ਮੰਡੀ ਘੁਬਾਇਆ, (ਕੁਲਵੰਤ)- ਅਕਾਲੀ-ਭਾਜਪਾ ਸਰਕਾਰ ਵੇਲੇ ਪੰਜਾਬ ਦੇ ਪਿੰਡਾਂ 'ਚ ਵਾਟਰ ਸਪਲਾਈ ਲਈ ਪਾਈਪਾਂ ਤੇ ਸੜਕਾਂ ਬਣਾਉਣ ਦਾ ਕੰਮ ਜੋਸ਼ੋ-ਖਰੋਸ਼ ਨਾਲ ਕੀਤਾ ਗਿਆ ਸੀ ਪਰ ਕਾਂਗਰਸ ਸਰਕਾਰ ਆਉਣ ਤੋਂ ਬਾਅਦ ਸਾਰੀਆਂ ਸਕੀਮਾਂ ਧਰੀਆਂ-ਧਰਾਈਆਂ ਰਹਿ ਗਈਆਂ। ਇਸੇ ਤਰ੍ਹਾਂ ਹੀ ਨਜ਼ਦੀਕੀ ਪਿੰਡ ਫੱਤੂ ਵਾਲਾ 'ਚ ਹੋਇਆ ਹੈ ਜਿੱਥੇ ਵਾਟਰ ਸਪਲਾਈ ਲਈ ਮਹਿਕਮੇ ਵੱਲੋਂ ਪਾਈਪਾਂ ਸੜਕ ਪੁੱਟ ਕੇ ਪਾਈਆਂ ਗਈਆਂ ਪਰ ਸੜਕ ਪੁੱਟੀ ਹੋਣ ਕਾਰਨ ਉੱਥੇ ਪਾਣੀ ਖੜ੍ਹਾ ਰਹਿੰਦਾ ਹੈ, ਜਿਸ ਕਰਕੇ ਰਾਹਗੀਰਾਂ ਨੇ ਸਰਕਾਰ ਤੇ ਸਬੰਧਤ ਮਹਿਕਮੇ ਦੇ ਖਿਲਾਫ ਰੋਸ ਪ੍ਰਗਟ ਕੀਤਾ ਹੈ।
ਜਾਣਕਾਰੀ ਅਨੁਸਾਰ ਪਿੰਡ ਫੱਤੂ ਵਾਲਾ ਦੇ ਵਸਨੀਕਾਂ ਤੇ ਰਾਹਗੀਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ 'ਚ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਪੀਣ ਵਾਲੇ ਪਾਣੀ ਲਈ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਪਾਈਪਾਂ ਪਾਈਆਂ ਗਈਆਂ ਸਨ ਤੇ ਮਹਿਕਮੇ ਵੱਲੋਂ ਪਿੰਡ ਸੁਖੇਰਾ ਬੋਦਲਾ ਤੋਂ ਫੱਤੂਵਾਲਾ ਪਿੰਡ 'ਚੋਂ ਹਜ਼ਾਰਾ ਰਾਮ ਸਿੰਘ ਵਾਲਾ, ਜੋਧਾ ਭੈਣੀ, ਗ਼ਰੀਬਾ ਸਾਂਦੜ ਆਦਿ ਨੂੰ ਜਾਂਦੀ ਮੇਨ ਸੜਕ ਨੂੰ ਕਈ ਥਾਵਾਂ ਤੋਂ ਪੁੱਟ ਦਿੱਤਾ ਗਿਆ ਤੇ ਪਾਈਪਾਂ ਲੰਘਾ ਲਈਆਂ ਗਈਆਂ।
