ਸੰਗਰੂਰ (ਵਿਵੇਕ ਸਿੰਧਵਾਨੀ, ਬੇਦੀ, ਸਿੰਗਲਾ, ਯਾਦਵਿੰਦਰ)– ਜ਼ਿਲ੍ਹਾ ਸੰਗਰੂਰ ਦੇ ਪਿੰਡ ਖਨਾਲ ਕਲਾਂ ’ਚ ਸਥਿਤ ਇਕ ਪੈਟਰੋਲ ਪੰਪ ’ਤੇ ਹੋਈ ਲੁੱਟ-ਖੋਹ ਦਾ ਮਾਮਲਾ ਪੁਲਸ ਨੇ ਹੱਲ ਕਰਦਿਆਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਅੱਜ ਪੁਲਸ ਲਾਈਨ ਸੰਗਰੂਰ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਐੱਸ. ਪੀ. ਦਵਿੰਦਰ ਅੱਤਰੀ ਨੇ ਦੱਸਿਆ ਕਿ ਜ਼ਿਲ੍ਹਾ ਪੁਲਸ ਸੰਗਰੂਰ ਵੱਲੋਂ ਮਾੜੇ ਅਨਸਰਾਂ, ਲੁੱਟ-ਖੋਹ ਅਤੇ ਹੋਰ ਅਪਰਾਧਿਕ ਗਤੀਵਿਧੀਆਂ ’ਚ ਸ਼ਾਮਲ ਵਿਅਕਤੀਆਂ ਖਿਲਾਫ ਲਗਾਤਾਰ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ।
ਇਸੇ ਮੁਹਿੰਮ ਤਹਿਤ ਪੁਲਸ ਵੱਲੋਂ ਪਿੰਡ ਖਨਾਲ ਕਲਾਂ ਵਿਖੇ ਵਾਪਰੀ ਲੁੱਟ-ਖੋਹ ਦੀ ਵਾਰਦਾਤ ਸਬੰਧੀ ਦਰਜ ਮੁਕੱਦਮੇ ਦੀ ਤਫਤੀਸ਼ ਦੌਰਾਨ ਇਕ ਅਹਿਮ ਸਫਲਤਾ ਹਾਸਲ ਹੋਈ ਹੈ। ਪੁਲਸ ਟੀਮਾਂ ਵੱਲੋਂ ਤਕਨੀਕੀ ਤੇ ਮਨੁੱਖੀ ਸੂਚਨਾਵਾਂ ਦੇ ਆਧਾਰ ’ਤੇ ਕੀਤੀ ਗਈ ਕਾਰਵਾਈ ਦੌਰਾਨ ਉਕਤ ਵਾਰਦਾਤ ਨੂੰ ਟਰੇਸ ਕਰਦਿਆਂ ਇਸ ’ਚ ਸ਼ਾਮਲ 4 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਪਾਸੋਂ 2 ਦੇਸੀ ਪਿਸਤੌਲ, ਵਾਰਦਾਤ ’ਚ ਵਰਤਿਆ ਗਿਆ ਮੋਟਰਸਾਈਕਲ ਤੇ ਇਕ ਸਵਿਫਟ ਡਿਜਾਇਰ ਕਾਰ ਅਤੇ 4800-ਰੁਪਏ ਬਰਾਮਦ ਕੀਤੇ ਗਏ ਹਨ।
ਦਵਿੰਦਰ ਕੁਮਾਰ ਅੱਤਰੀ, ਪੀ.ਪੀ.