ਵਲਟੋਹਾ (ਗੁਰਮੀਤ ਸਿੰਘ)— ਵਿਸ਼ਵ ਭਰ 'ਚ ਕੋਰੋਨਾ ਵਾਇਰਸ ਕਾਰਨ ਜਿੱਥੇ ਹਾਹਾਕਾਰ ਮੱਚੀ ਹੋਈ ਹੈ ਅਤੇ ਸਿਹਤ ਵਿਭਾਗ ਕੋਰੋਨਾ ਵਾਇਰਸ ਨੂੰ ਕੰਟਰੋਲ ਕਰਨ 'ਚ ਲੱਗਾ ਹੋਇਆ ਹੈ ਪਰ ਉਥੇ ਹੀ ਪ੍ਰਾਇਮਰੀ ਹੈਲਥ ਸੈਂਟਰ ਵਲਟੋਹਾ 'ਚ ਆਮ ਬੀਮਾਰੀਆਂ ਦਾ ਇਲਾਜ ਕਰਨ ਲਈ ਦਵਾਈਆਂ ਨਾ ਹੋਣ ਨਾਲ ਲੋਕਾਂ ਨੂੰ ਦੋਹਰੀ ਮਾਰ ਝੱਲਣੀ ਪੈ ਰਹੀ ਹੈ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਅਰਸਾਲ ਸਿੰਘ, ਬਲਵੰਤ ਸਿੰਘ, ਦਰਸ਼ਨ ਸਿੰਘ, ਦਿਲਬਾਗ ਸਿੰਘ, ਜੋਗਿੰਦਰ ਸਿੰਘ ਲੱਧੜ ਨੇ ਦੱਸਿਆ ਕਿ ਸਰਕਾਰ ਵੱਲੋਂ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਦੇ ਦਾਅਵੇ ਤਾਂ ਕੀਤੇ ਜਾ ਰਹੇ ਹਨ ਪਰ ਆਮ ਲੋਕਾਂ ਨੂੰ ਇਹ ਸਹੂਲਤਾਂ ਮਿਲਣ ਦੀ ਜ਼ਮੀਨੀ ਹਕੀਕਤ ਕੁਝ ਹੋਰ ਹੁੰਦੀ ਹੈ।
ਉਨ੍ਹਾਂ ਕਿਹਾ ਕਿ ਪ੍ਰਾਇਮਰੀ ਹੈਲਥ ਸੈਂਟਰ ਵਲਟੋਹਾ ਵਿਖੇ ਪਿਛਲੇ ਲੰਬੇ ਸਮੇਂ ਤੋਂ ਦਵਾਈਆਂ ਦੀ ਘਾਟ ਸਾਹਮਣੇ ਆ ਰਹੀ ਹੈ ਅਤੇ ਹੁਣ ਜਦੋਂ ਕੋਰੋਨਾ ਵਾਇਰਸ ਦਾ ਕਹਿਰ ਸਾਹਮਣੇ ਆ ਰਿਹਾ ਹੈ ਤਾਂ ਇਸ ਪੀ.ਐੱਚ.ਸੀ. 'ਚ ਜ਼ਰੂਰੀ ਦਵਾਈਆਂ ਵੀ ਉਪਲੱਬਧ ਨਹੀਂ ਹਨ। ਉਨ੍ਹਾਂ ਕਿਹਾ ਕਿ ਕਰਫਿਊ ਕਾਰਨ ਲੋਕ ਘਰਾਂ 'ਚ ਭੁੱਖੇ ਢਿੱਡ ਫਾਕੇ ਕੱਟ ਰਹੇ ਹਨ ਅਤੇ ਜੇਕਰ ਕਿਸੇ ਦੀ ਤਬੀਅਤ ਖਰਾਬ ਹੁੰਦੀ ਹੈ ਤਾਂ ਉਹ ਸਰਕਾਰੀ ਹਸਪਤਾਲ ਵੱਲ ਮੂੰਹ ਕਰਦਾ ਹੈ ਪਰ ਇਥੇ ਦਵਾਈਆਂ ਦੀ ਘਾਟ ਕਾਰਨ ਗਰੀਬ ਲੋਕਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ।
ਉਨ੍ਹਾਂ ਦੱਸਿਆ ਕਿ ਬੀਤੇ ਦਿਨ ਹਸਪਤਾਲ ਦੇ ਡਾਕਟਰ ਕੰਵਰਤਾਜ ਸਿੰਘ ਨੂੰ ਸਰਕਾਰੀ ਹਸਪਤਾਲ ਖੇਮਕਰਨ ਦੇ ਸੀਨੀਅਰ ਮੈਡੀਕਲ ਅਫਸਰ ਦੇ ਨਾਮ 'ਤੇ ਮੰਗ ਪੱਤਰ ਵੀ ਸੌਂਪਿਆ ਗਿਆ ਤਾਂ ਜੋ ਇੱਥੇ ਵੱਖ-ਵੱਖ ਤਰ੍ਹਾਂ ਦੀਆਂ ਬਿਮਾਰੀਆਂ ਦੇ ਇਲਾਜ ਲਈ ਦਵਾਈਆਂ ਉਪਲੱਬਧ ਕਰਵਾਈਆਂ ਜਾਣ ਜਿਸ ਨਾਲ ਓ. ਪੀ. ਡੀ. ਅਤੇ ਓ. ਟੀ. ਦਾ ਕੰਮ ਉਸਾਰੂ ਢੰਗ ਨਾਲ ਚਲਾਇਆ ਜਾ ਸਕੇ। ਇਸ ਮੌਕੇ ਡਾ. ਕੰਵਰਤਾਜ ਸਿੰਘ ਨੇ ਦੱਸਿਆ ਕਿ ਦਵਾਈਆਂ ਦੀ ਘਾਟ ਸਬੰਧੀ ਪਹਿਲਾਂ ਹੀ ਉੱਚ ਅਧਿਕਾਰੀਆਂ ਨੂੰ ਲਿਖਿਆ ਹੋਇਆ ਹੈ ਅਤੇ ਇਹ ਮੰਗ ਵੀ ਸਿਹਤ ਵਿਭਾਗ ਨੂੰ ਭੇਜ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਜਲੰਧਰ: CIA ਸਟਾਫ -1 ਨੇ ਘਰ 'ਚ ਕੀਤੀ ਰੇਡ, ਵੱਡੀ ਮਾਤਰਾ 'ਚ ਫੜਿਆ ਸ਼ਰਾਬ ਦਾ ਜਖੀਰਾ
World Book Day Special : ਲਾਕਡਾਊਨ ਦੇ ਸਮੇਂ ਵਿਚ ਮਨ ਦੀ ਤਾਲਾਬੰਦੀ ਨੂੰ ਖੋਲ੍ਹਦੀਆਂ ਇਹ ਕਿਤਾਬਾਂ !
NEXT STORY