ਸਮਰਾਲਾ (ਗਰਗ) : ਪਟਵਾਰ ਯੂਨੀਅਨ ਸਮਰਾਲਾ ਨੇ ਸ਼ੁਕਰਵਾਰ ਨੂੰ ਐੱਸ. ਡੀ. ਐੱਮ. ਸਮਰਾਲਾ ਗੀਤਿਕਾ ਸਿੰਘ ਖ਼ਿਲਾਫ਼ ਮੋਰਚਾ ਖੋਲ੍ਹਦੇ ਹੋਏ ਕਲਮ ਛੋੜ ਹੜਤਾਲ ਕਰਦਿਆਂ ਕੰਪਲੈਕਸ ਵਿਖੇ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ ਹੈ। ਪਟਵਾਰੀਆਂ ਨੇ ਇਹ ਹੜਤਾਲ ਐੱਸ. ਡੀ. ਐੱਮ. ਵੱਲੋਂ ਚੋਣ ਡਿਊਟੀ ਦੌਰਾਨ ਕਥਿਤ ਤੌਰ ’ਤੇ ਪਟਵਾਰੀਆਂ ਖ਼ਿਲਾਫ਼ ਵਰਤੀ ਗਈ ਮਾੜੀ ਸ਼ਬਦਾਬਦੀ ਅਤੇ ਉਨਾਂ ਦੇ ਅੜੀਅਲ ਰਵੱਈਏ ਖ਼ਿਲਾਫ਼ ਆਰੰਭ ਕੀਤੀ ਹੈ।
ਇਸ ਦੌਰਾਨ ਧਰਨਾ ਦੇ ਰਹੇ ਪਟਵਾਰ ਯੂਨੀਅਨ ਦੇ ਮੈਂਬਰਾਂ ਨੇ ਐੱਸ. ਡੀ. ਐੱਮ. ਖ਼ਿਲਾਫ਼ ਭਾਰੀ ਨਾਅਰੇਬਾਜ਼ੀ ਕਰਦੇ ਹੋਏ ਐਲਾਨ ਕੀਤਾ ਕਿ ਉਹ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਜ਼ਿਲ੍ਹਾ ਪੱਧਰ ’ਤੇ ਯੂਨੀਅਨ ਅੱਗੇ ਮਸਲਾ ਚੁੱਕਦੇ ਹੋਏ ਅਗਲੀ ਕਾਰਵਾਈ ਵਜੋਂ ਪੂਰੇ ਲੁਧਿਆਣਾ ਜ਼ਿਲ੍ਹੇ ’ਚ ਹੜਤਾਲ ਦਾ ਐਲਾਨ ਕਰ ਸਕਦੇ ਹਨ। ਇਸ ਦੌਰਾਨ ਪਟਵਾਰ ਯੂਨੀਅਨ ਦੇ ਪ੍ਰਧਾਨ ਵਿਕਰਮਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਚੋਣ ਡਿਊਟੀ ਦੌਰਾਨ 13 ਫ਼ਰਵਰੀ ਵਾਲੇ ਦਿਨ ਐੱਸ. ਡੀ. ਐੱਮ. ਗੀਤਿਕਾ ਸਿੰਘ ਨੇ ਕਈ ਪਟਵਾਰੀਆਂ ਨੂੰ ਕਥਿਤ ਤੌਰ ’ਤੇ ਨੀਵੇਂ ਪੱਧਰ ਦੀ ਸ਼ਬਦਾਬਲੀ ਦੀ ਵਰਤੋਂ ਕਰਦੇ ਹੋਏ ਉਨ੍ਹਾਂ ਦੀ ਬੇਇੱਜ਼ਤੀ ਕਰਨ ਤੋਂ ਵੀ ਗੁਰੇਜ਼ ਨਹੀਂ ਕੀਤਾ।
ਉਧਰ ਪਟਵਾਰੀਆਂ ਦੇ ਹੜਤਾਲ ’ਤੇ ਚਲੇ ਜਾਣ ਨਾਲ ਤਹਿਸੀਲ ਦਫ਼ਤਰ ਦਾ ਪੂਰਾ ਕੰਮ ਠੱਪ ਹੋ ਕੇ ਰਹਿ ਗਿਆ ਹੈ ਅਤੇ ਕੰਮਕਾਜ ਲਈ ਆਏ ਲੋਕਾਂ ਨੂੰ ਭਾਰੀ ਪਰੇਸ਼ਾਨੀ ਝੱਲਣੀ ਪਈ ਹੈ। ਜੇਕਰ ਪਟਵਾਰੀਆਂ ਦੀ ਹੜਤਾਲ ਅੱਗੇ ਵੀ ਜਾਰੀ ਰਹੀ ਤਾਂ ਲੋਕ ਵੱਡੀ ਪਰੇਸ਼ਾਨੀ 'ਚ ਫੱਸ ਜਾਣਗੇ। ਦੂਜੇ ਪਾਸੇ ਐੱਸ. ਡੀ. ਐੱਮ. ਗੀਤਿਕਾ ਸਿੰਘ ਨੇ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਫ਼ਸਲਾ ਦੇ ਖਰਾਬੇ ਦੀਆਂ ਰਿਪੋਰਟਾਂ ਸਮੇਂ ’ਤੇ ਨਾ ਬਣਾਉਣ ਲਈ ਉਨ੍ਹਾਂ ਨੇ ਪਟਵਾਰੀਆਂ ਨੂੰ ਤਾੜਨਾ ਕੀਤੀ ਹੈ ਅਤੇ ਕੋਈ ਵੀ ਮਾੜਾ ਸ਼ਬਦ ਨਹੀਂ ਬੋਲਿਆ ਗਿਆ।
ਵਿਆਹੁਤਾ ਨੇ ਪੱਖੇ ਨਾਲ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
NEXT STORY