ਪਟਿਆਲਾ (ਬਲਜਿੰਦਰ, ਰਾਣਾ) : ਪੰਜਾਬ 'ਚ ਦਿਨੋਂ-ਦਿਨ ਵਧ ਰਹੇ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨ. ਜੀ. ਟੀ.) ਅਤੇ ਹਾਈ ਕੋਰਟ ਬੇਹੱਦ ਚਿੰਤਾ ਪ੍ਰਗਟਾਅ ਚੁੱਕੀ ਹੈ। ਹਾਈ ਕੋਰਟ ਵੱਲੋਂ ਦੀਵਾਲੀ 'ਤੇ ਪਟਾਕੇ ਚਲਾਉਣ 'ਤੇ ਪਾਬੰਦੀ ਲਾਈ ਸੀ। ਪੰਜਾਬ 'ਚ ਵੱਡੀ ਗਿਣਤੀ 'ਚ ਪੁਰਾਣੇ ਅਜਿਹੇ ਵਾਹਨ ਘੁੰਮ ਰਹੇ ਹਨ ਜਿਹੜੇ ਪ੍ਰਦੂਸ਼ਣ ਦਾ ਕਾਰਨ ਬਣ ਰਹੇ ਹਨ। ਪੁਰਾਣੇ ਵਾਹਨਾਂ ਦੀ ਗਿਣਤੀ ਬਾਕੀ ਰਾਜਾਂ ਨਾਲੋਂ ਕਿਤੇ ਜ਼ਿਆਦਾ ਹੈ। ਪੰਜਾਬ ਦਾ ਖੇਤਰਫਲ ਬਾਕੀ ਸੂਬਿਆਂ ਤੋਂ ਕਾਫੀ ਘੱਟ ਹੈ। ਇਸ ਤੋਂ ਇਲਾਵਾ ਕਈ ਸੂਬਿਆਂ 'ਚ 10 ਸਾਲ ਪੁਰਾਣੇ ਵਾਹਨਾਂ 'ਤੇ ਰੋਕ ਲਾ ਦਿੱਤੀ ਗਈ ਹੈ। ਪੰਜਾਬ 'ਚ 30-30 ਸਾਲ ਪੁਰਾਣੇ ਵਾਹਨ ਘੁੰਮ ਰਹੇ ਹਨ। ਵੱਡੀ ਗਿਣਤੀ 'ਚ ਚੱਲ ਰਹੇ ਪੁਰਾਣੇ ਟਰੱਕ, ਕਾਰਾਂ ਅਤੇ ਹੋਰ ਵਾਹਨ ਪ੍ਰਦੂਸ਼ਣ ਦਾ ਵੱਡਾ ਕਾਰਨ ਬਣ ਰਹੇ ਹਨ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਸੂਬੇ ਦੇ ਵਾਹਨਾਂ ਦੇ ਪ੍ਰਦੂਸ਼ਣ ਦੀ ਜਾਂਚ ਕਰਨ ਲਈ ਜੋ ਪ੍ਰਦੂਸ਼ਣ ਜਾਂਚ ਕੇਂਦਰ ਖੋਲ੍ਹੇ ਗਏ ਹਨ, ਉਨ੍ਹਾਂ 'ਚੋਂ ਜ਼ਿਆਦਾ ਕੇਂਦਰਾਂ ਕੋਲ ਅਤਿ-ਆਧੁਨਿਕ ਯੰਤਰ ਨਹੀਂ ਹਨ। ਦੋ-ਢਾਈ ਦਹਾਕੇ ਪਹਿਲਾਂ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਲਾਇਸੈਂਸ ਲੈ ਕੇ ਖੋਲ੍ਹੇ ਗਏ ਪ੍ਰਦੂਸ਼ਣ ਜਾਂਚ ਕੇਂਦਰਾਂ ਤੋਂ ਬਾਬਾ ਆਦਮ ਦੇ ਜ਼ਮਾਨੇ ਦੇ ਯੰਤਰ ਹਨ।
ਸੈਂਕੜੇ ਪ੍ਰਦੂਸ਼ਣ ਜਾਂਚ ਕੇਂਦਰ ਹੋ ਸਕਦੇ ਹਨ ਬੰਦ