ਐੱਸ., ਕਪਤਾਨ ਪੁਲਸ (ਇੰਨਵੈਸਟੀਗੇਸ਼ਨ) ਸੰਗਰੂਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨੀਂ ਥਾਣਾ ਦਿੜ੍ਹਬਾ ਦੇ ਇਲਾਕੇ ਅਧੀਨ ਪੈਂਦੇ ਪਿੰਡ ਖਨਾਲ ਕਲਾਂ ਵਿਖੇ ਸਥਿਤ ਇਕ ਪੈਟਰੋਲ ਪੰਪ ਤੋਂ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ 15,000 ਰੁਪਏ ਦੀ ਨਕਦੀ ਖੋਹ ਕਰਨ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ।
ਇਸ ਸਬੰਧੀ ਮੁਕੱਦਮਾ ਦਰਜ ਕਰ ਕੇ ਮੁਕੱਦਮੇ ਨੂੰ ਟਰੇਸ ਕਰਨ ਲਈ ਰੁਪਿੰਦਰ ਕੌਰ ਬਾਜਵਾ, ਪੀ.ਪੀ.ਐੱਸ., ਉਪ ਕਪਤਾਨ ਪੁਲਸ, ਸਬ ਡਵੀਜ਼ਨ ਦਿੜ੍ਹਬਾ ਦੀ ਨਿਗਰਾਨੀ ਹੇਠ ਇੰਸਪੈਕਟਰ ਜਗਤਾਰ ਸਿੰਘ ਮੁੱਖ ਅਫਸਰ ਥਾਣਾ ਦਿੜ੍ਹਬਾ, ਇੰਸਪੈਕਟਰ ਸੰਦੀਪ ਸਿੰਘ ਇੰਚਾਰਜ ਸੀ. ਆਈ. ਏ. ਸੰਗਰੂਰ ਅਤੇ ਹੋਰ ਪੁਲਸ ਕਰਮਚਾਰੀਆਂ ਦੀਆਂ ਵਿਸ਼ੇਸ਼ ਟੀਮਾਂ ਦਾ ਗਠਨ ਕਰ ਕੇ ਪੁਲਸ ਟੀਮਾਂ ਵੱਲੋਂ ਤਕਨੀਕੀ ਅਤੇ ਮਨੁੱਖੀ ਸੂਚਨਾਵਾਂ ਦੇ ਆਧਾਰ ’ਤੇ ਕੀਤੀ ਗਈ ਜਾਂਚ ਦੌਰਾਨ ਕਮਲਜੀਤ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਸਫੀਪੁਰ ਕਲਾਂ, ਕਮਲਪ੍ਰੀਤ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਕਮਾਲਪੁਰ, ਜੈਵੀਰ ਸਿੰਘ ਪੁੱਤਰ ਕਰਮਜੀਤ ਸਿੰਘ ਵਾਸੀ ਘਨੌੜ ਰਾਜਪੂਤਾਂ ਅਤੇ ਜਸਨ ਪੁੱਤਰ ਸ਼ਿਆਮ ਸਿੰਘ ਵਾਸੀ ਘਨੌੜ ਰਾਜਪੂਤਾਂ ਦੀ ਸ਼ਮੂਲੀਅਤ ਸਾਹਮਣੇ ਆਈ ਹੈ।
ਅੱਤਰੀ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਮੁੱਢਲੀ ਤਫਤੀਸ਼ ਦੌਰਾਨ ਕਈ ਅਹਿਮ ਸੁਰਾਗ ਪ੍ਰਾਪਤ ਹੋਏ ਹਨ। ਦੋਸ਼ੀਆਂ ਤੋਂ ਹੋਰ ਵੀ ਮਹੱਤਵਪੂਰਨ ਖੁਲਾਸੇ ਹੋਣ ਦੀ ਸੰਭਾਵਨਾ ਹੈ ਅਤੇ ਮਾਮਲੇ ਦੀ ਅਗਲੇਰੀ ਤਫਤੀਸ਼ ਜਾਰੀ ਹੈ।
ਕੈਪਟਨ ਦਾ ਜਾਗਿਆ ਕਾਂਗਰਸ ਨਾਲ ਪਿਆਰ, ਪੰਜਾਬ ਦੀ ਸਿਆਸਤ 'ਚ ਛਿੜੀ ਨਵੀਂ ਚਰਚਾ
NEXT STORY