ਚੰਡੀਗੜ੍ਹ (ਭੁੱਲਰ) - ਡੇਰਾ ਸੱਚਾ ਸੌਦਾ ਪ੍ਰਮੁੱਖ ਰਾਮ ਰਹੀਮ ਦੇ ਜੇਲ ਵਿਚ ਜਾਣ ਤੋਂ ਬਾਅਦ ਹੁਣ ਉਨ੍ਹਾਂ ਦੇ ਕੰਮ ਸਬੰਧੀ ਰੋਜ਼ਾਨਾ ਨਵੇਂ ਖੁਲਾਸੇ ਹੋ ਰਹੇ ਹਨ। ਅੱਜ ਰਾਮ ਰਹੀਮ ਦੇ ਡੇਰੇ ਵਿਚ ਉਨ੍ਹਾਂ ਦੇ ਨਜ਼ਦੀਕੀ ਰਹੇ ਦੋ ਸਾਬਕਾ ਸੇਵਾਦਾਰਾਂ ਗੁਰਦਾਸ ਸਿੰਘ ਤੇ ਹੰਸਰਾਜ ਚੌਹਾਨ ਨੇ ਕਈ ਅਹਿਮ ਖੁਲਾਸੇ ਚੰਡੀਗੜ੍ਹ ਵਿਚ ਮੀਡੀਆ ਦੇ ਰੂ-ਬ-ਰੂ ਹੁੰਦੇ ਹੋਏ ਕੀਤੇ। ਲਾਇਰਜ਼ ਫਾਰ ਹਿਊਮਨ ਰਾਈਟਸ ਇੰਟਰਨੈਸ਼ਨਲ ਦੇ ਸਹਿਯੋਗ ਨਾਲ ਕੀਤੀ ਗਈ ਪ੍ਰੈੱਸ ਕਾਨਫਰੰਸ ਵਿਚ ਕੀਤੇ ਗਏ ਖੁਲਾਸਿਆਂ ਅਨੁਸਾਰ ਰਾਮ ਰਹੀਮ ਵਲੋਂ ਸਮਾਜ ਕਲਿਆਣ ਦੇ ਕੰਮਾਂ ਦੇ ਨਾਂ 'ਤੇ ਗ੍ਰੀਨ ਐੱਸ. ਵੈੱਲਫੇਅਰ ਫੋਰਸ ਬਣਾਈ ਗਈ ਹੈ, ਜਿਸ ਦੇ 2002 ਤੋਂ ਪਹਿਲਾਂ 20,000 ਮੈਂਬਰ ਸਨ, ਜਦਕਿ ਹੁਣ ਇਨ੍ਹਾਂ ਦੀ ਗਿਣਤੀ ਕਈ ਗੁਣਾ ਵਧ ਗਈ ਹੈ। ਇਸ ਫੋਰਸ ਨੂੰ ਹਰ ਤਰ੍ਹਾਂ ਦੇ ਕੰਮ ਲਈ ਪੂਰੀ ਤਰ੍ਹਾਂ ਟ੍ਰੇਨਿੰਗ ਦਿੱਤੀ ਗਈ ਹੈ। ਉਨ੍ਹਾਂ ਇਹ ਵੀ ਖੁਲਾਸਾ ਕੀਤਾ ਕਿ ਪੁਲਸ ਤੇ ਫੌਜ ਦੇ ਕੁੱਝ ਸਾਬਕਾ ਅਧਿਕਾਰੀਆਂ ਤੋਂ ਇਲਾਵਾ ਰਾਮ ਰਹੀਮ ਖੁਦ ਆਪਣੇ ਸੇਵਾਦਾਰਾਂ ਨੂੰ ਹਥਿਆਰ ਚਲਾਉਣ ਦੀ ਟ੍ਰੇਨਿੰਗ ਦਿੰਦਾ ਸੀ। ਡੇਰੇ ਵਿਚ ਬਣੇ ਸਕੂਲ ਵਿਚ ਪੜ੍ਹਨ ਵਾਲੀਆਂ ਲੜਕੀਆਂ ਨੂੰ ਵਰਗਲਾਉਣ ਦੀ ਗੱਲ ਵੀ ਉਨ੍ਹਾਂ ਨੇ ਦੱਸੀ। ਉਨ੍ਹਾਂ ਇਹ ਵੀ ਦੱਸਿਆ ਕਿ ਸਾਧੂਆਂ ਨੂੰ ਨਿਪੁੰਸਕ ਬਣਾਉਣ ਤੋਂ ਪਹਿਲਾਂ ਇਸ ਦਾ ਤਜਰਬਾ ਘੋੜੇ 'ਤੇ ਕੀਤਾ ਗਿਆ ਸੀ।
