ਭਵਾਨੀਗੜ੍ਹ (ਕਾਂਸਲ) - ਸੋਸ਼ਲ ਮੀਡੀਆ ਦੀ ਇਕ ਸਾਈਟ ’ਤੇ ਘਰ ਬੈਠੇ ਕਾਰੋਬਾਰ ਕਰ ਕੇ ਚੰਗੇ ਪੈਸੇ ਕਮਾਉਣ ਦੇ ਲਾਲਚ ਸਬੰਧੀ ਆਨਲਾਇਨ ਟ੍ਰੇਡਿੰਗ ਦੇ ਦਿੱਤੇ ਗਏ ਇਕ ਲਿੰਕ ਨੂੰ ਕਲਿੱਕ ਕਰ ਕੇ ਟ੍ਰੇਡਿੰਗ ਦੇ ਨਾਂ ’ਤੇ ਠੱਗਾਂ ਦੇ ਜਾਲ ’ਚ ਫਸੇ ਸਥਾਨਕ ਸ਼ਹਿਰ ਦੇ ਇਕ ਵਿਅਕਤੀ ਨੂੰ ਠੱਗਾਂ ਵੱਲੋਂ 9 ਲੱਖ 20 ਹਜ਼ਾਰ ਰੁਪਏ ਦਾ ਚੂਨਾ ਲਗਾ ਦੇਣ ਦਾ ਸਮਚਾਰ ਪ੍ਰਾਪਤ ਹੋਇਆ।
ਇਸ ਸਬੰਧੀ ਥਾਣਾ ਸਾਈਬਰ ਕ੍ਰਾਈਮ ਵੱਲੋਂ ਉਕਤ ਵਿਅਕਤੀ ਦੀ ਸ਼ਿਕਾਇਤ ’ਤੇ ਅਣਪਛਾਤਿਆਂ ਵਿਰੁੱਧ ਠੱਗੀ ਦਾ ਮਾਮਲਾ ਦਰਜ ਕੀਤਾ ਗਿਆ। ਜਾਣਕਾਰੀ ਦਿੰਦਿਆਂ ਥਾਣਾ ਸਾਈਬਰ ਕ੍ਰਾਈਮ ਦੇ ਸਹਾਇਕ ਸਬ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਭਵਾਨੀਗੜ੍ਹ ਦੇ ਇਕ ਵਿਅਕਤੀ ਵੱਲੋਂ ਦਿੱਤੀ ਗਈ ਸ਼ਿਕਾਇਤ ’ਚ ਦੱਸਿਆ ਕਿ ਸੋਸ਼ਲ ਮੀਡੀਆ ਦੀ ਇਕ ਸਾਈਟ ਇੰਸਟਾਗ੍ਰਾਮ ’ਤੇ ਕਿਸੇ ਵਿਅਕਤੀ ਵੱਲੋਂ ਘਰ ਬੈਠੇ ਚੰਗੇ ਪੈਸੇ ਕਮਾਉਣ ਸਬੰਧੀ ਆਨਲਾਇਨ ਟ੍ਰੇਡਿੰਗ ਸਬੰਧੀ ਇਕ ਪੋਸਟ ਪਾਈ ਗਈ ਸੀ।
ਜਿਸ ’ਚ ਦਿੱਤੇ ਗਏ ਇਕ ਲਿੰਕ ’ਤੇ ਕਲਿੱਕ ਕਰਨ ਉਪਰੰਤ ਉਹ ਵਟਸਐੱਪ ਦੇ ਇਕ ਗਰੁੱਪ ’ਚ ਸ਼ਾਮਿਲ ਹੋ ਗਿਆ ਜਿਥੇ ਗਰੁੱਪ ’ਚ ਟ੍ਰੇਡਿੰਗ ਸਬੰਧੀ ਚੰਗਾ ਮੁਨਾਫ਼ਾ ਕਮਾਉਣ ਸਬੰਧੀ ਵੱਖ-ਵੱਖ ਸੰਦੇਸ਼ ਆਉਂਦੇ ਸਨ ਜਿਸ ਤੋਂ ਪ੍ਰਭਾਵਿਤ ਹੋ ਕੇ ਉਸ ਵੱਲੋਂ ਇਸ ’ਚ ਪਹਿਲਾਂ ਥੋੜੀ ਰਾਸ਼ੀ ਦੀ ਇਨਵੈਸਟਮੈਂਟ ਕੀਤੀ ਗਈ ਜਿਸ ਤੋਂ ਕੁੱਝ ਸਮੇਂ ਬਾਅਦ ਜਦੋਂ ਉਸ ਨੂੰ ਇਸ ਟ੍ਰੇਡਿੰਗ ਸਬੰਧੀ ਬਣੀ ਇਕ ਵਿਸ਼ੇਸ਼ ਐਪਲੀਕੇਸ਼ਨ ਜਿਸ ’ਚ ਉਸ ਦੇ ਬਣੇ ਖਾਤੇ ਦੀ ਡਿਟੇਲਜ ਦਿਖਾਈ ਦਿੰਦੀ ਸੀ, ਵਿਚ ਉਸ ਨੂੰ ਚੰਗਾ ਮੁਨਾਫ਼ਾ ਹੋਣ ਸਬੰਧੀ ਦਿਖਾਏ ਜਾਣ ਤੋਂ ਬਾਅਦ ਉਹ ਲਗਤਾਰ ਇਸ ਵਿਚ ਹੋਰ ਇਨਵੈਸਟਮੈਂਟ ਕਰਦਾ ਗਿਆ ਅਤੇ ਉਸ ਵੱਲੋਂ ਇਸ ਆਨਲਾਈਨ ਟ੍ਰੇਡਿੰਗ ’ਚ ਡੇਢ ਮਹੀਨੇ ਦੇ ਸਮੇਂ ’ਚ 9 ਲੱਖ 20 ਹਜ਼ਾਰ ਰੁਪਏ ਦੀ ਇਨਵੈਟਮੈਂਟ ਕੀਤੀ ਗਈ।
ਜਿਸ ਤੋਂ ਬਾਅਦ ਉਸ ਨੂੰ ਫਿਰ ਵਟਸਐੱਪ ਦੇ ਗਰੁੱਪ ਐਡਮਿਨ ਵੱਲੋਂ ਕਥਿਤ ਤੌਰ ’ਤੇ ਇਕ ਸੰਦੇਸ਼ ਰਾਹੀਂ ਇਕ ਆਫਰ ਦਿੱਤੀ ਗਈ ਕਿ ਤੁਹਾਡੇ ਵੱਲੋਂ ਕੀਤੀ ਗਈ ਇਨਵੈਸਟਮੈਂਟ ਰਾਹੀਂ ਮੁਨਾਫ਼ੇ ਸਮੇਤ ਤੁਹਾਡੇ ਖਾਤੇ ਅੰਦਰ ਹੁਣ 51 ਲੱਖ ਰੁਪਏ ਦੀ ਰਾਸ਼ੀ ਜਮ੍ਹਾ ਹੋ ਚੁੱਕੀ ਹੈ ਅਤੇ ਜੇਕਰ ਤੁਸੀ ਆਪਣੇ ਇਸ ਖਾਤੇ ਅੰਦਰ 9 ਲੱਖ ਰੁਪੇ ਦੀ ਹੋਰ ਇਨਵੈਸਟਮੈਂਟ ਕਰਦੇ ਹੋ ਤਾਂ ਤੁਹਡੇ ਖਾਤੇ ’ਚ 60 ਲੱਖ ਰੁਪਏ ਦੀ ਰਾਸ਼ੀ ਜਮ੍ਹਾ ਹੋਣ ’ਤੇ ਤੁਹਨੂੰ ਇਕ ਪਰਟੀਕੂਲਰ ਕੰਪਨੀ ਦੇ ਆਈ.ਪੀ.ਓਜ਼ ਲਈ ਆਈ ਆਫਰ ਰਾਹੀਂ ਵੱਡਾ ਮੁਨਾਫ਼ਾ ਹੋ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਸ਼ਿਕਾਇਤ ਕਰਤਾ ਵੱਲੋਂ ਆਪਣੇ ਇਸ ਖਾਤੇ ’ਚ ਹੋਰ ਕੋਈ ਨਵੀ ਇਨਵੈਸਟਮੈਂਟ ਨਹੀਂ ਕੀਤੀ ਗਈ ਪਰ ਉਸ ਨੂੰ ਕਿਸੇ ਜ਼ਰੂਰੀ ਕੰਮ ਲਈ ਰਕਮ ਦੀ ਲੋੜ ਹੋਣ ਕਾਰਨ ਜਦੋਂ ਉਸ ਨੇ ਆਪਣੇ ਉਕਤ ਖਾਤੇ ’ਚੋਂ ਇਹ ਰਕਮ ਕੱਢਵਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਖਾਤੇ ਨੂੰ ਹੋਲਡ ਕਰ ਦਿੱਤਾ ਗਿਆ ਤੇ ਜਦੋਂ ਕਾਫ਼ੀ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਉਸ ਦੀ ਰਕਮ ਨਹੀਂ ਨਿਕਲੀ ਤਾਂ ਉਸ ਨੂੰ ਪਤਾ ਚੱਲਿਆ ਕਿ ਉਸ ਨਾਲ ਇਹ 9 ਲੱਖ 20 ਹਜ਼ਾਰ ਰੁਪਏ ਦੀ ਠੱਗੀ ਹੋ ਗਈ ਹੈ।
