ਝਬਾਲ/ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ) - ਭਾਰਤੀ ਇਨਕਲਾਬ ਮਾਰਕਸਵਾਦੀ ਪਾਰਟੀ (ਆਰ. ਐੱਮ. ਪੀ. ਆਈ.) ਵਲੋਂ ਵੀਰਵਾਰ ਨੂੰ ਪਿੰਡ ਚੀਮਾ ਕਲਾਂ ਪੰਜਾਬ ਸਰਕਾਰ ਅਤੇ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਸ ਦਾ ਪੁਤਲਾ ਫੂਕ ਕੇ ਰੋਸ ਮੁਜਾਹਰਾ ਕੀਤਾ ਗਿਆ। ਜਮਹੂਰੀ ਕਿਸਾਨ ਸਭਾ ਪੰਜਾਬ ਦੇ ਆਗੂ ਬਲਵਿੰਦਰ ਸਿੰਘ ਦੋਦੇ, ਹਰਭਜਨ ਸਿੰਘ ਚੀਮਾ, ਮੁਖਵਿੰਦਰ ਸਿੰਘ ਚੀਮਾ ਅਤੇ ਬਲਵਿੰਦਰ ਸਿੰਘ ਆਗੂ ਦਿਹਾਤੀ ਮਜ਼ਦੂਰ ਸਭਾ ਦੀ ਅਗਵਾਈ 'ਚ ਰੱਖੇ ਇਸ ਪੁੱਤਲਾ ਫੂਕ ਮੁਜਾਹਰੇ ਦੌਰਾਨ ਸੰਬੋਧਨ ਕਰਦਿਆਂ ਪਾਰਟੀ ਦੇ ਸੂਬਾਈ ਆਗੂ ਕਾਮਰੇਡ ਜਸਪਾਲ ਸਿੰਘ ਢਿੱਲੋਂ ਝਬਾਲ, ਜ਼ਿਲਾ ਪ੍ਰਧਾਨ ਹਰਦੀਪ ਸਿੰਘ ਰਸੂਲਪੁਰ ਅਤੇ ਜਸਬੀਰ ਸਿੰਘ ਗੰਡੀਵਿੰਡ ਨੇ ਕਿਹਾ ਕਿ ਸਿਆਸੀ ਇਸ਼ਾਰੇ 'ਤੇ ਥਾਣਾ ਸਰਾਏ ਅਮਾਨਤ ਖਾਂ ਦੇ ਮੁਖੀ ਵਲੋਂ ਆਮ ਲੋਕਾਂ 'ਤੇ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹਨ ਅਤੇ ਜਮਹੂਰੀ ਹੱਕਾਂ ਦੀ ਆਵਾਜ਼ ਨੂੰ ਦਬਾਉਣ ਲਈ ਹਰ ਹਰਬਾ ਵਰਤਿਆ ਜਾ ਰਿਹਾ ਹੈ। ਆਗੂਆਂ ਨੇ ਪੁਲਸ ਦੇ ਉੱਚ ਅਧਿਕਾਰੀਆਂ 'ਤੇ ਦੋਸ਼ ਲਗਾਉਦਿਆਂ ਕਿਹਾ ਕਿ ਥਾਣਾ ਮੁੱਖੀ ਵੱਲੋਂ ਕੀਤੀਆਂ ਜਾ ਰਹੀਆਂ ਅਜਿਹੀਆਂ ਸਾਰੀਆਂ ਹਰਕਤਾਂ ਦੀ ਉਨ੍ਹਾਂ ਨੂੰ ਜਾਣਕਾਰੀ ਹੋਣ ਦੇ ਬਾਵਯੂਦ ਜਨਤਕ ਜਥੇਬੰਦੀਆਂ ਵਲੋਂ ਰੋਸ ਪ੍ਰਗਟਾਉਣ 