ਪ੍ਰੈੱਸ ਕਾਨਫਰੰਸ ਵਿਚ ਲਾਇਰਜ਼ ਫਾਰ ਹਿਊਮਨ ਰਾਈਟਸ ਇੰਟਰਨੈਸ਼ਨਲ ਦੇ ਮੁੱਖ ਕਨਵੀਨਰ ਨਵਕਿਰਨ ਸਿੰਘ ਐਡਵੋਕੇਟ ਨੇ ਐਲਾਨ ਕੀਤਾ ਕਿ ਡੇਰੇ ਵਿਚ ਰਹਿੰਦੇ ਹੋਏ ਜਿਸ ਵੀ ਕਿਸੇ ਵਿਅਕਤੀ ਜਾਂ ਮਹਿਲਾ ਨਾਲ ਗਲਤ ਕੰਮ ਹੋਇਆ ਹੈ, ਉਹ ਬਿਨਾਂ ਕਿਸੇ ਡਰ ਤੋਂ ਸਾਹਮਣੇ ਆਵੇ, ਅਦਾਲਤ ਵਿਚ ਉਨ੍ਹਾਂ ਦੀ ਲੜਾਈ ਮੁਫ਼ਤ ਲੜੀ ਜਾਵੇਗੀ।
ਕੀ ਖੁਲਾਸੇ ਕੀਤੇ ਸੇਵਾਦਾਰਾਂ ਨੇ
ਸਿਰਸਾ ਨਾਲ ਹੀ ਸਬੰਧਤ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਰਹੇ ਗੁਰਦਾਸ ਸਿੰਘ ਤੂਰ ਨੇ ਆਪਣੀ ਕਹਾਣੀ ਬਿਆਨ ਕਰਦਿਆਂ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਸ਼ਾਹ ਸਤਿਨਾਮ ਦੇ ਸਮੇਂ ਤੋਂ ਹੀ ਡੇਰੇ ਦਾ ਸ਼ਰਧਾਲੂ ਹੈ। ਉਸ ਨੇ ਦੱਸਿਆ ਕਿ 1996 ਵਿਚ ਖੁਦ ਰਾਮ ਰਹੀਮ ਸਾਡੇ ਘਰ ਆਏ ਸਨ ਤੇ ਮੇਰਾ ਨਾਂ ਪੁੱਛਣ 'ਤੇ ਉਨ੍ਹਾਂ ਨੇ ਸਾਡੇ ਘਰ ਵਾਲਿਆਂ ਨੂੰ ਕਿਹਾ ਕਿ ਇਸ ਦਾ ਨਾਂ ਗੁਰੂਆਂ ਦੇ ਨਾਂ 'ਤੇ ਹੈ, ਜਿਸ ਕਾਰਨ ਇਹ ਸਾਨੂੰ ਦੇ ਦੇਵੋ। ਉਸ ਨੇ ਦੱਸਿਆ ਕਿ ਉਸ ਤੋਂ ਬਾਅਦ ਉਸ ਨੇ ਡੇਰੇ ਵਿਚ ਸੇਵਾਦਾਰ ਦੇ ਤੌਰ 'ਤੇ ਕੰਮ ਸ਼ੁਰੂ ਕੀਤਾ। ਉਸ ਦਾ ਕੰਮ ਪ੍ਰਿੰਟਿੰਗ ਪ੍ਰੈੱਸ ਵਿਚ ਸੀ ਤੇ ਰਾਮ ਰਹੀਮ ਦੇ ਪ੍ਰਬੰਧਕਾਂ ਵਿਚ ਉਸ ਦਾ ਚੌਥਾ ਸਥਾਨ ਸੀ। ਡੇਰੇ ਲਈ ਸਾਮਾਨ ਦੀ ਖਰੀਦੋ-ਫਰੋਖਤ ਕਰਨਾ ਉਸ ਦੀ ਜ਼ਿੰਮੇਵਾਰੀ ਸੀ। ਜਦ ਉਹ ਸਾਮਾਨ ਖਰੀਦਣ ਲਈ ਦਿੱਲੀ ਜਾਂਦੇ ਸਨ, ਉਸ ਸਮੇਂ ਵੀ ਉਹ ਉਨ੍ਹਾਂ ਨੂੰ ਮਿਲ ਕੇ ਜਾਂਦੇ ਸਨ ਤੇ ਆ ਕੇ ਵੀ ਮਿਲਦੇ ਸਨ।
ਕਈ ਗਲਤ ਕੰਮ ਅੱਖੀਂ ਦੇਖੇ
ਇਸ ਦੌਰਾਨ ਉਸ ਨੇ ਕਈ ਗਲਤ ਕੰਮ ਹੁੰਦੇ ਆਪਣੇ ਅੱਖੀਂ ਦੇਖੇ। ਉਸ ਨੇ ਦੱਸਿਆ ਕਿ ਸਾਲ 2002 ਵਿਚ ਪੱਤਰਕਾਰ ਛੱਤਰਪਤੀ 'ਤੇ ਹਮਲੇ ਤੋਂ ਪਹਿਲਾਂ ਉਸ ਨੇ ਦੇਖਿਆ ਕਿ ਰਾਮ ਰਹੀਮ ਕੁਲਦੀਪ ਤੇ ਨਿਰਮਲ ਨਾਂ ਦੇ ਡੇਰੇ ਵਿਚ ਲੱਕੜੀ ਦੇ ਮਿਸਤਰੀ ਦੇ ਤੌਰ 'ਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਖੁਦ ਪਿਸਤੌਲ ਚਲਾਉਣ ਦੀ ਟ੍ਰੇਨਿੰਗ ਦੇ ਰਹੇ ਸਨ।
ਰਾਮ ਰਹੀਮ ਨੇ ਟ੍ਰੇਨਿੰਗ ਲਈ ਆਪਣੀ ਗੁਫ਼ਾ ਵਿਚ ਇਕ ਵਿਸ਼ੇਸ਼ ਸਥਾਨ ਬਣਾਇਆ ਹੋਇਆ ਸੀ, ਜਿਸ ਵਿਚ ਸਾਹਮਣੇ ਬੋਰਡ 'ਤੇ ਨਿਸ਼ਾਨਾ ਲਾਉਣ ਲਈ ਟਾਰਗੇਟ ਵੀ ਬਣਾਇਆ ਹੋਇਆ ਸੀ। ਇਸ ਤੋਂ ਬਾਅਦ ਜਦੋਂ ਛੱਤਰਪਤੀ ਦੀ ਹੱਤਿਆ ਹੋਈ ਤੇ ਉਸ ਮਾਮਲੇ 'ਚ ਕੁਲਦੀਪ ਨਾਂ ਦਾ ਹੀ ਵਿਅਕਤੀ ਫੜਿਆ ਗਿਆ ਤਾਂ ਉਸ ਸਮੇਂ ਉਸ ਨੂੰ ਵੱਡਾ ਝਟਕਾ ਲੱਗਾ ਸੀ। ਗੁਰਦਾਸ ਨੇ ਇਹ ਵੀ ਦੱਸਿਆ ਕਿ ਰਾਮ ਰਹੀਮ ਡੇਰੇ ਵਿਚ ਲੜਕੀਆਂ ਨੂੰ ਵਰਗਲਾਉਣ ਦਾ ਕੰਮ ਵੀ ਕਰਦਾ ਸੀ।
ਲੜਕੀਆਂ ਤੋਂ ਇਹ ਪੁੱਛਦਾ ਸੀ ਪਹਿਲਾ ਸਵਾਲ
