ਭਵਾਨੀਗੜ੍ਹ (ਸੰਜੀਵ)— ਮੌਸਮਾਂ ਅਤੇ ਆਰਥਿਕਤਾ ਦੀ ਮਾਰ ਝੱਲਦੀ ਸੂਬੇ ਦੀ ਕਿਸਾਨੀ ਅੱਜ ਸੋਨੇ ਵਰਗੀ ਤਿਆਰ ਹੋਈ ਕਣਕ ਦੀ ਫਸਲ ਨੂੰ ਬਚਾਉਣ ਲਈ ਫਿਕਰ ਦੇ ਆਲਮ ਹੇਠ ਆ ਚੁੱਕੀ ਹੈ । ਇਕ ਪਾਸੇ ਮੀਂਹ, ਹਨੇਰੀਆਂ ਦਾ ਫਿਕਰ ਅਤੇ ਦੂਜੇ ਪਾਸੇ ਖੇਤਾਂ 'ਚੋਂ ਲੰਘਦੀਆਂ ਪਾਵਰਕਾਮ ਦੀਆਂ ਤਾਰਾਂ 'ਚੋਂ ਨਿਕਲਦੀਆਂ ਚੰਗਿਆੜੀਆਂ ਦੀ ਚਿੰਤਾ। ਪਾਵਰਕਾਮ ਦੀ ਇਹ ਨਾਲਾਇਕੀ ਵਰ੍ਹੇ ਦਰ ਵਰ੍ਹੇ ਚੱਲੀ ਆ ਰਹੀ ਹੈ। ਕਣਕ ਦੇ ਸੀਜ਼ਨ ਤੋਂ ਪਹਿਲਾਂ ਜਾਂ ਫਿਰ ਬਾਅਦ ਵਿਚ ਪਾਵਰਕਾਮ ਵੱਲੋਂ ਢਿੱਲੀਆਂ ਤਾਰਾਂ ਨੂੰ ਕੱਸਣ ਲਈ ਕੋਈ ਉਪਰਾਲਾ ਨਹੀਂ ਕੀਤਾ ਜਾਂਦਾ। ਜਦੋਂ ਫਿਰ ਢਿੱਲੀਆਂ ਤਾਰਾਂ 'ਚੋਂ ਨਿਕਲਦੀਆਂ ਚੰਗਿਆੜੀਆਂ ਕਾਰਨ ਖੜ੍ਹੀਆਂ ਫਸਲਾਂ ਪਲਾਂ ਵਿਚ ਸੜ ਕੇ ਸੁਆਹ ਹੋਣ ਲੱਗਦੀਆਂ ਤਾਂ ਪਾਵਰਕਾਮ ਇਸ ਦਾ ਅਨੌਖਾ ਹੱਲ ਕੱਢਦਾ ਹੈ ਕਿ ਚੁੱਪਚਾਪ ਕੱਟ ਲਾ ਦਿੰਦਾ ਹੈ। ਪਾਵਰਕਾਮ ਦਾ ਇਹ ਫਾਰਮੂਲਾ ਹੁਣ ਕਣਕ ਦੀ ਵਾਢੀ ਮੌਕੇ ਲਾਗੂ ਹੋ ਚੁੱਕਾ ਹੈ। ਇਲਾਕੇ 'ਚ ਸਾਰਾ ਦਿਨ ਬਿਜਲੀ ਬੰਦ ਰਹਿਣ ਦਾ ਕਾਰਨ ਇਹ ਦੱਸਿਆ ਜਾਂਦਾ ਹੈ ਕਿ ਖੇਤਾਂ 'ਚ ਖੜ੍ਹੀ ਕਣਕ ਦੀ ਸੁੱਕੀ ਫਸਲ ਨੂੰ ਬਚਾਉਣ ਲਈ ਬਿਜਲੀ ਦੇ ਕੱਟ ਲਾਏ ਜਾ ਰਹੇ ਹਨ।
ਪਾਵਰਕਾਮ ਵੱਲੋਂ ਪਾਵਰਕੱਟ ਲਾਉਣ ਦੇ ਸਿਲਸਿਲੇ ਨਾਲ ਜਿਥੇ ਇਕ ਪਾਸੇ ਸੁੱਕੀ ਕਣਕ ਦੀ ਫ਼ਸਲ ਨੂੰ ਬਚਾਉਣ ਦਾ ਯਤਨ ਸ਼ੁਰੂ ਹੋ ਗਿਆ ਹੈ, ਉਥੇ ਕਮਾਦ ਮੱਕੀ ਤੇ ਸਬਜ਼ੀਆਂ ਦੀਆਂ ਫ਼ਸਲਾਂ ਪ੍ਰਭਾਵਿਤ ਹੋ ਰਹੀਆਂ ਹਨ । ਇੰਨਾ ਹੀ ਨਹੀਂ, ਬਾਕੀ ਜਨ-ਜੀਵਨ ਅਤੇ ਵਪਾਰਕ ਅਦਾਰੇ ਵੀ ਇਸ ਦਾ ਖਮਿਆਜ਼ਾ ਭੁਗਤ ਰਹੇ ਹਨ।
ਢਿੱਲੀਆਂ ਤਾਰਾਂ ਕੱਸਣ ਲਈ ਪਾਵਰਕਾਮ ਕੋਲ ਮੁਲਾਜ਼ਮ ਨਹੀਂ : ਐਕਸੀਅਨ
