ਤਪਾ ਮੰਡ (ਢੀਂਗਰਾ) - ਟਰੱਕ ਚੋਰੀ ਦੇ ਮਾਮਲੇ 'ਚ ਫੜਿਆ ਗਿਆ ਗੈਂਗਸਟਰ ਜਗਦੀਪ ਸਿੰਘ ਜੋ ਮੂਲ ਰੂਪ 'ਚ ਪਿੰਡ ਪੁਬਾ ਗਲੀ ਤਹਿਸੀਲ ਡੇਰਾ ਬਾਬਾ ਨਾਨਕ ਜ਼ਿਲਾ ਗੁਰਦਾਸਪੁਰ ਦਾ ਹੈ ਜਿਸ ਦੀ ਕੁਝ ਦਿਨ ਪਹਿਲਾਂ ਬਰਨਾਲਾ ਦੀ ਅਦਾਲਤ ਨੇ ਜਮਾਨ ਕਰ ਦਿੱਤੀ ਸੀ, ਸੰਗਰੂਰ ਜੇਲ ਤੋਂ ਰਿਹਾ ਹੋਣ ਤੋਂ ਬਾਅਦ ਲਾਪਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਕੁਝ ਸਮਾਂ ਪਹਿਲਾਂ ਤਪਾ ਖੇਤਰ 'ਚੋਂ ਇਕ ਟਰੱਕ ਚੋਰੀ ਹੋ ਗਿਆ ਸੀ, ਜਿਸ ਬਾਰੇ ਪੁਲਸ ਨੂੰ ਪਤਾ ਲਗਾ ਕਿ ਇਸ ਚੋਰੀ 'ਚ ਉਪਰੋਤਕ ਜਗਦੀਸ ਸਿੰਘ, ਉਸਦਾ ਇਕ ਹੋਰ ਸਾਥੀ ਰਵਿੰਦਰਪਾਲ ਸਿੰਘ ਅਤੇ ਅਮ੍ਰਿਤਸਰ ਜ਼ਿਲੇ ਦੀਆਂ ਦੋ ਲੜਕੀਆਂ ਜੋ ਕਿਤੇ ਵਜੋ ਨਰਸਾਂ ਸਨ, ਇਸ ਚੋਰੀ 'ਚ ਸ਼ਾਮਲ ਹਨ। ਜਦੋਂ ਤੱਕ ਪੁਲਸ ਨੂੰ ਇਸ ਸਬੰਧੀ ਜ਼ਿਆਦਾ ਜਾਣਕਾਰੀ ਮਿਲਦੀ ਉਸ ਸਮੇ ਤੱਕ ਪੱਛਮੀ ਬੰਗਾਲ ਦੀ ਪੁਲਸ ਨੇ ਜਗਦੀਸ ਸਿੰਘ ਨੂੰ ਇਕ ਆਰਮਜ ਐਕਟ ਦੇ ਕੇਸ 'ਚ ਗ੍ਰਿਫਤਾਰ ਕਰ ਦੁੱਰਗਾਪੁਰ (ਕੱਲਕਤਾ) ਜੇਲ 'ਚ ਭੇਜ ਦਿੱਤਾ ਸੀ। ਤਪਾ ਤੇ ਧਨੋਲਾ ਦੀ ਪੁਲਸ ਨੇ ਦੁਰਗਾਪੁਰ ਪਹੁੰਚ ਕੇ ਜਗਦੀਸ ਸਿੰਘ ਨੂੰ ਪ੍ਰੋਡੈਕਸ਼ਨ ਵਾਰੰਟ ਤੇ ਤਪਾ ਥਾਣਾ ਲੈ ਆਦਾ। ਪੁੱਛਗਿੱਛ ਦੌਰਾਨ ਉਸਨੇ ਟਰੱਕ ਚੋਰੀ ਹੋਣ ਤੋਂ ਇਲਾਵਾ ਕੁਝ ਹੋਰ ਡਕੈਤੀਆ ਬਾਰੇ ਵੀ ਦੱਸਿਆ ਤੇ ਆਪਣੇ ਤਿੰਨ ਸਾਥੀ ਜਿਸ 'ਚ ਦੋ ਲੜਕੀਆਂ ਤੇ ਇਕ ਆਦਮੀ ਦਾ ਨਾਮ ਵੀ ਇਸ ਟਰੱਕ ਚੋਰੀ 'ਚ ਸ਼ਾਮਲ ਹੋਣਾ ਦੱਸਿਆ ।
