ਨੂਰਪੁਰਬੇਦੀ, (ਭੰਡਾਰੀ)- ਸ਼ਹਿਰ ਦੇ ਮੁੱਖ ਡਾਕਘਰ ਦੀਆਂ ਬੀਤੇ 15 ਦਿਨਾਂ ਤੋਂ ਸਮੁੱਚੀਆਂ ਸੇਵਾਵਾਂ ਠੱਪ ਹੋਣ ਕਾਰਨ ਸ਼ਹਿਰ ਤੇ ਆਸ-ਪਾਸ ਦੇ ਕਈ ਪਿੰਡਾਂ ਦੇ ਸੈਂਕਡ਼ੇ ਲੋਕ ਪ੍ਰੇਸ਼ਾਨ ਹਨ। ਹਾਲ ਦੀ ਘਡ਼ੀ ਇਸ ਡਾਕਘਰ ’ਚ ਚਿੱਠੀਆਂ ਦੇ ਆਉਣ-ਜਾਣ ਜਾਂ ਹੱਥੀਂ ਰਜਿਸਟਰੀਆਂ ਕਰਨ ਦਾ ਹੀ ਕੰਮ ਹੋ ਰਿਹਾ ਹੈ, ਜਦਕਿ ਡਾਕਘਰ ਦੇ ਆਨਲਾਈਨ ਹੋਣ ਕਾਰਨ ਹਰੇਕ ਪ੍ਰਕਾਰ ਦੇ ਲੈਣ-ਦੇਣ ਪ੍ਰਭਾਵਿਤ ਹਨ। ਜਾਣਕਾਰੀ ਅਨੁਸਾਰ 2 ਹਫ਼ਤੇ ਪਹਿਲਾਂ 3 ਅਗਸਤ ਨੂੰ ਡਾਕਘਰ ਨੂੰ ਆਨਲਾਈਨ ਸੇਵਾਵਾਂ ਨਾਲ ਜੋਡ਼ਨ ਵਾਲਾ ਰਾਊਟਰ ਨਾਮੀ ਯੰਤਰ ਅਚਾਨਕ ਖਰਾਬ ਹੋ ਗਿਆ ਸੀ ਜਿਸ ਕਾਰਨ ਸਰਵਰ ਦੇ ਕੰਮ ਨਾ ਕਰਨ ਕਾਰਨ ਉਦੋਂ ਤੋਂ ਹੀ ਸਾਰੇ ਕੰਮ ਬੰਦ ਪਏ ਹੋਏ ਹਨ। ਇਸ ਅਸੁਵਿਧਾ ਕਾਰਨ ਬੱਚਤ ਖਾਤਿਆਂ ’ਚੋਂ ਰਾਸ਼ੀ ਕਢਵਾਉਣ ਤੇ ਜਮ੍ਹਾ ਕਰਵਾਉਣ, ਆਰ.ਡੀ., ਪੀ.ਐੱਲ.ਆਈ. ਟਰਮ ਡਿਪਾਜ਼ਿਟ (ਟੀ.ਡੀ.) ਤੇ ਹੋਰ ਆਨਲਾਈਨ ਸੇਵਾਵਾਂ ਬਿਲਕੁੱਲ ਠੱਪ ਪਈਆਂ ਹੋਈਆਂ ਹਨ ਪਰ ਵਿਭਾਗੀ ਅਧਿਕਾਰੀਆਂ ਵੱਲੋਂ ਉਕਤ ਨੁਕਸ ਠੀਕ ਹੋਣ ਤੇ ਸੇਵਾਵਾਂ ਦੇ ਬਹਾਲ ਹੋਣ ਸਬੰਧੀ ਕੋਈ ਠੋਸ ਜਾਣਕਾਰੀ ਉਪਲੱਬਧ ਨਾ ਕਰਵਾਏ ਜਾਣ ਕਾਰਨ ਲੋਕ ਰੋਜ਼ਾਨਾ ਡਾਕਘਰ ਦੇ ਗੇਡ਼ੇ ਮਾਰ ਕੇ ਥੱਕ ਹਾਰ ਗਏ ਹਨ।
ਕਈ ਗਾਹਕ ਬੇਵਜ੍ਹਾ ਜੁਰਮਾਨਾ ਭਰਨ ਲਈ ਮਜਬੂਰ
