ਪਟਿਆਲਾ (ਬਲਜਿੰਦਰ) : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਚੱਲ ਰਹੇ ਲੋਕ ਸਭਾ ਸੈਸ਼ਨ ਦੌਰਾਨ ਦੇਸ਼ ਦੇ ਸਮੁੱਚੇ ਵੋਟਰਾਂ ਦੇ ਹਿੱਤ ਵਿਚ ਪੀਪਲਜ਼ ਐਕਟ ਵਿਚ ਸੋਧ ਕਰਨ ਦੀ ਮੰਗ ਕੀਤੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੰਦੂਮਾਜਰਾ ਨੇ ਆਖਿਆ ਕਿ ਵੱਖ-ਵੱਖ ਪਾਰਟੀਆਂ ਵਲੋਂ ਚੋਣਾਂ ਤੋਂ ਪਹਿਲਾਂ ਜਾਰੀ ਕੀਤੇ ਜਾਂਦੇ ਚੋਣ ਮਨੋਰਥ ਪੱਤਰ ਵਿਚਲੇ ਸਾਰੇ ਵਾਅਦੇ ਲਾਜ਼ਮੀ ਤੌਰ ’ਤੇ ਪੂਰੇ ਕੀਤੇ ਜਾਣੇ ਚਾਹੀਦੇ ਹਨ, ਜੇਕਰ ਕੋਈ ਵੀ ਪਾਰਟੀਆਂ ਅਜਿਹਾ ਨਹੀਂ ਕਰਦੀਆਂ ਤਾਂ ਉਨ੍ਹਾਂ ਵਿਰੁੱਧ ਧਾਰਾ 420 ਅਧੀਨ ਕੇਸ ਦਰਜ ਕੀਤਾ ਜਾਵੇ ਨਾਲ ਹੀ ਚੋਣ ਕਮਿਸ਼ਨ ਝੂਠੇ ਵਾਅਦੇ ਕਰਨ ਵਾਲੀ ਪਾਰਟੀ ਨੂੰ ਡੀ-ਰਿਕੋਗਨਾਇਜ਼ ਕਰਨ ਤਾਂਕਿ ਲੋਕਾਂ ਨੂੰ ਸਬਜ਼ਬਾਗ ਦਿਖਾਉਣ ਵਾਲੀਆ ਪਾਰਟੀਆਂ ਨੂੰ ਸਬਕ ਸਿਖਾਇਆ ਜਾ ਸਕੇ।
ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਪਾਰਟੀਆਂ ਵਲੋਂ ਲੁਭਾਉਣੇ ਵਾਅਦੇ ਕਰਨ ਨਾਲ ਅੱਜ ਲੋਕ ਸ਼ਸ਼ੋਪੰਜ ਵਾਲੀ ਸਥਿਤੀ ਵਿਚ ਘਿਰੇ ਹੋਏ ਹਨ, ਇਸ ਮਸਲੇ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ। ਉਨ੍ਹਾਂ ਆਖਿਆ ਕਿ ਅਕਸਰ ਚੋਣਾਂ ਤੋਂ ਪਹਿਲਾਂ ਜੋ ਮੈਨੀਫੈਸਟੋ ਜਾਰੀ ਕੀਤਾ ਜਾਂਦਾ ਹੈ, ਉਨ੍ਹਾਂ ਵਿਚੋਂ ਸਿਰਫ਼ 5 ਫ਼ੀਸਦੀ ਵਾਅਦੇ ਹੀ ਪੂਰੇ ਕੀਤੇ ਜਾਂਦੇ ਹਨ, ਜਿਸ ਕਾਰਨ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਦੇ ਹਨ। ਦੁਨੀਆਂ ’ਚ ਜੇਕਰ ਕੋਈ ਵਿਸ਼ਵਾਸਘਾਤ ਹੈ ਤਾਂ ਉਹ ਚੋਣ ਮਨੋਰਥ ਪੱਤਰ ਜਾਰੀ ਕਰਕੇ, ਉਸਨੂੰ ਪੂਰਾ ਨਾ ਕਰਨਾ ਹੈ। ਵੋਟਾਂ ਲੈ ਕੇ ਸੱਤਾ ਹਾਸਲ ਕਰਨ ਲਈ ਵੱਡੇ ਵਾਅਦੇ ਕਰਨੇ ਅਤੇ ਸੱਤਾ ਹਾਸਲ ਕਰਕੇ ਉਸਤੋਂ ਉਲਟ ਭੁਗਤਣਾ ਸਭ ਤੋਂ ਵੱਡਾ ਧੋਖਾ ਹੈ। ਇਸ ਸਭ ਨੂੰ ਨੱਥ ਪਾਉਣ ਲਈ ਜਾਰੀ ਮੈਨੀਫੈਸਟੋ ਨੂੰ ਜਦੋਂ ਤੱਕ ਲੀਗਲ ਸੈਕਸ਼ਨ ਨਹੀਂ ਮਿਲਦੀ ਉਦੋਂ ਤੱਕ ਦੇਸ਼ ਦੇ ਵੋਟਰਾਂ ਨਾਲ ਇਹ ਧੋਖਾਧੜੀ ਬੰਦ ਨਹੀਂ ਹੋਵੇਗੀ।
