ਜਲੰਧਰ (ਬੁਲੰਦ) : ਸਾਲ 2019 'ਚ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਭਾਵੇਂ ਪ੍ਰਦੂਸ਼ਣ ਰੋਕਣ ਸਬੰਧੀ ਮੀਟਿੰਗਾਂ ਤਾਂ ਕਾਫੀ ਕੀਤੀਆਂ ਗਈਆ ਪਰ ਪ੍ਰਦੂਸ਼ਣ ਰੋਕਣ ਬਾਰੇ ਵਿਭਾਗ ਦੇ ਹੱਥ ਖਾਲੀ ਹੀ ਦਿਸੇ। ਵਿਭਾਗ ਦੇ ਨੱਕ ਹੇਠਾਂ ਸਾਰੇ ਸ਼ਹਿਰ 'ਚ ਕੂੜਾ ਅਤੇ ਕੰਪਿਊਟਰ ਵੇਸਟੋਜ ਨੂੰ ਸਾੜਿਆ ਜਾ ਰਿਹਾ ਹੈ, ਜਿਸ ਨਾਲ ਸ਼ਹਿਰ ਦਾ ਹਵਾ ਪ੍ਰਦੂਸ਼ਣ ਪੱਧਰ ਵਧਦਾ ਜਾ ਰਿਹਾ ਹੈ। ਝੋਨੇ ਅਤੇ ਕਣਕ ਦੀ ਕਟਾਈ ਦੇ ਸੀਜ਼ਨ 'ਚ ਤਾਂ ਪ੍ਰਦੂਸ਼ਣ ਵਧਣ ਦਾ ਸਾਰਾ ਦੋਸ਼ ਕਿਸਾਨਾਂ ਦੇ ਸਿਰ ਮੜ੍ਹ ਕੇ ਵਿਭਾਗ ਆਪਣਾ ਪੱਲਾ ਝਾੜਦਾ ਰਿਹਾ ਅਤੇ ਕਿਸਾਨਾਂ 'ਤੇ ਸਖਤੀ ਨਾਲ ਕਾਨੂੰਨੀ ਕਾਰਵਾਈ ਵੀ ਕੀਤੀ ਗਈ।
ਹਜ਼ਾਰਾਂ ਕਿਸਾਨਾਂ 'ਤੇ ਹੋਈ ਕਾਰਵਾਈ ਅਤੇ ਵਸੂਲਿਆ ਲੱਖਾਂ ਰੁਪਏ ਦਾ ਜੁਰਮਾਨਾ
ਜ਼ਿਲਾ ਪ੍ਰਸ਼ਾਸਨ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਕਈ ਹੋਰ ਵਿਭਾਗਾਂ ਨੂੰ ਨਾਲ ਲੈ ਕੇ ਪਰਾਲੀ ਸਾੜਨ ਵਾਲੇ ਕਿਸਾਨਾਂ 'ਤੇ ਕਾਰਵਾਈ ਦੇ ਨਾਂ 'ਤੇ ਸਖਤੀ ਵਰਤੀ ਗਈ। ਲੁਧਿਆਣਾ 'ਚ ਬਣੇ ਰਿਮੋਟ ਸੈਂਸਿੰਗ ਸੈਂਟਰ ਤੋਂ ਆਏ ਅੰਕੜਿਆਂ ਦੇ ਆਧਾਰ 'ਤੇ ਹਜ਼ਾਰਾਂ ਕਿਸਾਨਾਂ ਦੀ ਚੈਕਿੰਗ ਕੀਤੀ ਗਈ। ਕਈ ਕਿਸਾਨਾਂ 'ਤੇ ਕੇਸ ਦਰਜ ਕੀਤੇ ਗਏ ਅਤੇ ਸੈਂਕੜੇ ਕਿਸਾਨਾਂ ਤੋਂ 10 ਲੱਖ ਦੇ ਕਰੀਬ ਜੁਰਮਾਨਾ ਪ੍ਰਦੂਸ਼ਣ ਫੈਲਾਉਣ ਦੇ ਨਾਂ 'ਤੇ ਵਸੂਲਿਆ ਗਿਆ, ਜਿਸ ਤੋਂ ਬਾਅਦ ਪਰਾਲੀ ਸਾੜਨ ਦੇ ਕੇਸਾਂ 'ਚ ਕਮੀ ਆਈ।