ਗੁਰਦਾਸ ਨੇ ਦੱਸਿਆ ਕਿ ਰਾਮ ਰਹੀਮ ਲੜਕੀਆਂ ਵਿਚ ਜਾ ਕੇ ਬੈਠ ਜਾਂਦਾ ਸੀ ਤੇ ਸਭ ਤੋਂ ਪਹਿਲਾਂ ਇਹ ਪੁੱਛਦਾ ਸੀ ਕਿ ਇਹ ਸਰੀਰ ਤੁਹਾਨੂੰ ਕਿਸ ਨੇ ਦਿੱਤਾ? ਇਸ 'ਤੇ ਲੜਕੀਆਂ ਉਸ ਨੂੰ ਭਗਵਾਨ ਮੰਨ ਕੇ ਕਹਿੰਦੀਆਂ ਸਨ ਕਿ ਤੁਹਾਡਾ ਹੀ ਦਿੱਤਾ ਹੋਇਆ ਹੈ। ਇਸ ਤੋਂ ਬਾਅਦ ਉਹ ਲੜਕੀਆਂ ਨਾਲ ਹੋਰ ਵੀ ਕਈ ਅਜਿਹੀਆਂ ਗੱਲਾਂ ਕਰਦਾ, ਜੋ ਦੱਸੀਆਂ ਵੀ ਨਹੀਂ ਜਾ ਸਕਦੀਆਂ। ਇਸ ਤੋਂ ਬਾਅਦ ਉਹ ਲੜਕੀਆਂ ਦੀ ਚੋਣ ਕਰਕੇ ਉਨ੍ਹਾਂ ਦਾ ਇਸਤੇਮਾਲ ਕਰਦਾ।
ਰਾਮ ਰਹੀਮ ਦਾ ਅਸਲੀ ਨਾਂ ਹਰਪਾਲ ਸਿੰਘ
ਗੁਰਦਾਸ ਨੇ ਰਾਮ ਰਹੀਮ ਦੇ ਜਨਮ ਸਥਾਨ ਬਾਰੇ ਖੁਲਾਸਾ ਕੀਤਾ ਕਿ ਉਹ ਆਪਣਾ ਜਨਮ ਰਾਜਸਥਾਨ ਦੇ ਗੁਰੂਸਰ ਮੌੜੀਆਂ ਵਿਚ ਹੋਇਆ ਦੱਸਦਾ ਹੈ ਪਰ ਉਸ ਦਾ ਜਨਮ ਅਬੋਹਰ ਦੇ ਨਜ਼ਦੀਕੀ ਪਿੰਡ ਕਿੱਕਰਖੇੜਾ ਦਾ ਹੈ। ਗੁਰਦਾਸ ਨੇ ਦੱਸਿਆ ਸੀ ਕਿ ਇਸ ਸਬੰਧੀ ਉਨ੍ਹਾਂ ਨੇ ਫਿਰੋਜ਼ਪੁਰ ਤੋਂ ਸਰਟੀਫਿਕੇਟ ਹਾਸਲ ਕਰਕੇ ਸੱਚਾਈ ਦਾ ਪਤਾ ਲਾਇਆ ਸੀ। ਉਸ ਨੇ ਇਹ ਵੀ ਕਿਹਾ ਕਿ ਇਹ ਜਾਣਕਾਰੀ ਪ੍ਰਦਾਨ ਕਰਨ ਤੋਂ ਬਾਅਦ ਸਾਡੇ ਇਕ ਸਾਥੀ ਰਹੇ ਸ਼ਿਵਜੰਟ ਦੀ ਡੇਰੇ ਦੇ ਵਿਅਕਤੀਆਂ ਵਲੋਂ ਹੱਤਿਆ ਕਰ ਦਿੱਤੀ ਗਈ ਸੀ ਤੇ ਉਲਟਾ ਬਾਅਦ ਵਿਚ ਉਸ ਦਾ ਕੇਸ ਮੇਰੇ 'ਤੇ ਪਾ ਦਿੱਤਾ ਗਿਆ ਸੀ। ਬਾਅਦ ਵਿਚ ਮੇਰਾ ਲਾਈ ਡਿਟੈਕਟ ਟੈਸਟ ਵੀ ਕੀਤਾ ਗਿਆ ਪਰ ਇਹ ਕੇਸ ਝੂਠਾ ਨਿਕਲਿਆ। ਪ੍ਰਾਪਤ ਕੀਤੇ ਗਏ ਸਰਟੀਫਿਕੇਟ ਅਨੁਸਾਰ ਰਾਮ ਰਹੀਮ ਦਾ ਜਨਮ 1967 ਦਾ ਹੈ ਤੇ ਉਸ ਦਾ ਅਸਲੀ ਨਾਂ ਹਰਪਾਲ ਸਿੰਘ ਹੈ।
