ਜਲੰਧਰ (ਸੁਨੀਲ)– ਥਾਣਾ ਮਕਸੂਦਾਂ ਵੱਲੋਂ ਇਕ ਟਾਟਾ 709 ਵਿਚੋਂ 2 ਕੁਇੰਟਲ ਡੋਡੇ ਬਰਾਮਦ ਕੀਤੇ ਗਏ, ਜਿਹੜੇ ਪਲਾਸਟਿਕ ਦੇ ਕ੍ਰੇਟਾਂ ਹੇਠਾਂ ਬੋਰੀਆਂ ਵਿਚ ਲੁਕੋਏ ਹੋਏ ਸਨ।
ਪ੍ਰੈੱਸ ਕਾਨਫਰੰਸ ਦੌਰਾਨ ਡੀ. ਐੱਸ. ਪੀ. ਕਰਤਾਰਪੁਰ ਸੁਖਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਬੀਤੀ ਰਾਤ ਨੂਰਪੁਰ ਅੱਡੇ ’ਤੇ ਥਾਣਾ ਮਕਸੂਦਾਂ ਦੇ ਐੱਸ. ਐੱਚ. ਓ. ਮਨਜੀਤ ਸਿੰਘ ਨੇ ਆਪਣੀ ਟੀਮ ਨਾਲ ਨਾਕਾ ਲਾਇਆ ਹੋਇਆ ਸੀ। ਇਸ ਦੌਰਾਨ ਉਨ੍ਹਾਂ ਨੂੰ ਮੁਖਬਰ ਖਾਸ ਨੇ ਸੂਚਨਾ ਦਿੱਤੀ ਕਿ ਨਸ਼ੇ ਦਾ ਇਕ ਵਪਾਰੀ ਟਾਟਾ 709 ਵਿਚ ਡੋਡੇ ਜਲੰਧਰ, ਲੁਧਿਆਣਾ ਵਿਚ ਸਪਲਾਈ ਕਰਨ ਆ ਰਿਹਾ ਹੈ।
ਨਾਕੇ ’ਤੇ ਟਾਟਾ 709 ਨੂੰ ਰੋਕਣ ਤੋਂ ਬਾਅਦ ਤਲਾਸ਼ੀ ਲੈਣ ’ਤੇ ਪਲਾਸਟਿਕ ਦੇ ਕ੍ਰੇਟਾਂ ਦੇ ਹੇਠਾਂ ਪਲਾਸਟਿਕ ਦੀਆਂ ਬੋਰੀਆਂ ਵਿਚੋਂ 2 ਕੁਇੰਟਲ ਡੋਡੇ ਬਰਾਮਦ ਹੋਏ। ਥਾਣਾ ਮਕਸੂਦਾਂ ਦੀ ਪੁਲਸ ਨੇ ਦੋਵਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ।
ਮੁਲਜ਼ਮਾਂ ਦੀ ਪਛਾਣ ਮੁਹੰਮਦ ਆਯੂਬ ਉਰਫ ਵੀਰੂ ਪੁੱਤਰ ਦੀਨ ਮੁਹੰਮਦ ਅਤੇ ਬਸ਼ੀਰ ਅਹਿਮਦ ਪੁੱਤਰ ਗਾਜ਼ੀ ਮੁਹੰਮਦ ਵਾਸੀ ਪਿੰਡ ਮਦੇਰਾਂ, ਥਾਣਾ ਸਦਰ ਸਾਂਬਾ (ਜੰਮੂ-ਕਸ਼ਮੀਰ) ਵਜੋਂ ਹੋਈ ਹੈ, ਜਿਹੜੇ ਰਿਸ਼ਤੇ ਵਿਚ ਚਾਚੇ ਦੇ ਪੁੱਤਰ ਲੱਗਦੇ ਹਨ। ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਤਹਿਤ ਮੁਕੱਦਮਾ ਦਰਜ ਕਰ ਕੇ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ 2 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ।
ਜ਼ਿਕਰਯੋਗ ਹੈ ਕਿ ਥਾਣਾ ਮਕਸੂਦਾਂ ਦੇ ਐੱਸ. ਐੱਚ. ਓ. ਮਨਜੀਤ ਸਿੰਘ ਪਹਿਲਾਂ ਭੋਗਪੁਰ ਥਾਣੇ ਵਿਚ ਤਾਇਨਾਤ ਸਨ ਅਤੇ ਉਨ੍ਹਾਂ ਉਥੇ 19 ਗੱਡੀਆਂ (ਵੱਖ-ਵੱਖ ਮੁਕੱਦਮਿਆਂ) ’ਚ ਫੜੀਆਂ ਅਤੇ ਲਗਭਗ 35 ਕੁਇੰਟਲ ਡੋਡੇ ਬਰਾਮਦ ਕਰ ਕੇ ਮੁਲਜ਼ਮਾਂ ਨੂੰ ਜੇਲ ਭੇਜਿਆ ਸੀ।
ਦੇਰ ਰਾਤ ਅੰਮ੍ਰਿਤਸਰ 'ਚ ਦੋ ਥਾਵਾਂ ’ਤੇ ਲੱਗੀ ਭਿਆਨਕ ਅੱਗ, ਲੱਖਾਂ ਦਾ ਹੋਇਆ ਨੁਕਸਾਨ
NEXT STORY