ਹਾਈ ਕੋਰਟ ਨੇ ਬੰਦ ਕਰਵਾਈ ਲੈਦਰ ਟੈਨਰੀਜ਼
ਪ੍ਰਦੂਸ਼ਣ ਰੋਕਣ ਸਬੰਧੀ ਸਭ ਤੋਂ ਵੱਡੀ ਕਾਰਵਾਈ ਜਲੰਧਰ ਦੀ ਲੈਦਰ ਕੰਪਲੈਕਸ ਦੀ ਟੈਨਰੀਜ਼ 'ਤੇ ਹੋਈ। ਲੈਦਰ ਕੰਪਲੈਕਸ ਦੀ ਚੋਣ ਜੰਗ 'ਚ ਇਕ ਕੇਸ ਹਾਈ ਕੋਰਟ ਪਹੁੰਚਿਆ ਪਰ ਕੇਸ ਕਦੋਂ ਪ੍ਰਦੂਸ਼ਣ ਦੇ ਮਾਮਲੇ ਵੱਲ ਚੱਲ ਗਿਆ ਪਤਾ ਹੀ ਨਹੀਂ ਲੱਗਾ। ਇਸ ਕੇਸ 'ਚ ਹਾਈ ਕੋਰਟ ਨੇ ਜ਼ਿਲਾ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਕਿ ਜਦੋਂ ਤੱਕ ਲੈਦਰ ਟੈਨਰੀਜ਼ ਵਲੋਂ ਗੰਦਾ ਪਾਣੀ ਕਾਲਾ ਸੰਘਿਆਂ ਡਰੇਨ 'ਚ ਪਾਉਣ ਬਾਰੇ ਕੋਈ ਠੀਕ ਰਿਪੋਰਟ ਨਹੀਂ ਆਉਂਦੀ ਉਦੋਂ ਤੱਕ ਸਾਰੀ ਟੈਨਰੀਜ਼ ਨੂੰ ਬੰਦ ਕੀਤਾ ਜਾਵੇ। ਇਸ ਤੋਂ ਬਾਅਦ ਪ੍ਰਸ਼ਾਸਨ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਤਕਰੀਬਨ 60 ਟੈਨਰੀਜ਼ ਦੇ ਬਿਜਲੀ ਕੁਨੈਕਸ਼ਨ ਕੱਟ ਦਿੱਤੇ, ਜੋ ਕਿ ਅੱਜ ਤੱਕ ਬੰਦ ਹਨ। ਮਾਮਲਾ ਅਜੇ ਵੀ ਹਾਈ ਕੋਰਟ 'ਚ ਹੈ ਅਤੇ 6 ਜਨਵਰੀ ਨੂੰ ਇਸ ਦੀ ਸੁਣਵਾਈ ਹੈ ਪਰ ਜਾਣਕਾਰੀ ਅਨੁਸਾਰ 6 ਜਨਵਰੀ ਨੂੰ ਅਦਾਲਤ ਨੇ ਸਾਰੀ ਟੈਨਰੀਜ਼ ਨੂੰ ਅਸਥਾਈ ਤੌਰ 'ਤੇ ਚਲਾਉਣ ਦੇ ਹੁਕਮ ਦਿੱਤੇ ਹਨ।
ਐੱਨ. ਜੀ. ਟੀ. ਦਾ ਕੱਸਿਆ ਸ਼ਿੰਕਜਾ
