ਹੁਸ਼ਿਆਰਪੁਰ, (ਘੁੰਮਣ)- ਸ਼ਹਿਰ ’ਚ ਅੱਜ ਤਡ਼ਕਸਾਰ ਤੋਂ ਸ਼ੁਰੂ ਹੋਇਆ ਮੀਂਹ ਸਵੇਰੇ 8 ਵਜੇ ਤੱਕ ਜਾਰੀ ਰਿਹਾ। ਜਿਸ ਕਾਰਨ ਸ਼ਹਿਰ ਦੇ ਮੁੱਖ ਬਾਜ਼ਾਰਾਂ ਤੇ ਨੀਵੇਂ ਇਲਾਕਿਆਂ ’ਚ ਪਾਣੀ ਭਰ ਗਿਆ ਤੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਘੰਟਾਘਰ ਚੌਕ, ਕੋਤਵਾਲੀ ਬਾਜ਼ਾਰ, ਰੈੱਡ ਰੋਡ, ਰੇਲਵੇ ਰੋਡ, ਬਾਲ ਕ੍ਰਿਸ਼ਨ ਰੋਡ, ਪ੍ਰਲਾਹਦ ਨਗਰ, ਸ਼ਿਮਲਾ ਪਹਾਡ਼ੀ ਚੌਕ, ਹਰੀ ਨਗਰ, ਸਰਕਾਰੀ ਕਾਲਜ ਰੋਡ, ਸੁਤਹਿਰੀ ਰੋਡ ਆਦਿ ਇਲਾਕਿਆਂ ’ਚ ਪਾਣੀ ਭਰ ਜਾਣ ਨਾਲ ਜਿਥੇ ਆਮ ਲੋਕਾਂ ਤੇ ਦੁਕਾਨਦਾਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਉਥੇ ਆਵਾਜਾਈ ਵੀ ਕਾਫੀ ਪ੍ਰਭਾਵਿਤ ਹੋਈ। ਜ਼ਿਲੇ ਵਿਚ ਅੱਜ ਕੁੱਲ 35 ਐੱਮ. ਐੱਮ. ਬਾਰਸ਼ ਹੋਈ। ਜ਼ਿਲਾ ਪ੍ਰਸ਼ਾਸਨ ਦੇ ਇਕ ਬੁਲਾਰੇ ਨੇ ਦੱਸਿਆ ਕਿ ਹੁਸ਼ਿਆਰਪੁਰ ’ਚ 24 ਐੱਮ. ਐੱਮ., ਗਡ਼੍ਹਸ਼ੰਕਰ ’ਚ 6 ਐੱਮ. ਐੱਮ. ਅਤੇ ਦਸੂਹਾ ’ਚ 5 ਐੱਮ. ਐੱਮ. ਬਾਰਸ਼ ਰਿਕਾਰਡ ਕੀਤੀ ਗਈ ਹੈ।
ਕੋਤਵਾਲੀ ਬਾਜ਼ਾਰ ਵਪਾਰ ਸੰਘ ਦੇ ਪ੍ਰਧਾਨ ਕੇਵਲ ਕ੍ਰਿਸ਼ਨ ਵਰਮਾ ਨੇ ਕਿਹਾ ਕਿ ਕਈ ਵਾਰ ਨਗਰ ਨਿਗਮ ਦੇ ਕੋਲ ਦੁਹਾਈ ਦਿੱਤੇ ਜਾਣ ਦੇ ਬਾਵਜੂਦ ਦੁਕਾਨਦਾਰਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਇਹ ਸਮੱਸਿਆ ਸਿਰਫ ਕੋਤਵਾਲੀ ਬਾਜ਼ਾਰ ਦੀ ਹੀ ਨਹੀਂ, ਬਲਕਿ ਹੋਰ ਬਾਜ਼ਾਰਾਂ ਵਿਚ ਵੀ ਪਾਣੀ ਭਰ ਜਾਣ ਕਾਰਨ ਸਵੇਰ ਸਮੇਂ ਦੁਕਾਨਦਾਰ ਦੁਕਾਨਾਂ ਨਹੀਂ ਖੋਲ੍ਹ ਸਕਦੇ। ਪਾਣੀ ਭਰ ਜਾਣ ਦੀ ਸਥਿਤੀ ’ਚ ਜਦੋਂ ਚਾਰਪਹੀਆ ਵਾਹਨ ਬਾਜ਼ਾਰਾਂ ਵਿਚੋਂ ਲੰਘਦੇ ਹਨ ਤਾਂ ਗੰਦਾ ਪਾਣੀ ਉੱਛਲ ਕੇ ਉਨ੍ਹਾਂ ਦੀਆਂ ਦੁਕਾਨਾਂ ਅੰਦਰ ਦਾਖ਼ਲ ਹੋ ਜਾਂਦਾ ਹੈ, ਜਿਸ ਨਾਲ ਦੁਕਾਨਾਂ ’ਚ ਪਿਆ ਸਾਮਾਨ ਗਿੱਲਾ ਹੋ ਜਾਣ ਨਾਲ ਵਪਾਰੀਆਂ ਨੂੰ ਨੁਕਸਾਨ ਵੀ ਝੱਲਣਾ ਪੈਂਦਾ ਹੈ। ਬਾਰਸ਼ ਭਾਵੇਂ ਸਵੇਰੇ 8 ਵਜੇ ਬੰਦ ਹੋ ਗਈ ਸੀ, ਪ੍ਰੰਤੂ ਦੁਕਾਨਾਂ ਅੱਗੇ ਪਾਣੀ ਦੁਪਹਿਰ 2 ਵਜੇ ਤੱਕ ਖਡ਼੍ਹਾ ਰਿਹਾ, ਜਿਸ ਨਾਲ ਗਾਹਕਾਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਸ੍ਰੀ ਵਰਮਾ ਨੇ ਮੰਗ ਕੀਤੀ ਕਿ ਦੁਕਾਨਦਾਰਾਂ ਦੀ ਇਸ ਸਮੱਸਿਆ ਦਾ ਪਹਿਲ ਦੇ ਅਧਾਰ ’ਤੇ ਹੱਲ ਕੀਤਾ ਜਾਵੇ।