ਪਿੰਡ ਵਾਸੀਆਂ ਨੇ ਦੱਸਿਆ ਕਿ ਠੇਕੇਦਾਰ ਤੇ ਪੀ. ਡਬਲਯੂ ਡੀ. ਮਹਿਕਮੇ ਵੱਲੋਂ ਕਿਹਾ ਗਿਆ ਸੀ ਕਿ ਇਹ ਸੜਕ ਦੁਬਾਰਾ ਬਣਾ ਕੇ ਪਾਣੇ ਦੀ ਨਿਕਾਸੀ ਕੀਤੀ ਜਾਵੇਗੀ ਪਰ ਇਹ ਸੜਕ ਅਜੇ ਤਾਈਂ ਪੁੱਟੀ ਹੋਈ ਹੈ ਅਤੇ ਨਿਕਾਸੀ ਨਾ ਹੋਣ ਕਰਕੇ ਇਸ 'ਤੇ ਖੱਡੇ ਬਣ ਚੁੱਕੇ ਹਨ, ਜਿਸ ਕਾਰਨ ਇਨ੍ਹਾਂ 'ਚ ਪਿੰਡ ਦੀਆਂ ਨਾਲੀਆਂ ਦਾ ਪਾਣੀ ਖੜ੍ਹਾ ਰਹਿੰਦਾ ਹੈ ਤੇ ਥੋੜ੍ਹੀ-ਬਹੁਤੀ ਬਾਰਿਸ਼ ਹੋਣ ਉਪਰੰਤ ਇਥੋਂ ਲੰਘਣਾ ਮੁਸ਼ਕਿਲ ਹੋ ਜਾਂਦਾ ਹੈ। ਇਸ ਸਬੰਧੀ ਉਨ੍ਹਾਂ ਕਈ ਵਾਰ ਸੜਕ ਦੇ ਠੇਕੇਦਾਰ ਤੇ ਪੀ. ਡਬਲਯੂ. ਡੀ. ਮਹਿਕਮੇ ਤਕ ਪਹੁੰਚ ਕੀਤੀ ਅਤੇ ਉਹ ਕਈ ਵਾਰ ਮੌਕਾ ਵੀ ਵੇਖ ਚੁੱਕੇ ਹਨ ਪਰ ਉਨ੍ਹਾਂ ਨੇ ਲਾਰਿਆਂ ਤੋਂ ਬਿਨਾਂ ਪੱਲੇ ਕੁਝ ਨਹੀਂ ਪਾਇਆ ਤੇ ਕਈ ਵਾਰ ਹਾਦਸੇ ਵੀ ਹੋ ਚੁੱਕੇ ਹਨ।
ਉਨ੍ਹਾਂ ਨੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਇਹ ਸੜਕ ਜਲਦ ਤੋਂ ਜਲਦ ਬਣਾਈ ਜਾਵੇ ਤਾਂ ਜੋ ਉਨ੍ਹਾਂ ਨੂੰ ਇਸ ਪ੍ਰੇਸ਼ਾਨੀ ਤੋਂ ਨਿਜਾਤ ਮਿਲੇ। ਜਦੋਂ ਪੱਤਰਕਾਰਾਂ ਨੇ ਪੀ. ਡਬਲਯੂ. ਡੀ. ਐਕਸੀਅਨ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸੈਨੀਟੇਸ਼ਨ ਵਿਭਾਗ ਨੇ ਸੜਕ ਕੱਟ ਕੇ ਪਾਈਪਾਂ ਪਾਈਆਂ ਸਨ ਤੇ ਜੇ ਉਹ ਵਿਭਾਗ ਸੜਕ ਬਣਾ ਕੇ ਨਹੀਂ ਦਿੰਦਾ ਤਾਂ ਉਸ ਦੇ ਪੈਸੇ ਕੱਟ ਕੇ ਅਸੀਂ ਜਲਦੀ ਹੀ ਸੜਕ ਬਣਾ ਦਿਆਂਗੇ।
ਨਾਜਾਇਜ਼ ਸ਼ਰਾਬ ਤੇ ਹੈਰੋਇਨ ਸਮੇਤ 4 ਗ੍ਰਿਫਤਾਰ
NEXT STORY