ਜਲੰਧਰ, (ਮਜਹਰ)- ਖਾਂਬਰਾ ਦੇ ਰਿਹਾਇਸ਼ੀ ਇਲਾਕੇ ਵਿਚ ਇਕ ਸ਼ਰਾਬ ਦਾ ਠੇਕਾ ਖੁੱਲ੍ਹਣ ਦੇ ਖਿਲਾਫ ਖਾਂਬਰਾ ਵਾਸੀਆਂ ਨੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਮੁਹੱਲਾ ਵਾਸੀਆਂ ਰੌਕੀ, ਜੱਗਾ ਸਿੰਘ, ਸੋਨੂੰ, ਐੱਮ. ਐੱਸ. ਵਿਰਦੀ, ਗੁਰਦਿਆਲ ਸਿੰਘ, ਗੁਰਜੀਤ ਸਿੰਘ, ਸੁਰਜੀਤ ਸਿੰਘ, ਸੁਖਜੀਤ ਸਿੰਘ, ਮਨਦੀਪ ਸਿੰਘ, ਕਮਲ, ਕੁਲਵਿੰਦਰ ਸਿੰਘ, ਪੱਪੂ, ਅਜੇ, ਮੁਲਖ ਰਾਜ ਆਦਿ ਨੇ ਦੱਸਿਆ ਕਿ ਖਾਂਬਰਾ ਵਿਚ ਵਾਰ-ਵਾਰ ਹੋ ਰਹੀਆਂ ਚੋਰੀਆਂ ਤੋਂ ਲੋਕ ਦੁਖੀ ਤੇ ਪ੍ਰੇਸ਼ਾਨ ਹਨ। ਇਸ ਰਿਹਾਇਸ਼ੀ ਇਲਾਕੇ ਵਿਚ ਸ਼ਰਾਬ ਦਾ ਠੇਕਾ ਖੁੱਲ੍ਹ ਜਾਣ ਨਾਲ ਵਾਰਦਾਤਾਂ ਹੋਰ ਵੀ ਵਧਣਗੀਆਂ। ਇਥੇ 100 ਮੀਟਰ ਦੀ ਦੂਰੀ 'ਤੇ ਬੱਚਿਆਂ ਦਾ ਸਕੂਲ, ਗਰਲਜ਼ ਹੋਸਟਲ ਤੇ ਨਰਸਿੰਗ ਇੰਸਟੀਚਿਊਟ ਹਨ। ਲੋਕਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ 4 ਦਿਨਾਂ ਦੇ ਅੰਦਰ ਠੇਕਾ ਬੰਦ ਨਾ ਕੀਤਾ ਗਿਆ ਤਾਂ ਹਾਈਵੇ ਜਾਮ ਕੀਤਾ ਜਾਵੇਗਾ। ਹੰਗਾਮੇ ਨੂੰ ਦੇਖਦਿਆਂ ਥਾਣਾ ਸਦਰ ਦੇ ਅਧੀਨ ਪੈਂਦੀ ਪ੍ਰਤਾਪਪੁਰਾ ਚੌਕੀ ਪੁਲਸ ਮੌਕੇ 'ਤੇ ਪਹੁੰਚੀ ਤੇ ਸ਼ਰਾਬ ਦੇ ਠੇਕੇ ਨੂੰ ਤਾਲਾ ਲਾ ਦਿੱਤਾ ਤੇ ਮਾਹੌਲ ਸ਼ਾਂਤ ਕੀਤਾ। ਉਨ੍ਹਾਂ ਖਾਂਬਰਾ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਇਥੇ ਸ਼ਰਾਬ ਦਾ ਠੇਕਾ ਨਹੀਂ ਖੁੱਲ੍ਹਣ ਦਿੱਤਾ ਜਾਵੇਗਾ।
ਮਾਮੂਲੀ ਵਿਵਾਦ ਕਾਰਨ ਰਾਮਾਮੰਡੀ ਪੁਲ ਹੇਠਾਂ ਚੱਲੀਆਂ ਇੱਟਾਂ, 6 ਜ਼ਖ਼ਮੀ
NEXT STORY