ਸਾਦਿਕ (ਪਰਮਜੀਤ) - ਜਦੋਂ ਤੋਂ ਸ੍ਰੀ ਮੁਕਤਸਰ ਸਾਹਿਬ-ਫਿਰੋਜ਼ਪੁਰ ਵਾਇਆ ਸਾਦਿਕ ਸੜਕ ਨੂੰ ਛੇ ਮਾਰਗੀ ਕਰਨ ਲਈ ਸਰਕਾਰੀ ਸਰਗਰਮੀਆਂ ਤੇਜ਼ ਹੋਈਆਂ ਹਨ, ਉਦੋਂ ਤੋਂ ਵੱਖ-ਵੱਖ ਟੀਮਾਂ ਵੱਲੋਂ ਸੜਕ ਦੀ ਕੀਤੀ ਜਾ ਰਹੀ ਗਿਣਤੀ- ਮਿਣਤੀ ਨਾਲ ਸਾਦਿਕ ਨਿਵਾਸੀਆਂ ਦੇ ਦਿਲਾਂ ਦੀਆਂ ਧੜਕਣਾਂ ਵਧ ਗਈਆਂ ਹਨ। ਸੜਕ ਚੌੜੀ ਹੋਣ ਨਾਲ ਘਰ ਤੇ ਦੁਕਾਨਾਂ ਢਾਹੀਆਂ ਜਾਣ ਦੇ ਡਰੋਂ ਲੋਕਾਂ ਦੇ ਸਾਹ ਸੂਤੇ ਪਏ ਹਨ ਪਰ ਉਹ ਕੁਝ ਵੀ ਕਰਨ ਤੋਂ ਅਸਮਰਥ ਹਨ ਅਤੇ ਇਸ ਸਮੇਂ ਕੋਈ ਸਿਆਸੀ ਪਾਰਟੀ ਇਨ੍ਹਾਂ ਦੀ ਬਾਂਹ ਫੜਨ ਲਈ ਅੱਗੇ ਨਹੀਂ ਆ ਰਹੀ।
ਸੜਕ ਨੂੰ ਚੌੜੀ ਕਰਨ ਦੇ ਮਾਮਲੇ ਵਿਚ ਕਰੀਬ 15 ਦਿਨਾਂ ਤੋਂ ਹਰ ਰੋਜ਼ ਕੋਈ ਨਾ ਕੋਈ ਟੀਮ ਸਾਦਿਕ ਦੀਆਂ ਸੜਕਾਂ 'ਤੇ ਦੂਰਬੀਨ, ਕੈਮਰੇ, ਲੇਜ਼ਰ ਕੈਮਰੇ ਲੈ ਕੇ ਆਉਂਦੀ ਹੈ ਅਤੇ ਸੜਕ ਵਿਚਾਲੇ ਕੈਮਰੇ ਲੈ ਕੇ ਖੜ੍ਹੇ ਸੜਕ ਕਰਮਚਾਰੀਆਂ ਨੂੰ ਦੇਖ ਕੇ ਸਾਦਿਕ ਦੇ ਦੁਕਾਨਦਾਰਾਂ ਦੇ ਹੌਸਲੇ ਪਸਤ ਹੋ ਜਾਂਦੇ ਹਨ ਅਤੇ ਉਹ ਕਰਮਚਾਰੀਆਂ ਕੋਲੋਂ ਵਾਰ-ਵਾਰ ਇਹੀ ਪੁੱਛਦੇ ਹਨ ਕਿ ਸੜਕ ਕਿੰਨੀ ਚੌੜੀ ਹੋ ਰਹੀ ਹੈ ਅਤੇ ਸਾਡੀਆਂ ਦੁਕਾਨਾਂ ਕਿੰਨੀਆਂ ਕੁ ਢਹਿਣਗੀਆਂ? ਇਹ ਚਿੰਤਾ ਚਿਤਾ ਬਰਾਬਰ ਜਾਪਦੀ ਹੈ ਅਤੇ ਕਈ ਦੁਕਾਨਦਾਰ ਮਾਨਸਿਕ ਤੌਰ 'ਤੇ ਬੀਮਾਰ ਹੋ ਰਹੇ ਹਨ। ਮਿਹਨਤ ਨਾਲ ਬਣਾਏ ਘਰਾਂ ਅਤੇ ਦੁਕਾਨਾਂ ਨੂੰ ਸੁੱਤੇ ਪਏ ਵੀ ਢਹਿੰਦੀਆਂ ਦੇਖਦੇ ਹਨ ਅਤੇ ਤ੍ਰਿਬਕ ਕੇ ਉੱਠਦੇ ਹਨ।