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕੇਂਦਰੀ ਵਾਤਾਵਰਣ ਮੰਤਰਾਲੇ ਕੋਲ ਇਹ ਰਿਪੋਰਟ ਪਹੁੰਚੀ ਹੈ ਕਿ ਪੰਜਾਬ ਦੇ ਜ਼ਿਆਦਾਤਰ ਪ੍ਰਦੂਸ਼ਣ ਜਾਂਚ ਕੇਂਦਰ ਪ੍ਰਦੂਸ਼ਣ ਜਾਂਚ ਲਈ ਸਿਰਫ ਖਾਨਾਪੂਰਤੀ ਕਰ ਰਹੇ ਹਨ। ਅਜਿਹੇ ਜਾਂਚ ਕੇਂਦਰਾਂ ਦੀ ਗਿਣਤੀ ਸੈਂਕੜਿਆਂ 'ਚ ਹੈ। ਸੂਬੇ 'ਚ ਪਿਛਲੇ ਸਮੇਂ ਦੌਰਾਨ ਸਾਹਮਣੇ ਆਇਆ ਕਿ ਜਿਹੜੇ ਜਾਂਚ ਕੇਂਦਰ ਸਿਰਫ ਫੀਸ ਲੈ ਕੇ ਸਰਟੀਫਿਕੇਟ ਜਾਰੀ ਕਰ ਦਿੰਦੇ ਹਨ, ਉਨ੍ਹਾਂ ਨੂੰ ਬੰਦ ਕੀਤਾ ਜਾ ਸਕਦਾ ਹੈ। ਅਜਿਹੇ ਜਾਂਚ ਕੇਂਦਰਾਂ ਦੀ ਪਛਾਣ ਕਰ ਕੇ ਉਨ੍ਹਾਂ ਦੇ ਖਿਲਾਫ ਕਾਰਵਾਈ ਹੋ ਸਕਦੀ ਹੈ।
ਪੰਜਾਬ 'ਚ 65 ਲੱਖ ਤੋਂ ਜ਼ਿਆਦਾ ਹਨ ਰਜਿਸਟਰਡ ਪੈਟਰੋਲ ਅਤੇ ਡੀਜ਼ਲ ਵਾਹਨ
ਜਾਣਕਾਰੀ ਅਨੁਸਾਰ ਪੰਜਾਬ ਦੇ ਟਰਾਂਸਪੋਰਟ ਵਿਭਾਗ ਕੋਲ 65 ਲੱਖ ਪੈਟਰੋਲ ਅਤੇ ਡੀਜ਼ਲ ਵਾਹਨ ਰਜਿਸਟਰਡ ਹਨ। ਇਨ੍ਹਾਂ ਵਾਹਨਾਂ ਦੀ ਚੈਕਿੰਗ ਲਈ ਜੋ ਸੈਂਕੜੇ ਜਾਂਚ ਕੇਂਦਰ ਖੁੱਲ੍ਹੇ ਹੋਏ ਹਨ, ਉਨ੍ਹਾਂ ਦੇ ਪ੍ਰਦੂਸ਼ਣ ਜਾਂਚ ਕਰਨ ਵਾਲੇ ਯੰਤਰਾਂ 'ਤੇ ਹੀ ਸਵਾਲ ਖੜ੍ਹਾ ਹੋ ਗਿਆ ਹੈ। ਇਸ ਕਰ ਕੇ ਪੰਜਾਬ ਦਾ ਵਾਤਾਵਰਣ ਦਿਨੋ-ਦਿਨ ਖਰਾਬ ਹੁੰਦਾ ਜਾ ਰਿਹਾ ਹੈ।
ਕਾਨੂੰਨ 'ਤੇ ਰਾਜਨੀਤੀ ਭਾਰੀ
ਪ੍ਰਦੂਸ਼ਤ ਹੁੰਦੇ ਪੰਜਾਬ ਨੂੰ ਬਚਾਉਣ ਲਈ ਕਾਨੂੰਨ 'ਤੇ ਰਾਜਨੀਤੀ ਭਾਰੀ ਨਜ਼ਰ ਆ ਰਹੀ ਹੈ। ਪਹਿਲਾਂ ਦਿਖਾਵੇ ਲਈ ਕਿਸਾਨਾਂ ਨੂੰ ਬਿਨਾਂ ਬਦਲ ਦਿੱਤੇ ਸਖ਼ਤ ਕਾਨੂੰਨ ਬਣਾ ਦਿੱਤੇ ਜਾਂਦੇ ਹਨ। ਬਾਅਦ 'ਚ ਵੋਟਾਂ ਦੀ ਰਾਜਨੀਤੀ ਨੂੰ ਦੇਖ ਕੇ ਉਨ੍ਹਾਂ ਨੂੰ ਲਾਗੂ ਹੀ ਨਹੀਂ ਕੀਤਾ ਜਾਂਦਾ। ਅਜਿਹੇ ਵਿਚ ਕਈ ਦਹਾਕੇ ਬੀਤਣ ਤੋਂ ਬਾਅਦ ਹੀ ਪਰਾਲੀ ਦਾ ਕੋਈ ਯੋਗ ਹੱਲ ਨਹੀਂ ਲੱਭਿਆ ਜਾ ਸਕਿਆ।
ਪੈਟਰੋਲ ਪੰਪਾਂ 'ਤੇ ਚੱਲ ਰਹੇ ਹਨ ਜ਼ਿਆਦਾਤਰ ਪ੍ਰਦੂਸ਼ਣ ਜਾਂਚ ਕੇਂਦਰ