ਡੇਰੇ 'ਚ ਹਥਿਆਰਾਂ ਦਾ ਵੱਡਾ ਜ਼ਖੀਰਾ
ਗੁਰਦਾਸ ਸਿੰਘ ਨੇ ਦੱਸਿਆ ਕਿ ਡੇਰਾ ਸਿਰਸਾ ਦੇ ਅੰਦਰ ਹਥਿਆਰਾਂ ਦਾ ਵੀ ਵੱਡਾ ਜ਼ਖੀਰਾ ਹੈ, ਜਿਸ ਕਾਰਨ ਤੁਰੰਤ ਹੀ ਉਸ ਦੀ ਤਲਾਸ਼ੀ ਹੋਣੀ ਚਾਹੀਦੀ ਹੈ। ਉਸ ਨੇ ਇਹ ਵੀ ਖਦਸ਼ਾ ਜ਼ਾਹਿਰ ਕੀਤਾ ਕਿ ਪੰਚਕੂਲਾ ਮਾਮਲੇ ਦੌਰਾਨ ਜ਼ਿਆਦਾ ਅਸਲਾ ਤੇ ਦਸਤਾਵੇਜ਼ੀ ਸਬੂਤ ਡੇਰਾ ਪ੍ਰਬੰਧਕਾਂ ਨੇ ਉਥੋਂ ਕੱਢ ਦਿੱਤੇ ਹਨ। ਉਸ ਨੇ ਦੱਸਿਆ ਕਿ 25 ਅਗਸਤ ਨੂੰ ਅਦਾਲਤ ਜਾਣ ਸਮੇਂ ਡੇਰੇ ਤੋਂ ਰਾਮ ਰਹੀਮ ਨਾਲ 300 ਤੋਂ ਵੱਧ ਗੱਡੀਆਂ ਦਾ ਕਾਫ਼ਿਲਾ ਸੀ ਪਰ ਪੰਚਕੂਲਾ ਤਕ ਪਹੁੰਚਦੇ-ਪਹੁੰਚਦੇ 150 ਗੱਡੀਆਂ ਹੀ ਗਈਆਂ, ਬਾਕੀ ਕਿੱਥੇ ਗਈਆਂ, ਇਸ ਦਾ ਕੁੱਝ ਵੀ ਪਤਾ ਨਹੀਂ ਲੱਗਾ। ਉਸ ਨੇ ਦੱਸਿਆ ਕਿ ਭੰਨ-ਤੋੜ ਤੇ ਹਿੰਸਾ ਲਈ ਡੇਰੇ ਦੀ ਫੌਜ ਦੇ ਮੈਂਬਰ ਪੂਰੀ ਤਰ੍ਹਾਂ ਟ੍ਰੇਂਡ ਸਨ ਤੇ ਜੇਕਰ ਇਹ ਯੋਜਨਾ ਹਾਈਕੋਰਟ ਦੇ ਸਖ਼ਤ ਹੁਕਮਾਂ ਕਾਰਨ ਫੇਲ ਨਾ ਹੁੰਦੀ ਤਾਂ ਉਹ ਪੰਚਕੂਲਾ ਦੇ ਨਾਲ ਚੰਡੀਗੜ੍ਹ ਨੂੰ ਵੀ ਤਬਾਹ ਕਰ ਸਕਦੇ ਸਨ।
177 ਨਿਪੁੰਸਕ ਬਣਾਏ ਸਾਧੂਆਂ ਦੀ ਸੂਚੀ ਸੀ. ਬੀ. ਆਈ. ਨੂੰ ਦਿੱਤੀ