ਪੁਲਸ ਹਾਲਾਕਿ ਦੋ ਲੜਕੀਆਂ ਨੂੰ ਫੜਨ 'ਚ ਕਾਮਯਾਬ ਹੋ ਗਈ ਪਰ ਉਨ੍ਹਾਂ ਦਾ ਤੀਸਰਾ ਸਾਥੀ ਰਵਿੰਦਰ ਪਾਲ ਸਿੰਘ ਅੱਜ ਤੱਕ ਪੁਲਸ ਦੀ ਪਹੁੰਚ ਤੋ ਬਾਹਰ ਹੈ। ਤਪਾ ਪੁਲਸ ਨੇ ਦੋ ਵਾਰ ਜਗਦੀਸ ਸਿੰਘ ਦਾ ਪੁਲਸ ਰਿਮਾਂਡ ਲੈਣ ਤੋਂ ਬਾਅਦ ਤੇ ਆਪਣੀ ਪੁੱਛਗਿੱਛ ਪੂਰੀ ਹੋਣ ਤੋਂ ਬਾਅਦ 16 ਦਸੰਬਰ ਨੂੰ ਅਦਾਲਤ ਦੇ ਹੁਕਮ ਤੇ ਸੰਗਰੂਰ ਜੇਲ ਭੇਜ ਦਿੱਤਾ। ਜੇਲ ਜਾਣ ਤੋਂ ਬਾਅਦ ਜਗਦੀਸ ਸਿਘ ਦੀ ਪਤਨੀ ਕੰਵਲਜੀਤ ਕੌਰ ਨੇ ਬਰਨਾਲਾ ਦੀ ਅਦਾਲਤ 'ਚ ਉਸਦੀ ਜ਼ਮਾਨਤ ਦੀ ਦਰਖਾਸਤ ਲਗਾਈ ਜਿੱਥੋਂ ਬਰਨਾਲਾ ਦੀ ਅਦਾਲਤ ਨੇ ਜਗਦੀਸ ਸਿੰਘ ਨੂੰ ਜ਼ਮਾਨਤ ਦੇ ਦਿੱਤੀ। ਆਪਣੇ ਪਤੀ ਦੀ ਰਿਹਾਈ ਦੇ ਕਾਗਜ਼ਾਤ ਲੈ ਕੇ ਜਦੋਂ ਉਹ ਸੰਗਰੂਰ ਜੇਲ ਪਹੁੰਚੀ ਤਾਂ ਉਸਨੂੰ ਜੇਲ ਅਧਿਕਾਰੀਆ ਨੇ ਦੱਸਿਆ ਕਿ ਜਲਦੀ ਹੀ ਉਸਨੂੰ ਜੇਲ 'ਚੋਂ ਰਿਹਾ ਕਰ ਦਿੱਤਾ ਜਾਵੇਗਾ। ਜਗਦੀਸ ਸਿੰਘ ਦੀ ਪਤਨੀ ਨੇ ਦੱਸਿਆ ਕਿ ਉਹ ਲਗਾਤਾਰ ਦੋ ਦਿਨ ਤੱਕ ਜੇਲ ਦੇ ਗੇਟ ਤੇ ਖੜੀ ਰਹੀ ਪਰ ਉਸ ਨੂੰ ਰਿਹਾ ਨਹੀ ਕੀਤਾ ਗਿਆ। ਉਸ ਨੇ ਇਸ ਸੰਬਧੀ ਇਕ ਰਿੱਟ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਲਗਾਈ ਜਿਥੇ ਅਦਾਲਤ ਨੇ ਇਕ ਵਾਰੰਟ ਅਫਸਰ ਨਿਯੁਕਤ ਕੀਤਾ ਜਿਸ ਨੇ ਜੇਲ ਤੋਂ ਇਲਾਵਾ ਕਈ ਪੁਲਸ ਸਟੇਸ਼ਨ ਵੀ ਚੈੱਕ ਕੀਤੇ ਪਰ ਜਗਦੀਸ ਸਿੰਘ ਦਾ ਕੁੱਝ ਪਤਾ ਨਹੀਂ ਲੱਗਾ। ਸੂਤਰਾ ਅਨੁਸਾਰ ਕਿਸੇ ਹੋਰ ਜ਼ਿਲੇ ਦੀ ਪੁਲਸ ਜਗਦੀਸ ਸਿੰਘ ਨੂੰ ਆਪਣੇ ਨਾਲ ਲੈ ਗਈ ਹੈ। ਜੇਲ ਸੁਪਰਡੈਟ ਅਨੁਸਾਰ ਉਨ੍ਹਾ ਨੇ ਕੁਝ ਦਿਨ ਪਹਿਲਾਂ ਜਗਦੀਸ ਸਿੰਘ ਨੂੰ ਜੇਲ 'ਚੋਂ ਰਿਹਾਅ ਕਰ ਦਿੱਤਾ ਸੀ ।
ਪੀ. ਜੀ. ਆਈ. 'ਚ ਇਲਾਜ ਲਈ ਪੁੱਜੇ ਮਰੀਜ਼ ਪਰੇਸ਼ਾਨ, ਜਾਣੋ ਕਿਉਂ
NEXT STORY