ਬਾਲ ਕ੍ਰਿਸ਼ਨ ਰੋਡ ਦੀ ਸਥਿਤੀ ਬਦ ਤੋਂ ਬਦਤਰ
ਬਾਲ ਕ੍ਰਿਸ਼ਨ ਰੋਡ ਕ੍ਰਿਸ਼ਨਾ ਨਗਰ ’ਚ ਵੀ ਅਜਿਹੇ ਹੀ ਹਾਲਾਤ ਦੇਖਣ ਨੂੰ ਮਿਲ ਰਹੇ ਹਨ। ਇਲਾਕੇ ਦੇ ਪ੍ਰਮੁੱਖ ਦੁਕਾਨਦਾਰ ਯੋਗੇਸ਼ ਸੈਣੀ ਨੇ ਕਿਹਾ ਕਿ ਮੀਂਹ ਸ਼ੁਰੂ ਹੁੰਦਿਆਂ ਹੀ ਦੁਕਾਨਦਾਰਾਂ ਨੂੰ ਹੱਥਾਂ-ਪੈਰਾਂ ਦੀ ਪੈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਮੀਂਹ ਦੌਰਾਨ ਦੁਕਾਨਾਂ ਦੇ ਆਸ-ਪਾਸ ਸਥਿਤੀ ਬਦ ਤੋਂ ਬਦਤਰ ਬਣ ਜਾਂਦੀ ਹੈ। ਬਰਸਾਤ ਦੇ ਦਿਨਾਂ ਦੌਰਾਨ ਆਏ ਦਿਨ ਪਾਣੀ ਘਰਾਂ ਤੇ ਦੁਕਾਨਾਂ ’ਚ ਦਾਖ਼ਲ ਹੋ ਜਾਣ ਨਾਲ ਕਾਰੋਬਾਰ ਵੀ ਬੁਰੀ ਤਰ੍ਹਾਂ ਚੌਪਟ ਹੋ ਰਿਹਾ ਹੈ। ਉਨ੍ਹਾਂ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਕਿ ਉਹ ਵਿਅਕਤੀਗਤ ਤੌਰ ’ਤੇ ਬਾਜ਼ਾਰਾਂ ਦਾ ਦੌਰਾ ਕਰਕੇ ਇਸ ਗੰਭੀਰ ਸਮੱਸਿਆ ਦਾ ਹੱਲ ਕਰਵਾਉਣ।
ਸੰਤ ਕਾਲੀ ਕੰਬਲੀ ਮੁਹੱਲੇ ’ਚ ਵੀ ਸਥਿਤੀ ਨਰਕ ਵਾਲੀ
ਡੀ. ਸੀ. ਰੋਡ ਦੇ ਨਜ਼ਦੀਕ ਤੇ ਅਮਨ ਹਸਪਤਾਲ ਦੇ ਪਿਛਲੇ ਪਾਸੇ ਸੰਤ ਕਾਲੀ ਕੰਬਲੀ ਮੁਹੱਲੇ ’ਚ ਵੀ ਬਰਸਾਤ ਦੌਰਾਨ ਸਥਿਤੀ ਨਰਕ ਵਾਲੀ ਬਣੀ ਹੋਈ ਹੈ। ਮੀਂਹ ਦੇ ਪਾਣੀ ਦੀ ਨਿਕਾਸੀ ਠੀਕ ਨਾ ਹੋਣ ਕਾਰਨ ਬਾਰਸ਼ ਬੰਦ ਹੋਣ ਤੋਂ ਬਾਅਦ ਵੀ ਘੰਟਿਆਂ ਤੱਕ ਪਾਣੀ ਸਡ਼ਕਾਂ ਜਾਂ ਗਲੀਆਂ ’ਚ ਖਡ਼੍ਹਾ ਰਹਿੰਦਾ ਹੈ। ਇਲਾਕਾ ਵਾਸੀ ਇੰਜੀ. ਸ਼ਿਵ ਕੁਮਾਰ ਸੇਠੀ ਤੇ ਕੁੱਝ ਹੋਰ ਵਿਅਕਤੀਆਂ ਨੇ ਦੱਸਿਆ ਕਿ ਗਲੀਆਂ ’ਚ ਗੰਦੇ ਪਾਣੀ ਦੇ ਜਮਾਵਡ਼ੇ ਕਾਰਨ ਮੱਖੀਆਂ-ਮੱਛਰ ਪੈਦਾ ਹੋ ਰਹੇ ਹਨ ਤੇ ਬੀਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਲੋਕਾਂ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਇਸ ਪਾਸੇ ਵੱਲ ਪਹਿਲ ਦੇ ਅਧਾਰ ’ਤੇ ਧਿਆਨ ਦੇ ਕੇ ਉਨ੍ਹਾਂ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ।
ਵੈਲਡਿੰਗ ਗੈਸ ਸਿਲੰਡਰ ਫਟਣ ਨਾਲ ਦੁਕਾਨਦਾਰ ਜ਼ਖ਼ਮੀ
NEXT STORY