ਉਨ੍ਹਾਂ ਆਖਿਆ ਕਿ ਪੰਜਾਬ ਦੀ ਜਨਤਾ ਨੂੰ ਇਸ ਅੱਗ ਦਾ ਸੇਕ ਪਿਛਲੇ ਪੰਜ ਸਾਲਾਂ ’ਚ ਸਭ ਤੋਂ ਵੱਧ ਝੱਲਣਾ ਪਿਆ ਹੈ। ਉਨ੍ਹਾਂ ਆਖਿਆ ਕਿ ਕਾਂਗਰਸ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਕਰਜ਼ੇ ਮੁਆਫ਼ੀ ਭਾਵੇਂ ਉਹ ਸ਼ਾਹੂਕਾਰਾਂ, ਬੈਂਕਾਂ ਜਾਂ ਸੁਸਾਇਟੀਆਂ ਦੇ ਲੋਨ ਮੁਆਫ਼ੀ ਦਾ ਜੋ ਵਾਅਦਾ ਕੀਤਾ ਸੀ, ਉਸ ’ਤੇ ਕਾਂਗਰਸ ਨੇ ਸਰਕਾਰ ਬਣਦਿਆਂ ਸਾਰ ਯੂ-ਟਰਨ ਲੈ ਕੇ ਪੰਜਾਬ ਦੇ ਵੋਟਰਾਂ ਨਾਲ ਧਰੋਹ ਕਮਾਇਆ ਹੈ। ਉਨ੍ਹਾ ਆਖਿਆ ਕਿ ਅੱਜ ਸਹਿਕਾਰਤਾ ਲਹਿਰ ਜਿਹੜੀ ਕਿ ਲੋਕਾਂ ਨੂੰ ਸ਼ਾਹੂਕਾਰਾ ਪੰਜੇ ਵਿਚੋਂ ਛੁਡਾਉਣ ਲਈ ਬਣਾਈ ਗਈ ਸੀ, ਤਬਾਹ ਹੋ ਕੇ ਰਹਿ ਗਈ ਹੈ। ਉਨ੍ਹਾਂ ਆਖਿਆ ਕਿ ਕਾਂਗਰਸ ਦੀ ਵਾਅਦਾ ਖਿਲਾਫ਼ੀ ਕਾਰਨ ਪੰਜਾਬ ਦੇ 90 ਫ਼ੀਸਦੀ ਲੈਂਡਮਾਰਗੇਜ ਬੈਂਕ ਡੀ ਲਿਸਟ ਹੋ ਚੁੱਕੇ ਹਨ, ਜਿਸ ਕਾਰਨ ਉਨ੍ਹਾਂ ਨੂੰ ਨਾਬਾਰਡ ਨੇ ਕਰਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਜੇਕਰ ਲੈਂਡਮਾਰਗੇਜ ਬੈਂਕਾਂ ਨੂੰ ਪੈਸਾ ਹੀ ਨਹੀਂ ਹੋਵੇਗਾ ਤਾਂ ਉਹ ਲੋਨ ਕਿਥੋਂ ਦੇ ਸਕਣਗੇ?
ਚੰਦੂਮਾਜਰਾ ਨੇ ਆਖਿਆ ਕਿ ਕਾਂਗਰਸ ਵਲੋਂ ਚੋਣਾਂ ਤੋਂ ਪਹਿਲਾਂ ਘਰ-ਘਰ ਨੌਕਰੀ ਦੇਣ ਦਾ ਵਾਅਦਾ ਸਿਰਫ਼ ਮੰਤਰੀਆਂ ਦੇ ਪੁੱਤਰਾਂ ਤੱਕ ਸੀਮਤ ਰਹਿ ਗਿਆ, ਜਦੋਂਕਿ ਪੰਜਾਬ ਦੇ ਆਮ ਅਤੇ ਗਰੀਬ ਘਰਾਂ ਦੇ ਬੱਚੇ ਡਿਗਰੀਆਂ ਚੁੱਕੀ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਹਨ। ਕਾਂਗਰਸ ਨੇ ਥਰਮਲ ਪਲਾਟ, ਸੁਵਿਧਾ ਕੇਂਦਰ ਬੰਦ ਕਰਕੇ ਰੁਜ਼ਗਾਰ ’ਤੇ ਲੱਗੇ ਨੌਜਵਾਨਾਂ ਦੇ ਹੱਥ ਠੂਠਾ ਫੜਾ ਦਿੱਤਾ ਹੈ। 40 ਫ਼ੀਸਦੀ ਪੋਸਟਾਂ ’ਤੇ ਕੱਟ, 35 ਫ਼ੀਸਦੀ ਤਨਖਾਹਾਂ ’ਤੇ ਕੱਟ ਤੇ ਪੈਨਸ਼ਨ ਸਕੀਮ ਰਿਵਰਸ ਕਰਨ ਨਾਲ ਅੱਜ ਹਰ ਇਕ ਵਰਗ ਕਾਂਗਰਸ ਵਲੋਂ ਸੱਤਾ ’ਚ ਆਉਣ ਤੋਂ ਪਹਿਲਾਂ ਕੀਤੇ ਚੋਣ ਵਾਅਦਿਆਂ ਨੂੰ ਯਾਦ ਕਰ ਕਰ ਕੇ ਕਾਂਗਰਸ ਨੂੰ ਕੋਸ ਰਿਹਾ ਹੈ।
ਕੈਪਟਨ ਅਮਰਿੰਦਰ ਸਿੰਘ ਨਾਲ ਮਿਲ ਕੇ ਚੋਣ ਲੜੇਗੀ ਭਾਜਪਾ : ਗਜੇਂਦਰ ਸ਼ੇਖਾਵਤ
NEXT STORY