ਡੇਰਾ ਸਿਰਸਾ ਵਿਚ ਨਿਪੁੰਸਕ ਬਣਾਏ ਗਏ ਹੰਸਰਾਜ ਚੌਹਾਨ ਨੇ ਜੋ ਹਾਈਕੋਰਟ ਵਿਚ ਇਸ ਮਾਮਲੇ ਨੂੰ ਲੈ ਕੇ ਕੇਸ ਲੜ ਰਹੇ ਹਨ, ਨੇ ਦੱਸਿਆ ਕਿ ਉਸ ਨੇ ਸੀ. ਬੀ. ਆਈ. ਨੂੰ 177 ਸਾਧੂਆਂ ਦੀ ਲਿਸਟ ਹੁਣ ਤੱਕ ਸੌਂਪੀ ਹੈ, ਜਿਨ੍ਹਾਂ ਨੂੰ ਨਿਪੁੰਸਕ ਬਣਾਇਆ ਗਿਆ। ਉਸ ਨੇ ਆਪਣੀ ਕਹਾਣੀ ਦੱਸਦਿਆਂ ਕਿਹਾ ਕਿ ਉਸ ਦਾ ਪਰਿਵਾਰ ਸ਼ੁਰੂ ਤੋਂ ਹੀ ਡੇਰੇ ਦਾ ਸ਼ਰਧਾਲੂ ਸੀ ਤੇ ਉਹ ਵੀ ਇਸੇ ਰਸਤੇ 'ਤੇ ਚਲਾ ਗਿਆ ਤੇ ਉਸ ਨੇ ਛੋਟੀ ਉਮਰ 'ਚ ਹੀ 1986 ਤੋਂ ਹੀ ਡੇਰੇ ਵਿਚ ਜਾਣਾ ਸ਼ੁਰੂ ਕਰ ਦਿੱਤਾ। ਉਸ ਨੇ ਦੱਸਿਆ ਰਾਮ ਰਹੀਮ ਨੇ ਉਸ ਨੂੰ ਬਰਫ਼ੀ ਦੇ ਦੋ ਪੀਸ ਦੇ ਕੇ ਸਾਧੂ ਬਣਾਇਆ ਸੀ। ਮੇਰੀ ਡਿਊਟੀ ਸਭ ਤੋਂ ਪਹਿਲਾਂ ਸੇਵਾਦਾਰ ਦੇ ਰੂਪ ਵਿਚ ਸਾਊਂਡ ਸਿਸਟਮ 'ਤੇ ਲਾਈ ਗਈ ਸੀ। ਮੈਨੂੰ ਗਿਟਾਰ ਵਜਾਉਣ ਤੇ ਸੰਗੀਤ ਦੀ ਵੀ ਸ਼ੁਰੂ ਤੋਂ ਹੀ ਟ੍ਰੇਨਿੰਗ ਦਿੱਤੀ ਗਈ ਸੀ ਤੇ ਮੈਨੂੰ ਇਹ ਚੰਗਾ ਲੱਗਦਾ ਸੀ ਕਿਉਂਕਿ ਸੰਗੀਤ ਵਿਚ ਮੇਰੀ ਰੁਚੀ ਵੀ ਸੀ। ਸ਼ੁਰੂ ਵਿਚ ਸਾਧੂਆਂ ਦੀ ਗਿਣਤੀ 10-12 ਸੀ ਪਰ ਬਾਅਦ ਵਿਚ 400 ਤੱਕ ਪਹੁੰਚ ਗਈ ਸੀ। ਰਾਮ ਰਹੀਮ ਸਾਧੂਆਂ ਨੂੰ ਇਹੀ ਕਹਿੰਦਾ ਸੀ ਕਿ ਤੁਸੀਂ ਛੋਟਾ ਜਿਹਾ ਆਪ੍ਰੇਸ਼ਨ ਕਰਵਾ ਲਓ, ਜਿਸ ਦਾ ਕੋਈ ਨੁਕਸਾਨ ਨਹੀਂ ਹੈ ਤੇ ਇਸ ਨਾਲ ਤੁਹਾਡਾ ਧਿਆਨ ਇਧਰ-ਉਧਰ ਨਹੀਂ ਭਟਕੇਗਾ। ਉਸ ਦਾ ਕਹਿਣਾ ਸੀ ਕਿ ਰਾਮ ਰਹੀਮ ਨੇ ਅਜਿਹਾ ਕਹਿਣਾ ਉਸ ਸਮੇਂ ਸ਼ੁਰੂ ਕੀਤਾ ਸੀ, ਜਦ ਉਸ ਨੂੰ ਲੱਗਿਆ ਕਿ ਸਾਧੂ ਉਸ ਦਾ ਡੇਰਾ ਛੱਡਣ ਲੱਗੇ ਹਨ। ਮੈਨੂੰ ਵੀ ਰਾਜਸਥਾਨ ਦੇ ਇਕ ਹਸਪਤਾਲ ਵਿਚ ਲਿਜਾ ਕੇ ਨਿਪੁੰਸਕ ਬਣਾਇਆ ਗਿਆ, ਜਿਸ ਦਾ ਅਹਿਸਾਸ ਮੈਨੂੰ ਤਿੰਨ ਦਿਨ ਬਾਅਦ ਹੋਇਆ, ਜਦ ਪੱਟੀਆਂ ਉਤਰਨ ਲੱਗੀਆਂ। ਇਸ ਤੋਂ ਬਾਅਦ ਮੈਂ ਡੇਰਾ ਛੱਡ ਦਿੱਤਾ, ਜਿਸ ਤੋਂ ਬਾਅਦ ਮੈਨੂੰ ਵਾਪਸ ਬੁਲਾਉਣ ਲਈ ਵੱਡੇ ਅਹੁਦੇ ਦਾ ਲਾਲਚ ਵੀ ਦਿੱਤਾ ਗਿਆ। ਇਸੇ ਦੌਰਾਨ ਮੇਰਾ ਸੰਪਰਕ ਗੁਰਦਾਸ ਸਿੰਘ ਨਾਲ ਹੋਇਆ, ਜਿਸ ਨੇ ਮੈਨੂੰ ਐਡਵੋਕੇਟ ਨਵਕਿਰਨ ਸਿੰਘ ਨਾਲ ਮਿਲਾਇਆ, ਜਿਨ੍ਹਾਂ ਨੇ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ। ਚੌਹਾਨ ਨੇ ਦੱਸਿਆ ਕਿ ਮੇਰੇ ਮਾਤਾ-ਪਿਤਾ ਦੀ ਮੈਨੂੰ ਨਿਪੁੰਸਕ ਬਣਾਏ ਜਾਣ ਬਾਰੇ ਪਤਾ ਲੱਗਣ 'ਤੇ ਸਦਮੇ ਨਾਲ ਹੀ ਮੌਤ ਹੋ ਗਈ।
...ਜਦੋਂ ਹੰਸਰਾਜ ਦੇ ਹੰਝੂ ਵਗਣ ਲੱਗੇ
ਪ੍ਰੈੱਸ ਕਾਨਫਰੰਸ ਦੌਰਾਨ ਚੌਹਾਨ ਦੇ ਹੰਝੂ ਨਿੱਕਲ ਪਏ। ਉਸ ਨੇ ਕਿਹਾ ਕਿ ਰਾਮ ਰਹੀਮ ਸਾਧੂਆਂ ਦੇ ਖਾਲੀ ਪੇਪਰਾਂ 'ਤੇ ਦਸਤਖਤ ਵੀ ਕਰਵਾ ਲੈਂਦਾ ਸੀ, ਜਿਸ ਕਾਰਨ ਉਹ ਬੋਲ ਵੀ ਨਹੀਂ ਸਨ ਸਕਦੇ। ਉਸ ਨੇ ਕਿਹਾ ਕਿ ਹੁਣ ਉਸ ਨੂੰ ਵੀ ਨਿਆਂ ਦੀ ਪੂਰੀ ਆਸ ਹੈ ਤੇ ਰਾਮ ਰਹੀਮ ਦੇ ਖਿਲਾਫ ਉਹ ਅੰਤ ਤੱਕ ਲੜੇਗਾ।
ਨਾਕੇ ਉੱਤੇ ਖੜ੍ਹੀ ਪੁਲਸ ਪਾਰਟੀ 'ਤੇ ਟਰੱਕ ਚੜ੍ਹਾਉੁਣ ਵਾਲੇ ਨੂੰ 5 ਸਾਲ ਦੀ ਕੈਦ
NEXT STORY