ਸੁਲਤਾਨਪੁਰ ਲੋਧੀ (ਸੋਢੀ) - ਥਾਣਾ ਸੁਲਤਾਨਪੁਰ ਲੋਧੀ ਪੁਲਸ ਨੇ ਇੰਦਰਜੀਤ ਕੌਰ ਪਤਨੀ ਸੁਖਦੇਵ ਸਿੰਘ ਵਾਸੀ ਕਰਮਜੀਤਪੁਰ ਦੇ ਬਿਆਨਾਂ 'ਤੇ ਉਸ ਦੀ ਕੁੱਟਮਾਰ, ਛੇੜਛਾੜ ਕਰਨ, ਕੱਪੜੇ ਪਾੜਨ ਤੇ ਅਸ਼ਲੀਲ ਹਰਕਤਾਂ ਕਰਨ ਦਾ ਮੋਬਾਇਲ 'ਚ ਐੱਮ. ਐੱਮ. ਐੱਸ. ਬਣਾਉਣ ਦੇ ਦੋਸ਼ ਹੇਠ ਇਕ ਔਰਤ ਸਮੇਤ 7 ਖਿਲਾਫ ਧਾਰਾ 323, 324, 354, 506, 148, 149 ਆਈ. ਪੀ. ਸੀ. ਤਹਿਤ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਆਰੰਭ ਕਰ ਦਿੱਤੀ ਹੈ ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਕਰਮਜੀਤਪੁਰ ਵਿਖੇ ਜ਼ਮੀਨ 'ਤੇ ਕਬਜ਼ਾ ਕਰਨ ਦੇ ਚੱਲਦੇ ਵਿਵਾਦ ਦੌਰਾਨ ਵਾਪਰੇ ਉਕਤ ਘਟਨਾਕ੍ਰਮ 'ਚ ਸ਼ਾਮਲ ਕਥਿਤ ਦੋਸ਼ੀਆਂ ਬਲਵਿੰਦਰ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਪਿੰਡ ਮੋਖੇ, ਗੁਰਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਮੋਖੇ, ਮਨਪ੍ਰੀਤ ਕੌਰ ਪਤਨੀ ਗੁਰਪ੍ਰੀਤ ਸਿੰਘ ਵਾਸੀ ਮੋਖੇ, ਬਲਵਿੰਦਰ ਸਿੰਘ (ਬੀਰਾ) ਪੁੱਤਰ ਕਰਨੈਲ ਸਿੰਘ ਨਿਵਾਸੀ ਅਮਰਜੀਤਪੁਰ, ਅਵਤਾਰ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਅਮਰਜੀਤਪੁਰ, ਗੁਲਜ਼ਾਰ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਅਮਰਜੀਤਪੁਰ (ਪੱਕੇ ਕੋਠੇ) ਆਦਿ ਖਿਲਾਫ ਦਰਜ ਹੋਏ ਕੇਸ ਉਪਰੰਤ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਸ ਉਕਤ ਦੀ ਸਰਗਰਮੀ ਨਾਲ ਭਾਲ ਕਰ ਰਹੀ ਹੈ।
ਪੀੜਤਾ ਦੀ ਕੇਸਕੀ ਤੇ ਸਿਰੀ ਸਾਹਿਬ ਵੀ ਉਤਾਰਿਆ
ਥਾਣਾ ਸੁਲਤਾਨਪੁਰ ਲੋਧੀ ਦੇ ਇੰਸਪੈਕਟਰ ਸਰਬਜੀਤ ਸਿੰਘ ਨੇ ਦੱਸਿਆ ਕਿ ਇੰਦਰਜੀਤ ਕੌਰ (44 ਸਾਲ) ਨੇ ਪੁਲਸ ਕੋਲ ਲਿਖਵਾਏ ਬਿਆਨ 'ਚ ਦੋਸ਼ ਲਾਇਆ ਹੈ ਕਿ ਮੇਰਾ ਪਤੀ ਸੁਖਦੇਵ ਸਿੰਘ, ਜੋ ਝੋਨਾ ਕੱਟਵਾਉਣ ਲਈ 4 ਅਕਤੂਬਰ ਨੂੰ ਪਿੰਡ ਕਰਮਜੀਤਪੁਰ ਗਿਆ ਸੀ ਤੇ ਸ਼ਾਮ ਪੈਣ 'ਤੇ ਉਹ ਵਾਪਸ ਨਹੀਂ ਆਇਆ ਤੇ ਮੈਂ ਉਨ੍ਹਾਂ ਦੇ ਫੋਨ 'ਤੇ ਫੋਨ ਕੀਤਾ, ਜਦ ਸੁਖਦੇਵ ਸਿੰਘ ਨੇ ਫੋਨ ਰਸੀਵ ਕੀਤਾ ਪਰ ਗੱਲ ਨਾ ਹੋਈ। ਫੋਨ 'ਚ ਕਾਫੀ ਰੌਲਾ-ਰੱਪਾ ਤੇ ਗਾਲੀ-ਗਲੋਚ ਦੀ ਆਵਾਜ਼ ਆ ਰਹੀ ਸੀ ਤੇ ਸਾਡਾ ਝੋਨਾ ਕੱਟ ਲੈਣ ਦੀਆਂ ਧਮਕੀਆਂ ਸੁਣ ਰਹੀਆਂ ਸਨ ਤਾਂ ਮੈਨੂੰ ਯਕੀਨ ਹੋ ਗਿਆ ਕਿ ਦੂਜੀ ਪਾਰਟੀ ਬਲਵਿੰਦਰ ਸਿੰਘ ਵਾਸੀ ਮੋਖੇ ਵਗੈਰਾ ਨਾਲ ਝਗੜਾ ਹੋ ਰਿਹਾ ਹੈ। ਮੈਂ ਆਪਣੇ ਸਕੂਟਰ 'ਤੇ ਸਵਾਰ ਹੋ ਕੇ ਰਾਤ 8 ਵਜੇ ਪਿੰਡ ਕਰਮਜੀਤਪੁਰ ਆਪਣੀ ਜ਼ਮੀਨ ਕੋਲ ਪਹੁੰਚੀ।
