨਹਿਰ ਵਿਚ ਸੁੱਟ ਦਿੱਤਾ ਸੀ। ਮਾਡਲ ਟਾਊਨ ਵਿਚ ਕਿਰਾਏ 'ਤੇ ਰਹਿਣ ਵਾਲੇ ਪ੍ਰਵਾਸੀ ਨੇ ਪਰਿਵਾਰ ਸਮੇਤ ਭਾਖੜਾ ਨਹਿਰ ਵਿਚ ਛਾਲ ਮਾਰ ਦਿੱਤੀ ਸੀ। ਇਸ ਵਿਚ ਪ੍ਰਵਾਸੀ ਅਤੇ ਉਸ ਦੇ 7 ਸਾਲ ਦੇ ਬੱਚੇ ਦੀ ਮੌਤ ਹੋ ਗਈ ਸੀ। ਪਤਨੀ ਅਤੇ ਲੜਕੀ ਨੂੰ ਸੁਰੱਖਿਆ ਕੱਢ ਲਿਆ ਗਿਆ ਸੀ।
ਜਾਨਾਂ ਬਚਾਉਣ ਵਾਲੇ ਗੋਤਾਖੋਰਾਂ ਨੂੰ ਸਰਕਾਰ ਨੇ ਕੀਤਾ ਅਣਗੌਲੇ
ਭਾਖੜਾ ਨਹਿਰ ਵਿਚ ਵਿਖੇ ਤਾਇਨਾਤ ਭੋਲੇ ਸ਼ੰਕਰ ਡਾਈਵਰਜ਼ ਕਲੱਬ ਦੇ ਗੋਤਾਖੋਰ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਂਦੇ ਹਨ। ਸਰਕਾਰ ਵੱਲੋਂ ਉਨ੍ਹਾਂ ਨੂੰ ਕੋਈ ਸਹਾਇਤਾ ਨਹੀਂ ਦਿੱਤੀ ਜਾ ਰਹੀ। ਹਾਲਾਤ ਇਹ ਹਨ ਕਿ ਉਨ੍ਹਾਂ ਨੂੰ ਭਾਖੜਾ ਨਹਿਰ ਦੇ ਕਿਨਾਰੇ ਟੈਂਟ ਵਿਚ ਸਖ਼ਤ ਗਰਮੀ ਅਤੇ ਸਰਦੀ ਵਿਚ ਰਹਿਣਾ ਪੈ ਰਿਹਾ ਹੈ। ਗੋਤਾਖੋਰਾਂ ਨੂੰ ਪਰਿਵਾਰਕ ਗੁਜ਼ਾਰੇ ਲਈ ਵੀ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੂਬਾ ਸਰਕਾਰ ਵੱਲੋਂ ਵੀ ਇਨ੍ਹਾਂ ਗੋਰਾਖੋਰਾਂ ਨੂੰ ਅਣਗੌਲਿਆਂ ਗਿਆ ਹੈ।
ਔਰਤ ਨੇ 2 ਬੱਚੀਆਂ ਸਮੇਤ ਭਾਖੜਾ 'ਚ ਮਾਰੀ ਛਾਲ, 1 ਬੱਚੀ ਰੁੜ੍ਹੀ
ਨਾਭਾ ਦੇ ਨਜ਼ਦੀਕ ਪਿੰਡ ਦੀ ਰਹਿਣ ਵਾਲੀ 32 ਸਾਲ ਦੀ ਬਲਵਿੰਦਰ ਕੌਰ ਨਾਮਕ ਔਰਤ ਨੇ ਅੱਜ 2 ਬੱਚੀਆਂ ਸਮੇਤ ਭਾਖੜਾ ਵਿਚ ਛਾਲ ਮਾਰ ਦਿੱਤੀ। ਇਨ੍ਹਾਂ ਵਿਚ ਇਕ 3 ਸਾਲ ਹਰਸ਼ਪ੍ਰੀਤ ਕੌਰ ਪਾਣੀ ਵਿਚ ਹੀ ਰੁੜ੍ਹ ਗਈ। ਦੂਜੀ ਬੱਚੀ ਕੁਸਮਪ੍ਰੀਤ ਕੌਰ ਉਮਰ 5 ਸਾਲ ਨੂੰ ਅਤੇ ਬਲਵਿੰਦਰ ਕੌਰ ਨੂੰ ਗੋਤਾਖੋਰਾਂ ਨੇ ਬਚਾਅ ਲਿਆ। ਬੇਹੋਸ਼ੀ ਦੀ ਹਾਲਤ ਵਿਚ ਔਰਤ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ ਗਿਆ ਹੈ। ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਬਲਵਿੰਦਰ ਕੌਰ ਦਾ ਪਤੀ ਦੁਬਈ ਵਿਚ ਰਹਿੰਦਾ ਹੈ। ਪਰਿਵਾਰ ਮੁਤਾਬਕ ਘਰ ਵਿਚ ਕਿਸੇ ਤਰ੍ਹਾਂ ਦਾ ਕੋਈ ਕਲੇਸ਼ ਨਹੀਂ ਸੀ। ਛਾਲ ਮਾਰਨ ਦਾ ਕਾਰਨ ਨਹੀਂ ਪਤਾ ਲੱਗ ਸਕਿਆ।
ਡੀ.ਸੀ. ਦੇ ਹੁਕਮਾਂ ਦੀਆਂ ਉੱਡ ਰਹੀਆਂ ਨੇ ਧੱਜੀਆਂ
ਨਾਭਾ ਰੋਡ 'ਤੇ ਭਾਖੜਾ ਨਹਿਰ ਵਿਚ ਗਰਮੀ ਦੇ ਦਿਨਾਂ ਵਿਚ ਨੌਜਵਾਨ ਸ਼ਰੇਆਮ ਭਾਖੜਾ 'ਚ ਤਾਰੀਆਂ ਲਾ ਰਹੇ ਹਨ। ਡਿਪਟੀ ਕਮਿਸ਼ਨਰ ਵੱਲੋਂ ਵੱਡੀ ਭਾਖੜਾ ਨਹਿਰ ਉੱਤੇ ਨਹਾਉਣ 'ਤੇ ਪਾਬੰਦੀ ਲਾਈ ਹੋਈ ਹੈ। ਭਾਖੜਾ 'ਚ ਤਾਰੀਆਂ ਲਾਉਣ ਵਾਲਿਆਂ ਵਿਚੋਂ ਹਰ ਸਾਲ ਔਸਤਨ 4 ਤੋਂ 5 ਭਾਖੜਾ ਨਹਿਰ ਵਿਚ ਤਾਰੀਆਂ ਲਾਉਣ ਵਾਲੇ ਰੁੜ੍ਹ ਜਾਂਦੇ ਹਨ। ਇਨ੍ਹੀਂ ਦਿਨੀਂ ਵੱਡੇ ਪੱਧਰ 'ਤੇ ਭਾਖੜਾ ਨਹਿਰ ਵਿਚ ਨੌਜਵਾਨਾਂ ਵੱਲੋਂ ਤਾਰੀਆਂ ਲਾਈਆਂ ਜਾ ਰਹੀਆਂ ਹਨ। ਉਨ੍ਹਾਂ ਨੂੰ ਕੋਈ ਰੋਕਣ ਵਾਲਾ ਨਹੀਂ ਹੈ।
ਇਲਾਜ ਬਹਾਨੇ ਨਾਬਾਲਗਾ ਨਾਲ ਜਬਰ-ਜਨਾਹ ਕਰਨ ਵਾਲੇ ਤਾਂਤਰਿਕ ਨੂੰ 10 ਸਾਲ ਦੀ ਕੈਦ
NEXT STORY