ਪੰਜਾਬ 'ਚ 90 ਫੀਸਦੀ ਪ੍ਰਦੂਸ਼ਣ ਜਾਂਚ ਕੇਂਦਰ ਪੈਟਰੋਲ ਪੰਪਾਂ 'ਤੇ ਖੁੱਲ੍ਹੇ ਹੋਏ ਹਨ। ਪੈਟਰੋਲ ਪੰਪ ਮਾਲਕਾਂ ਵੱਲੋਂ ਆਪਣੀ ਆਮਦਨ ਵਧਾਉਣ ਲਈ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਇਸ ਜਾਂਚ ਕੇਂਦਰ ਦਾ ਲਾਇਸੈਂਸ ਲੈ ਕੇ ਆਪਣੇ ਪੰਪ 'ਤੇ ਪ੍ਰਦੂਸ਼ਣ ਚੈੱਕ ਸੈਂਟਰ ਖੋਲ੍ਹ ਲਿਆ ਜਾਂਦਾ ਹੈ। ਅੱਜਕਲ ਇਹ ਕੇਂਦਰ ਪੈਟਰੋਲ ਪੰਪ ਮਾਲਕਾਂ ਦੀ ਮੋਟੀ ਕਮਾਈ ਦਾ ਸਾਧਨ ਹਨ। ਜੋ ਵੀ ਵਿਅਕਤੀ ਇਨ੍ਹਾਂ ਪੰਪਾਂ 'ਤੇ ਪੈਟਰੋਲ ਜਾਂ ਡੀਜ਼ਲ ਭਰਵਾਉਣ ਆਉਂਦਾ ਹੈ, ਉਹ ਨਾਲ ਹੀ ਪ੍ਰਦੂਸ਼ਣ ਚੈੱਕ ਸਰਟੀਫਿਕੇਟ ਵੀ ਹਾਸਲ ਕਰ ਲੈਂਦਾ ਹੈ। ਕਿਸੇ ਵੀ ਵਾਹਨ ਦੀ ਪ੍ਰਦੂਸ਼ਣ ਦੀ ਮਾਤਰਾ ਦਾ ਪੈਮਾਨਾ ਚੈੱਕ ਕਰਨ ਲਈ ਕੁਝ ਸਮਾਂ ਲਗਦਾ ਹੈ। ਇਨ੍ਹਾਂ ਪੈਟਰੋਲ ਪੰਪਾਂ 'ਤੇ ਮਿੰਟਾਂ ਵਿਚ ਹੀ ਤੇਲ ਭਰਵਾਉਣ ਤੋਂ ਬਾਅਦ ਵਾਹਨ ਮਾਲਕ ਤੋਂ ਨਿਰਧਾਰਤ ਫੀਸ ਲੈ ਕੇ ਸਰਟੀਫਿਕੇਟ ਜਾਰੀ ਕਰ ਦਿੱਤਾ ਜਾਂਦਾ ਹੈ।
80 ਜਾਂ 50 ਰੁਪਏ ਲੈ ਕੇ ਜਾਰੀ ਕਰ ਦਿੱਤਾ ਜਾਂਦਾ ਹੈ ਸਰਟੀਫਿਕੇਟ
ਪੰਜਾਬ ਵਿਚ ਖੁੱਲ੍ਹੇ ਇਹ ਪ੍ਰਦੂਸ਼ਣ ਜਾਂਚ ਕੇਂਦਰ ਸਿਰਫ ਕਮਾਈ ਕਰਨ ਤੱਕ ਧਿਆਨ ਰਖਦੇ ਹਨ। ਇਨ੍ਹਾਂ ਪ੍ਰਦੂਸ਼ਣ ਜਾਂਚ ਕੇਂਦਰਾਂ ਵੱਲੋਂ ਚਾਰ-ਪਹੀਆ ਵਾਹਨ ਚਾਲਕ ਤੋਂ 80 ਰੁਪਏ ਅਤੇ ਦੋਪਹੀਆ ਵਾਹਨ ਚਾਲਕ ਤੋਂ 50 ਰੁਪਏ ਲੈ ਕੇ ਪ੍ਰਦੂਸ਼ਣ ਜਾਂਚ ਦਾ ਸਰਟੀਫਿਕੇਟ ਦੇ ਦਿੱਤਾ ਜਾਂਦਾ ਹੈ। ਸੂਤਰਾਂ ਅਨੁਸਾਰ ਕਈ ਕੇਂਦਰ ਤਾਂ ਜਾਂਚ ਵੀ ਨਹੀਂ ਕਰਦੇ। ਉਹ ਫੀਸ ਲੈ ਕੇ ਸਿਰਫ ਸਰਟੀਫਿਕੇਟ ਜਾਰੀ ਕਰ ਦਿੰਦੇ ਹਨ।
ਕੀ ਕਹਿੰਦਾ ਹੈ ਏਅਰ ਕੁਆਲਟੀ ਇੰਡੈਕਸ
ਸ਼ੁੱਧ ਹਵਾ-100
ਮਾੜੀ ਕੁਆਲਟੀ-201 ਤੋਂ 300
ਬਹੁਤ ਮਾੜੀ ਕੁਆਲਟੀ-301 ਤੋਂ 400
ਖਤਰਨਾਕ ਸਥਿਤੀ-401 ਤੋਂ 500 ਤੱਕ
ਸੰਤ ਸੀਚੇਵਾਲ ਦੀ ਅਗਵਾਈ ਹੇਠ ਸਾਫ਼ ਕੀਤਾ ਜਾਵੇਗਾ ਸਤਲੁਜ ਦਰਿਆ
NEXT STORY