ਐੱਨ. ਜੀ. ਟੀ. ਵਲੋਂ ਜਲੰਧਰ ਦੇ ਕਾਲਾ ਸੰਘਿਆਂ ਡਰੇਨ 'ਚ ਪੈਣ ਵਾਲੇ ਗੰਦੇ ਪਾਣੀ ਨੂੰ ਲੈ ਕੇ ਇਸ ਸਾਲ 2019 'ਚ ਕਾਫ਼ੀ ਸਖਤੀ ਦਿਖਾਈ ਗਈ। ਇਸ ਦੌਰਾਨ ਚੇਅਰਮੈਨ ਜਸਟਿਸ ਜਸਬੀਰ ਸਿੰਘ ਅਤੇ ਸੰਤ ਬਲਬੀਰ ਸਿੰਘ ਸੀਚੇਵਾਲ ਵਲੋਂ ਕਈ ਵਾਰ ਜਲੰਧਰ 'ਚ ਚੈਕਿੰਗ ਕੀਤੀ ਗਈ। ਇਸ ਦੌਰਾਨ ਕਈ ਫੈਕਟਰੀਆਂ ਦੇ ਟਰੀਟਮੈਂਟ ਪਲਾਂਟਾਂ ਤੋਂ ਪਾਣੀ ਦੇ ਸੈਂਪਲ ਲਏ ਗਏ, ਜਿਨ੍ਹਾਂ ਦੀ ਜਾਂਚ ਜਾਰੀ ਹੈ ਅਤੇ ਇਸ ਤਰ੍ਹਾਂ ਦੀ ਚੈਕਿੰਗ 'ਤੇ ਉਨ੍ਹਾਂ ਫੈਕਟਰੀਆਂ 'ਤੇ ਸ਼ਿਕੰਜਾ ਕੱਸਿਆ ਜਾ ਸਕੇਗਾ।
ਕੂੜਾ ਸਾੜਨ ਨੂੰ ਰੋਕਣ 'ਚ ਨਾਕਾਮ ਪ੍ਰਦੂਸ਼ਣ ਬੋਰਡ
ਉਥੇ ਹੀ ਨਗਰ ਨਿਗਮ ਦੀ ਨਾਲਾਇਕੀ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਲਾਪ੍ਰਵਾਹੀ ਕਾਰਣ ਸ਼ਹਿਰ 'ਚ ਹੋਰਨਾਂ ਥਾਵਾਂ 'ਤੇ ਸ਼ਰੇਆਮ ਕੂੜਾ ਅਤੇ ਇਲੈਕਟੀਕਲ ਵੇਸਟੇਜ ਸਾੜਨ ਦਾ ਕੰਮ ਲਗਾਤਾਰ ਜਾਰੀ ਰਿਹਾ। ਪਿਛਲੇ ਸਾਲ 2019 ਦੌਰਾਨ ਕਈ ਵਾਰ ਅਖਬਾਰਾਂ 'ਚ ਕੂੜਾ ਸਾੜਨ ਦੀਆਂ ਖਬਰਾਂ ਛਪਦੀਆਂ ਰਹੀਆਂ ਪਰ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਲਗਾਤਾਰ ਇਸ ਮਾਮਲੇ 'ਚ ਨਗਰ ਨਿਗਮ ਨੂੰ ਕੋਸਿਆ ਜਾਂਦਾ ਰਿਹਾ ਪਰ ਖੁਦ ਕੋਈ ਕਾਰਵਾਈ ਨਹੀਂ ਕੀਤੀ ਗਈ।
ਮੁਕਤਸਰ ਦੇ ਨੌਜਵਾਨ ਦੀ ਅਨੌਖੀ ਪਹਿਲ, 'ਕੂੜਾ ਲਿਆਓ, ਸਬਜ਼ੀ ਲੈ ਜਾਓ' (ਵੀਡੀਓ)
NEXT STORY