ਸਗਤ ਮੰਡੀ (ਮਨਜੀਤ)-ਆਰਥਿਕ ਤੰਗੀ ਤੋਂ ਪ੍ਰੇਸ਼ਾਨ ਪਿੰਡ ਮੱਲ ਵਾਲਾ ਦੇ ਵਿਅਕਤੀ ਵੱਲੋਂ ਪਿੰਡ ਜੱਸੀ ਬਾਗਵਾਲੀ ਦੇ ਲਸਾੜਾ ਡਰੇਨ ਪਾਣੀ 'ਚ ਛਾਲ ਮਾਰ ਕੇ ਆਤਮ-ਹੱਤਿਆ ਕਰ ਲੈਣ ਦਾ ਸਮਾਚਾਰ ਮਿਲਿਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਜੱਗਾ ਸਿੰਘ ਪੁੱਤਰ ਜੰਗ ਸਿੰਘ ਵਾਸੀ ਮੱਲਵਾਲਾ ਕਾਲੂ ਰਾਮ ਜ਼ਿਲਾ ਬੀਕਾਨੇਰ ਹਾਲ ਆਬਾਦ ਜੱਸੀ ਬਾਗਵਾਲੀ ਦੀਆਂ ਗਊਆਂ ਦੀ ਸਾਭ ਸੰਭਾਲ ਕਰ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ। ਉਸ ਦੇ ਪਰਿਵਾਰ 'ਚ ਪਤਨੀ ਤੋਂ ਇਲਾਵਾ ਦੋ ਲੜਕੇ ਤੇ ਇਕ ਵਿਆਹੁਣ ਯੋਗ ਲੜਕੀ ਸੀ। ਲੜਕੇ ਤਾਂ ਘਰ 'ਚ ਉਸ ਤੋਂ ਵੱਖਰੇ ਰਹਿੰਦੇ ਸਨ ਪਰ ਉਹ ਲੜਕੀ ਦੇ ਵਿਆਹ ਨੂੰ ਲੈ ਕੇ ਪ੍ਰੇਸ਼ਾਨ ਰਹਿੰਦਾ ਸੀ। ਜੱਗਾ ਸਿੰਘ ਕੱਲ ਸ਼ਾਮ ਨੂੰ ਆਪਣੇ ਕੰਮ 'ਤੇ ਘਰੋਂ ਗਿਆ ਪਰ ਅੱਜ ਉਸ ਦੀ ਲਾਸ਼ ਲਸਾੜਾ ਡਰੇਨ ਦੇ ਗੰਦੇ ਪਾਣੀ 'ਚੋਂ ਮਿਲੀ। ਸੰਗਤ ਸਹਾਰਾ ਸੇਵਾ ਸੰਸਥਾ ਦੇ ਵਲੰਟੀਅਰ ਰਿੰਕਾ ਵੱਲੋਂ ਸੰਗਤ ਪੁਲਸ ਦੀ ਮੌਜੂਦਗੀ 'ਚ ਲਾਸ਼ ਨੂੰ ਲਸਾੜਾ ਡਰੇਨ 'ਚੋਂ ਬਾਹਰ ਕੱਢ ਕੇ ਪੋਸਟਮਾਰਟਮ ਲਈ ਬਠਿੰਡਾ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ। ਜਦ ਇਸ ਸਬੰਧੀ ਸਹਾਇਕ ਥਾਣੇਦਾਰ ਪਰਮਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮ੍ਰਿਤਕ ਜੱਗਾ ਸਿੰਘ ਪੁੱਤਰ ਜੰਗ ਸਿੰਘ ਵਿਆਹੁਣ ਯੋਗ ਲੜਕੀ ਤੇ ਘਰ ਦੀ ਗਰੀਬੀ ਕਾਰਨ ਪ੍ਰੇਸ਼ਾਨ ਰਹਿੰਦਾ ਸੀ। ਉਨ੍ਹਾਂ ਕਿਹਾ ਕਿ ਉਹ ਕੱਲ ਸ਼ਾਮ ਤੋਂ ਲਾਪਤਾ ਸੀ, ਜਿਸ ਦੀ ਭਾਲ ਕੀਤੀ ਜਾ ਰਹੀ ਸੀ। ਅੱਜ ਉਸ ਦੀ ਲਾਸ਼ ਪਾਣੀ 'ਤੇ ਤੈਰਦੀ ਮਿਲੀ। ਪੁਲਸ ਵੱਲੋਂ ਮ੍ਰਿਤਕ ਜੱਗਾ ਸਿੰਘ ਦੀ ਪਤਨੀ ਗੁਰਦੀਪ ਕੌਰ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕਰਦਿਆਂ ਲਾਸ਼ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।
ਰੋਸ ਮਾਰਚ ਦੀ ਮਨਜ਼ੂਰੀ ਨਾ ਦੇਣ ਖਿਲਾਫ ਹਾਈ ਕੋਰਟ ਜਾਣਗੇ ਕਿਸਾਨ
NEXT STORY