ਜਿਸ ਸਬੰਧੀ ਥਾਣਾ ਸਾਈਬਰ ਕ੍ਰਾਇਮ ਦੀ ਪੁਲਸ ਵੱਲੋਂ ਉਕਤ ਵਿਅਕਤੀ ਦੀ ਸ਼ਿਕਾਇਤ ’ਤੇ ਅਣਪਛਾਤਿਆਂ ਵਿਰੁੱਧ ਮਾਮਲਾ ਦਰਜ ਕਰ ਕੇ ਇਨ੍ਹਾਂ ਠੱਗਾਂ ਦੀ ਤਲਾਸ਼ ਲਈ ਕਾਰਵਾਈ ਆਰੰਭ ਦਿੱਤੀ ਹੈ। ਸਹਾਇਕ ਸਬ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਸੋਸ਼ਲ ਮੀਡੀਆ ਦੀਆਂ ਵੱਖ-ਵੱਖ ਸਾਈਟਾਂ ਫੇਸਬੁੱਕ, ਇੰਸਟਾਗ੍ਰਾਮ ਆਦਿ ਉਪਰ ਠੱਗਾਂ ਵੱਲੋਂ ਘਰ ਬੈਠੇ ਚੰਗਾ ਮੁਨਾਫਾ ਕਮਾਉਣ ਦੀਆਂ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਪੋਸਟਾਂ ਸ਼ੇਅਰ ਕੀਤੀਆਂ ਜਾ ਰਹੀਆਂ ਹਨ।
ਜਿਸ ਰਾਹੀਂ ਭੋਲੇ-ਭਾਲੇ ਲੋਕਾਂ ਨੂੰ ਆਪਣੇ ਠੱਗੀ ਦੇ ਜਾਲ ’ਚ ਫਸਾਉਣ ਲਈ ਠੱਗਾਂ ਵੱਲੋਂ ਭਰਮਾਉਣ ਲਈ ਬਣਾਈਆਂ ਫਰਜ਼ੀ ਐਪਲੀਕੇਸ਼ਨਾਂ ਰਾਹੀਂ ਚੰਗੇ ਮੁਨਾਫੇ ਦਰਸਾ ਕੇ ਬਹੁਤ ਜ਼ਿਆਦਾ ਲਾਲਚ ਦਿੱਤਾ ਜਾਂਦਾ ਹੈ ਪਰ ਸਾਨੂੰ ਇਨ੍ਹਾਂ ਦੇ ਲਾਲਚ ’ਚ ਆ ਕੇ ਇਸ ਤਰ੍ਹਾਂ ਦੇ ਲਿੰਕਾਂ ਉਪਰ ਕਲਿੱਕ ਨਹੀਂ ਕਰਨਾ ਚਾਹੀਦਾ ਤੇ ਅਨਰਜਿਸ਼ਟਡ ਐਪਲੀਕੇਸ਼ਨਾਂ ’ਚ ਸਾਨੂੰ ਆਪਣੀ ਰਕਮ ਦੀ ਇਨਵੈਸਟ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਦੀ ਸਾਈਟਾਂ ਰਾਹੀ ਠੱਗਾਂ ਦੇ ਜਾਲ ’ਚ ਫਸਣ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆਉਣ ਦੇ ਬਾਵਜੂਦ ਹੋਰ ਲੋਕ ਫਿਰ ਇਨ੍ਹਾਂ ਦੇ ਝਾਂਸੇ ’ਚ ਆ ਕੇ ਠੱਗੀ ਦਾ ਸ਼ਿਕਾਰ ਹੋ ਰਹੇ ਹਨ ਜੋ ਕਿ ਬਹੁਤ ਹੀ ਹੈਰਾਨੀਜਨਕ ਹੈ।
ਦਰਿੰਦਗੀ ਦੀਆਂ ਹੱਦਾਂ ਪਾਰ, 2 ਬੱਚਿਆਂ ਦੇ ਪਿਓ ਨੇ ਢਾਈ ਸਾਲਾ ਮਾਸੂਮ ਨੂੰ ਬਣਾਇਆ ਹਵਸ ਦਾ ਸ਼ਿਕਾਰ
NEXT STORY