ਇੰਦਰਜੀਤ ਕੌਰ ਨੇ ਦੱਸਿਆ ਕਿ ਜਦ ਮੈਂ ਮੋਬਾਇਲ ਦੀ ਟਾਰਚ ਜਗ੍ਹਾ ਕੇ ਦੇਖਿਆ ਤਾਂ ਉਥੇ ਬਲਵਿੰਦਰ ਸਿੰਘ ਪੁੱਤਰ ਗੁਰਬਚਨ ਸਿੰਘ ਤੇ ਉਨ੍ਹਾਂ ਦੇ ਹੋਰ ਉਕਤ ਸਾਥੀ ਡਾਂਗਾ ਵਗੈਰਾ ਲੈ ਕੇ ਖੜ੍ਹੇ ਸਨ ਤੇ ਬਲਵਿੰਦਰ ਸਿੰਘ ਮੋਖੇ ਨੇ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਮੈਨੂੰ ਜ਼ਖਮੀ ਕਰ ਦਿੱਤਾ। ਇਸ ਦੌਰਾਨ ਬਲਵਿੰਦਰ ਸਿੰਘ ਨੇ ਮੇਰਾ ਗਾਤਰਾ ਤੇ ਸਿਰੀ ਸਾਹਿਬ ਲਾਹ ਲਿਆ ਤੇ ਫਿਰ ਉਕਤ ਨਾਲ ਸਾਥੀਆਂ ਸਮੇਤ ਸਰੀਰਕ ਛੇੜਛਾੜ ਕਰਦੇ ਹੋਏ ਮੇਰੇ ਕੱਪੜੇ ਪਾੜ ਦਿੱਤੇ, ਉਥੇ ਬਲਵਿੰਦਰ ਨੇ ਮੇਰੇ ਨਾਲ ਅਸ਼ਲੀਲ ਹਰਕਤਾਂ ਕੀਤੀਆਂ, ਜਿਸਦੀ ਗੁਲਜ਼ਾਰ ਸਿੰਘ ਤੇ ਬਲਵੀਰ ਸਿੰਘ ਨੇ ਆਪਣੇ-ਆਪਣੇ ਮੋਬਾਇਲ 'ਚ ਵੀਡੀਓ ਬਣਾਈ।
ਪੀੜਤਾ ਨੇ ਦੱਸਿਆ ਕਿ ਮੇਰਾ ਰੌਲਾ ਸੁਣ ਕੇ ਮੇਰਾ ਪਤੀ ਵੀ ਮੌਕੇ 'ਤੇ ਆ ਗਿਆ ਤੇ ਉਸਦੇ ਨਾਲ ਦੋ ਹੋਰ ਸਾਥੀ ਵੀ ਸਨ, ਜਿਨ੍ਹਾਂ ਨੂੰ ਦੇਖ ਕੇ ਉਕਤ ਸਾਰੇ ਆਪਣੇ ਹਥਿਆਰਾਂ ਸਮੇਤ ਭੱਜ ਗਏ। ਮੇਰੇ ਪਤੀ ਨੇ ਮੈਨੂੰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦਾਖਲ ਕਰਵਾਇਆ।
ਕੇਸਕੀ ਤੇ ਸਿਰੀ ਸਾਹਿਬ ਉਤਾਰਨ ਦੇ ਜੁਰਮ ਦੀ ਧਾਰਾ ਨਹੀਂ ਦਰਜ ਕੀਤੀ ਕੇਸ 'ਚ
ਪੀੜਤਾ ਇੰਦਰਜੀਤ ਕੌਰ ਖਾਲਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇਹ ਵੀ ਦੋਸ਼ ਲਾਇਆ ਕਿ ਪੁਲਸ ਵਲੋਂ ਮੇਰੀ ਕੇਸਕੀ ਤੇ ਸਿਰੀ ਸਾਹਿਬ ਲਾਹੁਣ ਦੇ ਜੁਰਮ ਦੀ ਧਾਰਾ ਦਰਜ ਕੀਤੇ ਕੇਸ 'ਚ ਨਹੀਂ ਲਾਈ ਗਈ ਤੇ ਨਾ ਹੀ ਪੁਲਸ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਦੋਸ਼ੀ ਉਨ੍ਹਾਂ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ।
ਇੰਦਰਜੀਤ ਕੌਰ ਵਲੋਂ ਲਾਏ ਗਏ ਸਾਰੇ ਦੋਸ਼ ਬੇਬੁਨਿਆਦ : ਬਲਵਿੰਦਰ ਸਿੰਘ
ਦੂਜੇ ਪਾਸੇ ਬਲਵਿੰਦਰ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਮੋਖੇ ਧਿਰ ਨੇ ਇੰਦਰਜੀਤ ਕੌਰ ਵਲੋਂ ਲਾਏ ਗਏ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਅਜਿਹੀ ਕੋਈ ਗੱਲ ਨਹੀਂ ਵਾਪਰੀ।
ਗੁਪਤ ਤਰੀਕੇ ਨਾਲ ਜੇਲ ਪੁੱਜੀ ਸੀ.ਬੀ.ਆਈ., ਲਗਾਤਾਰ 3 ਘੰਟੇ ਤੱਕ ਰਾਮ ਰਹੀਮ ਕੋਲੋਂ ਹੋਈ ਪੁੱਛਗਿੱਛ
NEXT STORY