ਅੰਮ੍ਰਿਤਸਰ, (ਸੰਜੀਵ)- ਜ਼ਿਲਾ ਪੁਲਸ ਵੱਲੋਂ ਗ੍ਰਿਫਤਾਰ 3 ਨੌਜਵਾਨਾਂ ਤੋਂ 1 ਪਿਸਤੌਲ ਤੇ 2 ਰਿਵਾਲਵਰ ਬਰਾਮਦ ਕੀਤੇ ਗਏ। ਪੁਲਸ ਅਨੁਸਾਰ ਗ੍ਰਿਫਤਾਰ ਕੀਤੇ ਗਏ ਤਿੰਨਾਂ ਨੌਜਵਾਨਾਂ ਦਾ ਅਜੇ ਤੱਕ ਕੋਈ ਵੀ ਅਪਰਾਧਿਕ ਰਿਕਾਰਡ ਸਾਹਮਣੇ ਨਹੀਂ ਆਇਆ, ਜਦੋਂ ਕਿ ਉਨ੍ਹਾਂ ਦੇ ਕਬਜ਼ੇ ’ਚੋਂ 3 ਪਿਸਤੌਲ ਬਰਾਮਦ ਹੋਏ ਹਨ, ਜਿਨ੍ਹਾਂ ਨੂੰ ਉਹ ਆਪਣੀ ਡੱਬ ਵਿਚ ਲਾ ਕੇ ਘੁੰਮਿਆ ਕਰਦੇ ਸਨ। ਗ੍ਰਿਫਤਾਰ ਕੀਤੇ ਗਏ ਦੋਸ਼ੀਅਾਂ ’ਚ ਅਕਾਸ਼ ਸੰਧੂ ਉਰਫ ਆਸ਼ੂ ਵਾਸੀ ਰਾਮਬਾਗ, ਦਾਨਿਸ਼ ਸੰਧੂ ਵਾਸੀ ਗਲੀ ਸ਼ਹੀਦ ਮਹਿੰਦਰਪਾਲ ਵਾਲੀ ਰਾਮਬਾਗ ਤੇ ਰਣਜੀਤ ਸਿੰਘ ਰਾਣਾ ਵਾਸੀ ਮੋਹਨੀ ਪਾਰਕ ਸ਼ਾਮਲ ਹਨ, ਜਿਨ੍ਹਾਂ ਵਿਰੁੱਧ ਥਾਣਾ ਰਾਮਬਾਗ ਦੀ ਪੁਲਸ ਨੇ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਜਾਂਚ ਲਈ ਮਾਣਯੋਗ ਅਦਾਲਤ ਦੇ ਨਿਰਦੇਸ਼ਾਂ ’ਤੇ 1 ਦਿਨ ਦੇ ਪੁਲਸ ਰਿਮਾਂਡ ’ਤੇ ਲਿਆ ਹੈ। ਇਹ ਖੁਲਾਸਾ ਅੱਜ ਏ. ਡੀ. ਸੀ. ਪੀ. ਜਗਜੀਤ ਸਿੰਘ ਵਾਲੀਆ ਤੇ ਥਾਣਾ ਰਾਮਬਾਗ ਦੇ ਇੰਚਾਰਜ ਇੰਸਪੈਕਟਰ ਜਸਪਾਲ ਸਿੰਘ ਨੇ ਇਕ ਪੱਤਰਕਾਰ ਸੰਮੇਲਨ ਦੌਰਾਨ ਕੀਤਾ।
ਉਨ੍ਹਾਂ ਦੱਸਿਆ ਕਿ ਸੂਚਨਾ ਦੇ ਆਧਾਰ ’ਤੇ ਸਥਾਨਕ ਸਿਟੀ ਸੈਂਟਰ ਸਥਿਤ ਗੁਰੂ ਨਾਨਕ ਭਵਨ ਪਾਰਕਿੰਗ ਨੇਡ਼ੇ ਲਾਏ ਗਏ ਨਾਕੇ ਦੌਰਾਨ ਉਕਤ ਦੋਸ਼ੀ ਅਕਾਸ਼ ਸੰਧੂ ਤੇ ਦਾਨਿਸ਼ ਸੰਧੂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਦੇ ਕਬਜ਼ੇ ’ਚੋਂ 32 ਬੋਰ ਦਾ ਇਕ ਪਿਸਤੌਲ ਤੇ 2 ਜ਼ਿੰਦਾ ਕਾਰਤੂਸ ਬਰਾਮਦ ਹੋਏ। ਦੋਵਾਂ ਵਿਰੁੱਧ ਆਰਮਜ਼ ਐਕਟ ਅਧੀਨ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਅਾਰੰਭਿਕ ਜਾਂਚ ਵਿਚ ਦਾਨਿਸ਼ ਸੰਧੂ ਨੇ ਆਪਣੇ ਘਰੋਂ 7.62 ਦਾ ਇਕ ਪਿਸਤੌਲ ਤੇ ਮੈਗਜ਼ੀਨ ਬਰਾਮਦ ਕਰਵਾਇਆ। ਜਾਂਚ ਦੌਰਾਨ ਦੋਸ਼ੀਅਾਂ ਨੇ ਇਹ ਵੀ ਮੰਨਿਆ ਕਿ ਉਨ੍ਹਾਂ ਨੇ ਇਕ ਰਿਵਾਲਵਰ ਉਕਤ ਦੋਸ਼ੀ ਰਣਜੀਤ ਸਿੰਘ ਨੂੰ 30 ਹਜ਼ਾਰ ਰੁਪਏ ਵਿਚ ਦਿੱਤਾ ਸੀ, ਜਿਸ ’ਤੇ ਛਾਪੇਮਾਰੀ ਕਰ ਕੇ ਰਣਜੀਤ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਤੇ ਉਸ ਦੀ ਨਿਸ਼ਾਨਦੇਹੀ ’ਤੇ ਉਸ ਦੇ ਘਰੋਂ ਇਕ 32 ਬੋਰ ਦਾ ਰਿਵਾਲਵਰ ਬਰਾਮਦ ਹੋਇਆ। ਪੁਲਸ ਦੋਸ਼ੀਅਾਂ ਤੋਂ ਗੰਭੀਰਤਾ ਨਾਲ ਪੁੱਛਗਿੱਛ ਕਰ ਰਹੀ ਹੈ।
ਕਿਥੋਂ ਦੇ ਬਣੇ ਹੋਏ ਹਨ ਰਿਵਾਲਵਰ?
ਦੋਸ਼ੀਅਾਂ ਤੋਂ ਬਰਾਮਦ ਕੀਤੇ ਗਏ 32 ਬੋਰ ਦੇ ਰਿਵਾਲਵਰ ਕਾਨਪੁਰ ਦੇ ਬਣੇ ਹੋਏ ਹਨ ਤੇ ਦਾਨਿਸ਼ ਸੰਧੂ ਦਾ ਕਹਿਣਾ ਹੈ ਜੋ ਪਿਸਤੌਲ ਉਸ ਨੇ ਬਰਾਮਦ ਕਰਵਾਇਆ ਹੈ ਉਹ ਉਸ ਨੂੰ ਇਕ ਰਿਕਸ਼ਾ ਵਾਲੇ ਨੇ ਦਿੱਤਾ ਸੀ। ਦਾਨਿਸ਼ ਤੋਂ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਪੁਲਸ ਇਸ ਤਹਿ ਤੱਕ ਜਾਵੇਗੀ ਕਿ ਉਕਤ ਦੋਸ਼ੀ ਕਾਨਪੁਰ ਦੇ ਕਿਸ ਵਿਅਕਤੀ ਤੋਂ 32 ਬੋਰ ਦੇ ਦੇਸੀ ਰਿਵਾਲਵਰ ਲੈ ਕੇ ਆਉਂਦੇ ਸਨ।
ਟਰੇਨ ਦੀ ਫੇਟ ਵੱਜਣ ਨਾਲ ਵਿਅਕਤੀ ਦੀ ਮੌਤ
NEXT STORY