ਡਾਕਘਰ ਵਿਖੇ ਕਈ ਦਿਨਾਂ ਤੋਂ ਗਾਹਕਾਂ ਦੇ ਆਰ.ਡੀ. ਦੇ ਪੈਸੇ ਜਮ੍ਹਾ ਕਰਵਾਉਣ ਲਈ ਚੱਕਰ ਲਾ ਰਹੀ ਬਜ਼ੁਰਗ ਐੱਮ.ਪੀ.ਕੇ.ਵੀ.ਵਾਈ. ਏਜੰਟ ਬੀਬੀ ਸ਼ਕਤੀ ਦੇਵੀ ਬਾਂਸਲ ਨੇ ਦੱਸਿਆ ਕਿ ਜਿਨ੍ਹਾਂ ਵਿਅਕਤੀਆਂ ਦੇ 15 ਤਾਰੀਖ ਤੋਂ ਪਹਿਲਾਂ ਖਾਤੇ ਖੁੱਲ੍ਹੇ ਹੁੰਦੇ ਹਨ, ਦੀ ਕਿਸ਼ਤ ਹਰ ਮਹੀਨੇ ਦੀ 15 ਤਾਰੀਖ ਤੋਂ ਪਹਿਲਾਂ ਜਮ੍ਹਾ ਕਰਵਾਉਣੀ ਜ਼ਰੂਰੀ ਹੁੰਦੀ ਹੈ ਪਰ ਇਸ ਸਥਿਤੀ ’ਚ ਜਦੋਂ 3 ਤਾਰੀਖ ਤੋਂ ਹੀ ਡਾਕਘਰ ਦੀਆਂ ਸੇਵਾਵਾਂ ਹੁਣ ਤੱਕ ਠੱਪ ਪਈਆਂ ਹਨ, ਉਹ ਗਾਹਕਾਂ ਦੇ ਪੈਸੇ ਜਮ੍ਹਾ ਕਰਵਾਉਣ ਤੋਂ ਅਸਮਰੱਥ ਹੈ। ਇਸ ਸੂਰਤ ’ਚ ਹੁਣ ਨਿਰਧਾਰਿਤ ਤਾਰੀਖ ਤੋਂ ਬਾਅਦ ਪੈਸੇ ਜਮ੍ਹਾ ਕਰਵਾਉਣ ਲਈ ਗਾਹਕਾਂ ਨੂੰ ਬਿਨਾਂ ਵਜਾ 1 ਫੀਸਦੀ ਜੁਰਮਾਨੇ ਨਾਲ ਰਾਸ਼ੀ ਜਮ੍ਹਾ ਕਰਵਾਉਣੀ ਹੋਵੇਗੀ। ਇਸੇ ਪ੍ਰਕਾਰ 4 ਕਿਲੋਮੀਟਰ ਦੀ ਦੂਰੀ ਤੈਅ ਕਰ ਕੇ ਆਏ ਬਜ਼ੁਰਗ ਪਿਆਰਾ ਸਿੰਘ ਨਿਵਾਸੀ ਸ਼ੇਖਪੁਰ ਨੇ ਦੱਸਿਆ ਕਿ ਉਸ ਦਾ ਡਾਕਘਰ ’ਚ ਖਾਤਾ ਹੈ ਪਰ ਸਿਸਟਮ ਖਰਾਬ ਹੋਣ ਕਾਰਨ ਉਹ ਕਈ ਦਿਨਾਂ ਤੋਂ ਰਾਸ਼ੀ ਕਢਵਾਉਣ ਨੂੰ ਲੈ ਕੇ ਪ੍ਰੇਸ਼ਾਨ ਹੈ। ਇਸੇ ਤਰ੍ਹਾਂ ਹਰਵਿੰਦਰ ਸਿੰਘ ਨਿਵਾਸੀ ਮੂਸਾਪੁਰ, ਜਸਵੀਰ ਕੌਰ ਨਿਵਾਸੀ ਸੈਣੀਮਾਜਰਾ, ਮਹਿੰਦਰ ਚੰਦ ਨਿਵਾਸੀ ਨੂਰਪੁਰਬੇਦੀ ਤੇ ਕੁਲਵਿੰਦਰ ਸਿੰਘ ਨਿਵਾਸੀ ਆਜ਼ਮਪੁਰ ਨੇ ਦੱਸਿਆ ਕਿ ਉਹ ਐੱਮ.ਆਈ.ਐੱਸ. ਦੀਆਂ ਕਿਸ਼ਤਾਂ ਜਮ੍ਹਾ ਕਰਵਾਉਣ ਤੇ ਪੈਸੇ ਕਢਵਾਉਣ ਸਬੰਧੀ ਕਈ ਦਿਨਾਂ ਤੋਂ ਡਾਕਘਰ ਦੇ ਚੱਕਰ ਲਗਾ ਰਹੇ ਹਨ ਪਰ ਅਧਿਕਾਰੀਆਂ ਤੋਂ ਕੋਈ ਸੰਤੁਸ਼ਟੀਜਨਕ ਜਵਾਬ ਨਹੀਂ ਮਿਲਦਾ ਹੈ।
