ਜ਼ੀਰਕਪੁਰ (ਧੀਮਾਨ) : ਜ਼ੀਰਕਪੁਰ ਦੀ ਪੀ. ਆਰ.-7 ਸੜਕ ’ਤੇ ਸਥਿਤ ਇੰਡੀਅਨ ਆਇਲ ਦੇ ਪੈਟਰੋਲ ਪੰਪ ’ਤੇ 150 ਰੁਪਏ ਦੇ ਤੇਲ ਦੇ ਭੁਗਤਾਨ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਸੇਲਜ਼ਮੈਨ ਦੀ ਕੁੱਟਮਾਰ ਕੀਤੀ ਗਈ। ਹਮਲੇ ’ਚ ਜ਼ਖ਼ਮੀ ਸੇਲਜ਼ਮੈਨ ਨੂੰ ਇਲਾਜ ਲਈ ਚੰਡੀਗੜ੍ਹ ਦੇ ਸੈਕਟਰ-32 ਸਥਿਤ ਹਸਪਤਾਲ ਰੈਫ਼ਰ ਕਰਨਾ ਪਿਆ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਢਕੌਲੀ ਵਾਸੀ ਪਵਨ ਕੁਮਾਰ ਦੁਬੇ ਨੇ ਦੱਸਿਆ ਕਿ ਉਹ ਪਿਛਲੇ ਕਰੀਬ ਚਾਰ ਸਾਲਾਂ ਤੋਂ ਉਕਤ ਪੈਟਰੋਲ ਪੰਪ ’ਤੇ ਸੇਲਜ਼ਮੈਨ ਵਜੋਂ ਕੰਮ ਕਰ ਰਿਹਾ ਹੈ। ਉਸ ਅਨੁਸਾਰ 1 ਸਤੰਬਰ ਦੀ ਰਾਤ ਉਹ ਡਿਊਟੀ ’ਤੇ ਸੀ। ਇਸ ਦੌਰਾਨ ਮਨਪ੍ਰੀਤ ਸਿੰਘ ਨਾਂ ਦਾ ਵਿਅਕਤੀ ਦੋਪਹੀਆ ਵਾਹਨ ’ਤੇ ਪੰਪ ’ਤੇ ਆਇਆ ਤੇ 150 ਰੁਪਏ ਦਾ ਤੇਲ ਪਵਾਇਆ।
ਪਵਨ ਨੇ ਦੋਸ਼ ਲਾਇਆ ਕਿ ਮਨਪ੍ਰੀਤ ਨੇ ਤੇਲ ਦੀ ਰਕਮ ਆਨਲਾਈਨ ਭੇਜਣ ਦੀ ਗੱਲ ਕਹੀ ਪਰ ਪੈਸੇ ਖਾਤੇ ਵਿੱਚ ਨਾ ਪਹੁੰਚਣ ’ਤੇ ਉਸ ਨੇ ਇਸ ਬਾਰੇ ਮਨਪ੍ਰੀਤ ਨੂੰ ਦੱਸਿਆ। ਇਸੇ ਗੱਲ ਨੂੰ ਲੈ ਕੇ ਦੋਵਾਂ ਵਿਚਕਾਰ ਬਹਿਸ ਹੋ ਗਈ। ਦੋਸ਼ ਹੈ ਕਿ ਬਹਿਸ ਵਧਣ ਤੋਂ ਬਾਅਦ ਮਨਪ੍ਰੀਤ ਨੇ ਆਪਣੇ ਦੋ ਸਾਥੀਆਂ ਸੋਮਵੀਰ ਤੇ ਮੌਂਟੀ ਨੂੰ ਵੀ ਮੌਕੇ ’ਤੇ ਬੁਲਾ ਲਿਆ। ਸ਼ਿਕਾਇਤਕਰਤਾ ਮੁਤਾਬਕ ਤਿੰਨਾਂ ਨੇ ਉਸ ਨਾਲ ਗਾਲੀ-ਗਲੋਚ ਕੀਤੀ ਤੇ ਲੋਹੇ ਦੀ ਪੱਤੀ ਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। ਪਵਨ ਨੇ ਦੋਸ਼ ਲਾਇਆ ਕਿ ਹਮਲਾਵਰ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ। ਪੀੜਤ ਵੱਲੋਂ ਘਟਨਾ ਦੀ ਵੀਡੀਓ ਰਿਕਾਰਡਿੰਗ ਵੀ ਪੁਲਸ ਨੂੰ ਸੌਂਪੀ ਗਈ ਹੈ। ਜ਼ੀਰਕਪੁਰ ਪੁਲਸ ਨੇ ਪਵਨ ਕੁਮਾਰ ਦੁਬੇ ਦੀ ਸ਼ਿਕਾਇਤ ਦੇ ਆਧਾਰ ’ਤੇ ਮਨਪ੍ਰੀਤ ਸਿੰਘ, ਸੋਮਵੀਰ ਅਤੇ ਮੌਂਟੀ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਅਮਰੀਕਾ ਸਰਕਾਰ ਵੱਲੋਂ ਪੋਸਟਰ ’ਚ ਪੰਜਾਬੀ ਸਿੱਖਾਂ ਨੂੰ ਨਿਸ਼ਾਨਾ ਬਣਾਉਣਾ ਮੰਦਭਾਗਾ: ਐਡਵੋਕੇਟ ਧਾਮੀ
NEXT STORY