ਹੁਣ ਹਾਲਾਤ ਇਹ ਹਨ ਕਿ ਜਦ ਕੋਈ ਦੋ ਜਣੇ ਇਸ ਸੜਕ ਨਾਲ ਸਬੰਧਤ ਮਿਲਦੇ ਹਨ ਤਾਂ ਸੁੱਖਸਾਂਦ ਨਹੀਂ ਪੁੱਛਦੇ ਸਗੋਂ ਸੜਕ ਸਬੰਧੀ ਹੀ ਚਰਚਾ ਕਰਦੇ ਹਨ। ਹੁਣ ਤੱਕ ਜਿੰਨੀਆਂ ਵੀ ਟੀਮਾਂ ਆਈਆਂ ਕਿਸੇ ਨੇ ਵੀ ਸਹੀ ਜਾਣਕਾਰੀ ਮੁਹੱਈਆ ਨਹੀਂ ਕਰਵਾਈ, ਬਸ ਇਹ ਕਹਿ ਦਿੰਦੇ ਹਨ ਕਿ ਸਰਵੇ ਕੀਤਾ ਜਾ ਰਿਹਾ ਹੈ। ਪਤਾ ਲੱਗਾ ਹੈ ਕਿ ਇਸ ਸੜਕ ਸਬੰਧੀ ਮਾਲ ਮਹਿਕਮੇ ਤੋਂ ਵੀ ਰਿਕਾਰਡ ਲੈ ਲਿਆ ਗਿਆ ਹੈ। ਜਲਦੀ ਹੀ ਸੜਕ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਸਕਦੀ ਹੈ। ਲੋਕਾਂ ਦੀ ਮੰਗ ਹੈ ਕਿ ਸਾਦਿਕ ਦੇ ਉਜਾੜੇ ਨੂੰ ਰੋਕਣ ਲਈ ਬਾਈਪਾਸ ਬਣਾਇਆ ਜਾਵੇ।
ਜ਼ਿਕਰਯੋਗ ਹੈ ਕਿ 11 ਨਵੰਬਰ 2008 ਵਿਚ ਫਿਰੋਜ਼ਪੁਰ-ਸ੍ਰੀ ਮੁਕਤਸਰ ਸਾਹਿਬ ਵਾਲੀ ਸੜਕ 'ਤੇ ਇਕ ਨੋਟਿਸ ਬੋਰਡ ਲਾਇਆ ਗਿਆ ਸੀ, ਜਿਸ ਵਿਚ ਲਿਖਿਆ ਸੀ ਕਿ ਫਿਰੋਜ਼ਪੁਰ-ਸ੍ਰੀ ਮੁਕਤਸਰ ਸਾਹਿਬ ਰੋਡ, ਜੋ ਸਡਿਊਲ ਰੋਡ ਹੈ, 'ਤੇ ਪੁੱਡਾ ਐਕਟ 1995 ਲਾਗੂ ਹੁੰਦਾ ਹੈ, ਜਿਸ ਮੁਤਾਬਕ ਪੀ. ਡਬਲਊ. ਡੀ. ਲੈਂਡ ਅਤੇ ਵਿਥ ਤੋਂ 30 ਮੀਟਰ ਦੀ ਦੂਰੀ ਤੱਕ ਕੋਈ ਵੀ ਉਸਾਰੀ ਨਹੀਂ ਕਰ ਸਕਦਾ। ਕਰੀਬ 9 ਸਾਲਾਂ ਬਾਅਦ ਹੁਣ ਫਿਰ ਸੜਕ ਚੌੜੀ ਹੋਣ ਦੀਆਂ ਖਬਰਾਂ ਆਈਆਂ ਕਿ ਇਹ ਸੜਕ ਛੇ ਮਾਰਗੀ ਬਣਨੀ ਹੈ ਅਤੇ ਸੜਕ ਦੇ ਕੰਢੇ ਤੋਂ 60 ਫੁੱਟ ਦੀ ਦੂਰੀ 'ਤੇ ਨਿਸ਼ਾਨਦੇਹੀ ਦੇ ਪੱਥਰ ਵੀ ਵਿਭਾਗ ਵੱਲੋਂ ਲਾਏ ਗਏ ਹਨ। ਕੇਂਦਰੀ ਆਵਾਜਾਈ ਮੰਤਰਾਲੇ ਵੱਲੋਂ ਰਾਸ਼ਟਰੀ ਸ਼ਾਹ ਮਾਰਗ ਦਾ ਦਰਜਾ ਸੜਕ ਨੂੰ ਮਿਲਣ ਉਪਰੰਤ ਸਬੰਧਤਾਂ ਵਿਭਾਗਾਂ ਦੀਆਂ ਟੀਮਾਂ ਦੀਆਂ ਸਰਗਰਮੀਆਂ ਤੇਜ਼ ਹੋ ਗਈਆਂ ਹਨ।
ਟ੍ਰੈਫਿਕ ਨਿਯਮਾਂ ਦੀਆਂ ਉਡਾਈਆਂ ਜਾ ਰਹੀਆਂ ਨੇ ਸ਼ਰੇਆਮ ਧੱਜੀਆਂ
NEXT STORY