ਜਦੋਂ ਇਸ ਸਬੰਧੀ ਪਾਵਰਕਾਮ ਦੇ ਐਕਸੀਅਨ ਸੁਖਵੰਤ ਸਿੰਘ ਨਾਲ ਬਿਜਲੀ ਦੇ ਕੱਟਾਂ ਤੇ ਢਿੱਲੀਆਂ ਤਾਰਾਂ ਦੇ ਸਬੰਧ 'ਚ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਿਥੇ ਵੀ ਸਾਨੂੰ ਢਿੱਲੀਆਂ ਤਾਰਾਂ ਜਾਂ ਕਿਤੇ ਤਾਰ ਸਪਾਰਕਿੰਗ ਦੀ ਸ਼ਿਕਾਇਤ ਮਿਲਦੀ ਹੈ ਤਾਂ ਉਸ ਨੂੰ ਤੁਰੰਤ ਠੀਕ ਕਰ ਦਿੱਤਾ ਜਾਂਦਾ ਹੈ। ਢਿੱਲੀਆਂ ਤਾਰਾਂ ਨੂੰ ਕੱਸਣ ਲਈ ਪਾਵਰਕਾਮ ਕੋਲ ਮੁਲਾਜ਼ਮ ਨਹੀਂ ਹਨ । ਉਨ੍ਹਾਂ ਮੰਨਿਆ ਕਿ ਪਰਮਿਟ ਲੈ ਕੇ ਉਹ ਗਰਿੱਡਾਂ ਤੋਂ ਬਿਜਲੀ ਨੂੰ ਠੀਕ ਕਰਦੇ ਹਨ ਅਤੇ ਸਪਲਾਈ ਨੂੰ ਵੀ ਬੰਦ ਕਰਨਾ ਪੈਂਦਾ ਹੈ। ਬਾਕੀ ਜਿਹੜੀਆਂ ਲਾਈਨਾਂ ਠੀਕ ਹਨ, ਉਨ੍ਹਾਂ ਦੀ ਸਪਲਾਈ ਚਲਦੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਐੈੱਸ. ਡੀ. ਓ. ਅਤੇ ਜੇ. ਈਜ਼ ਦੀ ਬਹੁਤ ਵੱਡੀ ਘਾਟ ਹੈ। ਐੱਸ. ਡੀ. ਓ. ਨਾ ਹੋਣ ਕਰਕੇ ਪਾਵਰਕਾਮ ਦੇ ਕਈ ਦਫਤਰ ਸੁੰਨੇ ਪਏ ਹਨ ਅਤੇ ਕੰਮ ਜ਼ਿਆਦਾ ਹੋਣ ਕਰਕੇ ਕਈ ਨੌਜਵਾਨ ਪਾਵਰਕਾਮ ਨੂੰ ਛੱਡ ਕੇ ਚਲੇ ਗਏ ਹਨ। ਕੰਮ ਦੇ ਜ਼ਿਆਦਾ ਹੋਣ ਕਾਰਨ ਉਹ 16-16 ਘੰਟੇ ਕੰਮ ਕਰ ਰਹੇ ਹਨ।
ਪਾਵਰਕਾਮ ਸਿਰੇ ਦਾ ਨਿਕੰਮਾ ਮਹਿਕਮਾ : ਕਿਸਾਨ ਆਗੂ
ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਗਰੁੱਪ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਨੇ ਕਿਹਾ ਕਿ ਇਥੇ ਨਾ ਸਰਕਾਰਾਂ ਹਨ ਅਤੇ ਨਾ ਕੋਈ ਕਾਇਦਾ ਕਾਨੂੰਨ ਹੈ। ਪਾਵਰਕਾਮ ਸਿਰੇ ਦਾ ਨਿਕੰਮਾ ਅਤੇ ਲਾਪ੍ਰਵਾਹ ਮਹਿਕਮਾ ਬਣਿਆ ਹੋਇਆ ਹੈ। ਹਰ ਸਾਲ ਸੈਂਕੜੇ ਖੇਤਾਂ 'ਚ ਬਿਜਲੀ ਦੀਆਂ ਤਾਰਾਂ ਤੋਂ ਅੱਗ ਲੱਗ ਜਾਣ ਦੇ ਬਾਵਜੂਦ ਮੁਆਵਜ਼ਾ ਨਹੀਂ ਦਿੱਤਾ ਜਾਂਦਾ। ਉਨ੍ਹਾਂ ਕਿਹਾ ਕਿ ਪਹਿਲਾਂ ਕਿਸਾਨਾਂ ਦੀ ਫ਼ਸਲ ਸੜਦੀ ਹੈ ਫਿਰ ਮੁਆਵਜ਼ੇ ਦਾ ਰੌਲਾ ਪੈਂਦਾ ਹੈ। ਬਾਅਦ 'ਚ ਜਾਂਚ ਦੌਰਾਨ ਸਾਬਤ ਕਰ ਦਿੱਤਾ ਜਾਂਦਾ ਹੈ ਕਿ ਇਹ ਅੱਗ ਬਿਜਲੀ ਦੀਆਂ ਤਾਰਾਂ ਤੋਂ ਨਹੀਂ ਲੱਗੀ।
ਪਾਕਿਸਤਾਨ 'ਚ ਇਸਲਾਮ ਕਬੂਲਣ ਵਾਲੀ ਹੁਸ਼ਿਆਰਪੁਰ ਦੀ ਔਰਤ ਦੀ ਸੱਸ ਦਾ ਨਵਾਂ ਖੁਲਾਸਾ (ਵੀਡੀਓ)
NEXT STORY