'ਤੇ ਅਫਸਰਾਂ ਵੱਲੋਂ ਜਾਂਚ ਕਰਵਾਉਣ ਦੀ ਗੱਲ ਕਹਿ ਕੇ ਮਾਮਲਿਆਂ ਨੂੰ ਰਫਾਦਫਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਜਨਤਕ ਜਥੇਬੰਦੀਆਂ ਦੇ ਆਗੂਆਂ ਨਾਲ ਕੀਤੀਆਂ ਜਾ ਰਹੀਆਂ ਮੀਟਿੰਗਾਂ ਦੌਰਾਨ ਵੀ ਪੁਲਸ ਦੇ ਜ਼ਿਲਾ ਉੱਚ ਅਧਿਕਾਰੀਆਂ ਵੱਲੋਂ ਥਾਣਾ ਮੁੱਖੀ ਸਰਾਏ ਅਮਾਨਤ ਖਾਂ ਦੇ ਮੁੱਖੀ ਵੱਲੋਂ ਕੀਤੇ ਗਏ ਪਰਚਿਆਂ ਨੂੰ ਗਲਤ ਮੰਨਦਿਆਂ ਪੜਤਾਲ ਕਰਕੇ ਪਰਚੇ ਰੱਦ ਕਰਨ ਦਾ ਭਰੋਸਾ ਦਿੱਤਾ ਜਾਂਦਾ ਆ ਰਿਹਾ ਹੈ ਪਰ ਰਾਜਸੀ ਦਬਾਅ ਦੇ ਚਲਦਿਆਂ ਆਵਾਜ਼ ਉਠਾਉਣ ਵਾਲਿਆਂ ਨੂੰ ਉੱਲਟਾ ਤੰਗ ਕੀਤਾ ਜਾਂਦਾ ਆ ਰਿਹਾ ਹੈ। ਆਗੂਆਂ ਨੇ ਕਿਹਾ ਕਿ ਜੇਕਰ ਪੁਲਸ ਜ਼ਬਰ ਅਤੇ ਹਾਕਮ ਧਿਰ ਦੀ ਗੁੰਡਾਗਰਦੀ ਬੰਦ ਨਾ ਕੀਤੀ ਗਈ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਰਣਧੀਰ ਸਿੰਘ, ਸਾਹਬ ਸਿੰਘ, ਜਸਬੀਰ ਸਿੰਘ, ਜੋਗਿੰਦਰ ਸਿੰਘ, ਪ੍ਰਗਟ ਸਿੰਘ, ਮੋਹਕਮ ਸਿੰਘ, ਗੁਰਬਿੰਦਰ ਸਿੰਘ, ਸੁਬੇਗ ਸਿੰਘ, ਨਿਰਮਲ ਸਿੰਘ, ਅਤਿੰਦਰ ਸਿੰਘ, ਹਰਭਾਲ ਸਿੰਘ, ਸਾਜਨ ਸਿੰਘ ਚੀਮਾ, ਸੁਖਪ੍ਰੀਤ ਸਿੰਘ, ਗੁਰਬਿੰਦਰ ਸਿੰਘ, ਸੁਖਦੇਵ ਸਿੰਘ, ਪਲਵਿੰਦਰ ਸਿੰਘ ਨਾਰਲੀ, ਕਮਲ ਝਬਾਲ, ਨਿਰਮਲ ਸਿੰਘ ਸਰਪੰਚ, ਮਹਿਲ ਸਿੰਘ ਚੀਮਾ ਅਤੇ ਹਰਮਨਜੀਤ ਸਿੰਘ ਚੀਮਾ ਆਦਿ ਹਾਜ਼ਰ ਸਨ।
ਇੰਪਲਾਈਜ਼ ਵੈੱਲਫੇਅਰ ਫੈੱਡਰੇਸ਼ਨ ਨੇ ਮੁੱਖ ਮੰਤਰੀ ਪੰਜਾਬ ਨੂੰ ਭੇਜਿਆ ਮੰਗ-ਪੱਤਰ
NEXT STORY