ਲੁਧਿਆਣਾ(ਖੁਰਾਣਾ)-ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਵੱਲੋਂ ਮਹਾਨਗਰ ਦੇ ਪੈਟਰੋਲ ਪੰਪਾਂ 'ਤੇ ਤਾਇਨਾਤ ਕਰਿੰਦਿਆਂ 'ਤੇ ਤੇਲ ਪਾਉਂਦੇ ਸਮੇਂ ਹੇਰਾ-ਫੇਰੀ ਕਰਨ ਦੇ ਲਗਦੇ ਦੋਸ਼ਾਂ ਦੀ ਜਾਂਚ ਦਾ ਲਿਆ ਜ਼ਿੰਮਾ ਠੰਡੇ ਬਸਤੇ ਵਿਚ ਪੈਂਦਾ ਦਿਖਾਈ ਦੇਣ ਲੱਗਾ ਹੈ। ਸ਼ੁਰੂ ਵਿਚ ਵਿਭਾਗ ਵੱਲੋਂ ਫੜੀ ਰਫਤਾਰ ਤੋਂ ਲਗਦਾ ਸੀ ਕਿ ਹੁਣ ਰੋਜ਼ਾਨਾ ਪੈਟਰੋਲ ਪੰਪਾਂ 'ਤੇ ਚੈਕਿੰਗ ਹੋਇਆ ਕਰੇਗੀ ਪਰ ਕੁੱਝ ਸਮੇਂ ਦੇ ਅੰਦਰ ਹੀ ਹਾਲਾਤ ਜਿਓਂ ਦੇ ਤਿਓਂ ਹੋ ਗਏ। ਅਜਿਹਾ ਪ੍ਰਤੀਤ ਹੁੰਦਾ ਹੈ ਕਿ ਹੁਣ ਪੈਟਰੋਲ ਪੰਪਾਂ 'ਤੇ ਕਰਮਚਾਰੀਆਂ ਅਤੇ ਵਾਹਨ ਚਾਲਕਾਂ ਵਿਚ ਤੇਲ ਪਾਉਣ ਨੂੰ ਲੈ ਕੇ ਹੁੰਦੀ ਕਥਿਤ ਬਹਿਸਬਾਜ਼ੀ ਨੂੰ ਨੱਥ ਪਾਉਣਾ ਰੱਬ ਆਸਰੇ ਹੀ ਹੈ। ਦੱਸ ਦੇਈਏ ਕਿ ਲਖਨਊ ਦੇ ਚਿਪ ਕਾਂਡ ਤੋਂ ਬਾਅਦ ਸਰਕਾਰ ਨੇ ਉਕਤ ਵਿਭਾਗ ਨੂੰ ਪੈਟਰੋਲ ਪੰਪਾਂ ਦੀ ਰੂਟੀਨ ਚੈਕਿੰਗ ਦੇ ਹੁਕਮ ਦਿੱਤੇ ਸਨ ਪਰ ਹੁਣ ਇਹ ਕਾਰਵਾਈ ਠੱਪ ਹੋ ਕੇ ਰਹਿ ਗਈ ਹੈ।
ਧਿਆਨਦੇਣਯੋਗ ਹੈ ਕਿ ਗਾਹਕਾਂ ਦੇ ਵਾਹਨਾਂ 'ਚ ਤੇਲ ਭਰਨ ਦੌਰਾਨ ਕੁੰਡੀ ਮਾਰਨ ਦੇ ਦੋਸ਼ਾਂ ਵਿਚ ਨਗਰ ਦੇ ਕੁੱਝ ਪੈਟਰੋਲ ਪੰਪਾਂ ਦੇ ਕਰਮਚਾਰੀ ਆਮ ਕਰ ਕੇ ਮੀਡੀਆ ਦੀਆਂ ਸੁਰਖੀਆਂ ਬਣਦੇ ਰਹਿੰਦੇ ਹਨ, ਜਿਨ੍ਹਾਂ ਨੂੰ ਕਦੇ ਸ਼ਹਿਰ ਦੇ ਏ. ਡੀ. ਸੀ. ਰਹੇ ਅਤੇ ਮੌਜੂਦਾ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਵੈਦ ਵੀ ਸ਼ੱਕ ਦੀ ਨਜ਼ਰ ਨਾਲ ਦੇਖਣ ਨੂੰ ਮਜਬੂਰ ਹੋ ਗਏ ਸਨ। ਮੰਨਿਆ ਜਾ ਰਿਹਾ ਸੀ ਕਿ ਅਜਿਹੇ ਪੰਪ ਕਰਮਚਾਰੀਆਂ ਦੇ ਚਿਹਰੇ ਬੇਨਕਾਬ ਕਰਨ ਲਈ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਨਵ-ਨਿਯੁਕਤ ਕੰਟ੍ਰੋਲਰ ਸਰਕਾਰ ਦੇ ਹੁਕਮਾਂ 'ਤੇ ਅਮਲ ਕਰਦੇ ਹੋਏ ਜ਼ਿਲੇ ਦੇ ਸਾਰੇ ਪੈਟਰੋਲ ਪੰਪਾਂ ਦੀ ਰੁਟੀਨ ਚੈਕਿੰਗ ਵਿਚ ਜੰਗੀ ਪੱਧਰ 'ਤੇ ਤੇਜ਼ੀ ਲਿਆ ਦੇਣਗੇ ਪਰ ਇੱਥੇ ਹੋਇਆ ਇਸ ਦੇ ਉਲਟ, ਕਿਉਂਕਿ ਜਿਨ੍ਹਾਂ ਪੈਟਰੋਲ ਪੰਪਾਂ ਦੀਆਂ ਮਸ਼ੀਨਾਂ ਦੀ ਜਾਂਚ ਵਿਭਾਗ ਵੱਲੋਂ ਪਹਿਲਾਂ ਕੀਤੀ ਜਾ ਰਹੀ ਸੀ, ਉਹ ਵੀ ਠੱਪ ਹੋ ਕੇ ਰਹਿ ਗਈ। ਇਥੇ ਅਜਿਹਾ ਨਹੀਂ ਹੈ ਕਿ ਮੌਜੂਦਾ ਦੌਰ ਵਿਚ ਪੰਪ ਕਰਮਚਾਰੀਆਂ 'ਤੇ ਤੇਲ ਘੱਟ ਪਾਉਣ ਦੇ ਦੋਸ਼ ਨਹੀਂ ਲੱਗੇ ਹਨ, ਸਗੋਂ ਬਾਵਜੂਦ ਇਸ ਦੇ ਵਿਭਾਗੀ ਅਧਿਕਾਰੀਆਂ ਨੇ 'ਪੰਚਾਂ ਦਾ ਕਿਹਾ ਸਿਰ ਮੱਥੇ, ਪਰਨਾਲਾ ਓਥੇ ਦਾ ਓਥੇ, ਵਾਲੀ ਨੀਤੀ ਅਪਣਾ ਰੱਖੀ ਹੈ। ਯਾਦ ਰਹੇ ਕਿ ਕਰੀਬ ਦੋ-ਢਾਈ ਮਹੀਨੇ ਪਹਿਲਾਂ ਲਖਨਊ ਪੈਟਰੋਲ ਪੰਪਾਂ 'ਤੇ ਲੱਗੀ ਚਿਪ ਕਾਂਡ ਦੀ ਗੂੰਜ ਨਾਲ ਪੰਜਾਬ ਸਰਕਾਰ ਨੇ ਜਦੋਂ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਰਾਜ ਭਰ ਦੇ ਪੈਟਰੋਲ ਪੰਪਾਂ ਦੇ ਨਿਰੀਖਣ ਦੇ ਹੁਕਮ ਜਾਰੀ ਕੀਤੇ ਸਨ, ਉਸ ਸਮੇਂ ਵਿਭਾਗ ਵੱਲੋਂ ਜ਼ਿਲੇ ਭਰ ਵਿਚ ਕਈ ਪੈਟਰੋਲ ਪੰਪਾਂ 'ਤੇ ਚੈਕਿੰਗ ਕਰਦੇ ਹੋਏ ਕੁਝ ਪੰਪਾਂ 'ਤੇ ਖਾਮੀਆਂ ਪਾਈਆਂ ਸਨ। ਵਿਭਾਗ ਵੱਲੋਂ ਕੁਝ ਅਜਿਹੇ ਹੀ ਪੰਪਾਂ ਦੀਆਂ ਮਸ਼ੀਨਾਂ ਵੀ ਸੀਲ ਕੀਤੀਆਂ ਗਈਆਂ ਹਨ। ਇਥੋਂ ਤਕ ਕਿ ਟ੍ਰਾਂਸਪੋਰਟ ਨਗਰ ਦੇ ਕੋਲ ਪੈਂਦੇ ਇਕ ਪੰਪ ਮਾਲਕ ਨੇ ਆਪ ਲਿਖਤੀ ਕਬੂਲ ਕੀਤਾ ਸੀ ਕਿ ਉਸ ਦੇ ਕਰਿੰਦੇ ਨੇ ਹੇਰਾਫੇਰੀ ਕਰ ਕੇ ਗਾਹਕ ਤੋਂ ਕਈ ਗੁਣਾ ਜ਼ਿਆਦਾ ਰਾਸ਼ੀ ਧੋਖੇ ਨਾਲ ਵਸੂਲੀ ਹੈ ਪਰ ਬਾਵਜੂਦ ਇਸ ਦੇ ਉਕਤ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਮਾਮਲਾ ਦਬਾ ਦਿੱਤਾ ਗਿਆ।
ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ 6 ਮੈਂਬਰ ਗ੍ਰਿਫਤਾਰ
NEXT STORY