ਬੀਤੇ ਸਾਲ ਵੀ 27 ਦਿਨਾਂ ਤੱਕ ਰਹੀਅਾਂ ਸਨ ਸੇਵਾਵਾਂ ਠੱਪ
ਇਹ ਪਹਿਲਾ ਮੌਕਾ ਨਹੀਂ ਹੈ, ਜਦਕਿ ਬੀਤੇ ਸਾਲ ਵੀ ਉਕਤ ਡਾਕਘਰ ’ਚ ਅਜਿਹੀ ਹੀ ਸਮੱਸਿਆ ਪੇਸ਼ ਆਈ ਸੀ ਤੇ 31 ਮਈ ਤੋਂ 26 ਜੂਨ ਤੱਕ 27 ਦਿਨਾਂ ਲਈ ਸਮੁੱਚੀਆਂ ਸੇਵਾਵਾਂ ਠੱਪ ਰਹਿਣ ਕਾਰਨ ਲੋਕ ਪ੍ਰੇਸ਼ਾਨ ਰਹੇ ਸਨ।
ਜਲਦ ਹੱਲ ਹੋਵੇਗੀ ਮੁਸ਼ਕਲ : ਸਬ ਪੋਸਟ ਮਾਸਟਰ
ਇਸ ਸਬੰਧੀ ਨੂਰਪੁਰਬੇਦੀ ਡਾਕਘਰ ਦੇ ਸਬ ਪੋਸਟ ਮਾਸਟਰ ਬਲਵੀਰ ਸਿੰਘ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਮੇਨ ਰਾਊਟਰ ਸਡ਼ਨ ਕਾਰਨ ਉਕਤ ਸਮੱਸਿਆ ਆਈ ਹੈ, ਜਿਸ ਸਬੰਧੀ ਕੰਪਨੀ ਤੇ ਡਵੀਜ਼ਨ ਆਫ਼ਿਸ ਚੰਡੀਗਡ਼੍ਹ ਵਿਖੇ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਕੰਪਨੀ ਦੇ ਕਰਮਚਾਰੀਆਂ ਅਨੁਸਾਰ ਉਕਤ ਯੰਤਰ ਚੇਨਈ ਤੋਂ ਮੰਗਵਾਇਆ ਜਾ ਰਿਹਾ ਹੈ ਤੇ 1 ਹਫ਼ਤੇ ਅੰਦਰ ਮੁਡ਼ ਸਮੁੱਚੀਆਂ ਸੇਵਾਵਾਂ ਚਾਲੂ ਹੋਣ ਦੀ ਆਸ ਹੈ। ਇਸ ਸਮੱਸਿਆ ਕਾਰਨ ਗਾਹਕਾਂ ਵੱਲੋਂ ਰੋਜ਼ਾਨਾ ਝਗਡ਼ਾ ਕਰਨ ’ਤੇ ਡਾਕਘਰ ਦੇ ਕਰਮਚਾਰੀ ਖੁਦ ਵੀ ਪ੍ਰੇਸ਼ਾਨ ਹਨ।
ਭਿਆਨਕ ਸੜਕ ਹਾਦਸੇ 'ਚ ਦੋ ਨੌਜਵਾਨਾਂ ਦੀ ਮੌਤ
NEXT STORY