ਫਤਿਹਗੜ੍ਹ ਸਾਹਿਬ(ਜ. ਬ.)-ਆਂਗਣਵਾੜੀ ਵਰਕਰ ਯੂਨੀਅਨ ਪੰਜਾਬ ਸੀਟੂ ਵੱਲੋਂ ਜ਼ਿਲਾ ਫਤਿਹਗੜ੍ਹ ਸਾਹਿਬ ਵਿਖੇ ਸੂਬਾ ਪ੍ਰਧਾਨ ਹਰਜੀਤ ਕੌਰ ਪੰਜੋਲਾ ਦੀ ਅਗਵਾਈ ਵਿਚ ਆਲ ਇੰਡੀਆ ਫੈੱਡਰੇਸ਼ਨ ਆਫ ਆਂਗਣਵਾੜੀ ਵਰਕਰਜ਼ ਹੈਲਪਰ ਦੇ ਸੱਦੇ 'ਤੇ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਪ੍ਰਤੀ ਸਰਕਾਰ ਨੂੰ ਸੁਚੇਤ ਕਰਨ ਲਈ ਅਤੇ ਜਲਦੀ ਤੋਂ ਜਲਦੀ ਠੋਸ ਹੱਲ ਕਰਨ ਲਈ ਅੱਜ ਡੀ. ਸੀ. ਦਫਤਰ ਅੱਗੇ ਕਾਲੇ ਦੁਪੱਟੇ ਲੈ ਕੇ ਰੋਸ ਧਰਨਾ ਦਿੱਤਾ ਅਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਹਰਜੀਤ ਕੌਰ ਪੰਜੋਲਾ ਨੇ ਕਿਹਾ ਕਿ ਸਰਕਾਰ ਕੇਂਦਰ ਦੀ ਹੋਵੇ ਜਾਂ ਰਾਜ ਦੀ, ਦੋਵੇਂ ਹੀ ਸਰਕਾਰਾਂ ਨੇ ਆਂਗਣਵਾੜੀ ਵਰਕਰਾਂ ਨਾਲ ਮਤਰੇਈ ਮਾਂ ਵਾਲਾ ਵਤੀਰਾ ਕੀਤਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਜੇਕਰ ਕਾਂਗਰਸ ਸਰਕਾਰ ਸੱਤਾ ਵਿਚ ਆਵੇਗੀ ਤਾਂ ਆਂਗਣਵਾੜੀ ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਨੂੰ ਪਹਿਲ ਦੇ ਆਧਾਰ 'ਤੇ ਪੂਰਾ ਕੀਤਾ ਜਾਵੇਗਾ ਅਤੇ ਹਰਿਆਣਾ ਦੀ ਤਰਜੀਹ 'ਤੇ ਮਾਣ ਭੱਤਾ ਦਿੱਤਾ ਜਾਵੇਗਾ ਪਰ ਕਾਂਗਰਸ ਸਰਕਾਰ ਨੇ ਮੰਗਾਂ ਨੂੰ ਮੰਨਣਾ ਤਾਂ ਦੂਰ 4 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਅੱਜ ਤੱਕ ਯੂਨੀਅਨ ਦੀ ਸਾਰ ਲੈਣੀ ਵੀ ਜ਼ਰੂਰੀ ਨਹੀਂ ਸਮਝੀ, ਜਦਕਿ ਯੂਨੀਅਨ ਵੱਲੋਂ ਲਗਾਤਾਰ ਕਈ ਵਾਰ ਸਰਕਾਰ ਨੂੰ ਮੰਗ ਪੱਤਰ ਵੀ ਦਿੱਤੇ ਜਾ ਚੁੱਕੇ ਹਨ। ਇਕ ਪਾਸੇ ਤਾਂ ਸਰਕਾਰ ਸਾਨੂੰ ਸਵੈ ਸੇਵਕਾਂ ਦਾ ਦਰਜਾ ਦਿੰਦੀ ਹੈ ਅਤੇ ਦੂਜੇ ਪਾਸੇ ਜ਼ਬਰਦਸਤੀ ਵਾਧੂ ਕੰਮ ਆਂਗਣਵਾੜੀ ਵਰਕਰਾਂ 'ਤੇ ਥੋਪਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਆਂਗਣਵਾੜੀ ਵਰਕਰ ਯੂਨੀਅਨ ਆਪਣੇ ਹੱਕਾਂ 'ਤੇ ਡਾਕਾ ਨਹੀਂ ਪੈਣ ਦੇਵੇਗੀ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ 3 ਸਾਲ ਤੋਂ 6 ਸਾਲ ਦੇ ਬੱਚਿਆਂ ਦਾ ਦਾਖਲਾ ਆਂਗਣਵਾੜੀ ਵਿਚ ਯਕੀਨੀ ਬਣਾਇਆ ਜਾਵੇ, 44ਵੀਂ ਅਤੇ 45ਵੀਂ ਕਾਨਫੰਰਸ ਦੀਆਂ ਸਿਫਾਰਸ਼ਾਂ ਲਾਗੂ ਕਰਦੇ ਹੋਏ ਵਰਕਰਾਂ ਅਤੇ ਹੈਲਪਰਾਂ ਨੂੰ ਘੱਟੋ-ਘੱਟ ਉਜਰਤ ਵਿਚ ਸ਼ਾਮਲ ਕਰ ਕੇ ਵਰਕਰ ਨੂੰ 18 ਹਜ਼ਾਰ ਰੁਪਏ ਅਤੇ ਹੈਲਪਰ ਨੂੰ 15 ਹਜ਼ਾਰ ਰੁਪਏ ਲਾਗੂ ਕੀਤਾ ਜਾਵੇ। ਇਸ ਸਮੇਂ ਆਂਗਣਵਾੜੀ ਵਰਕਰ ਯੂਨੀਅਨ ਵਲੋਂ ਆਪਣੀਆਂ ਮੰਗਾਂ ਦੇ ਸੰਬੰਧ 'ਚ ਪ੍ਰਧਾਨ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਵੀ ਤਹਿਸੀਲਦਾਰ ਨੂੰ ਦਿੱਤਾ। ਇਸ ਮੌਕੇ ਗੁਰਮੀਤ ਕੌਰ ਚੁੰਨੀ, ਗੁਰਬਚਨ ਕੌਰ, ਗੁਰਮੀਤ ਕੌਰ ਰੁੜਕੀ, ਕੁਲਵੰਤ ਕੌਰ, ਪਰਮੇਸ਼ਵਰੀ ਦੇਵੀ, ਪਰਮਜੀਤ ਕੌਰ, ਬਲਵਿੰਦਰ ਕੌਰ ਪੰਜੋਲੀ, ਹਰਜੀਤ ਕੌਰ ਚੌਰਵਾਲਾ, ਚਰਨਜੀਤ ਕੌਰ ਬਸੀ, ਨੀਲਮ ਰਾਣੀ, ਸੁਰਿੰਦਰ ਕੌਰ, ਸੁਰਜੀਤ ਕੌਰ, ਧਰਮਿੰਦਰ ਕੌਰ, ਕਮਲਜੀਤ ਕੌਰ ਖਮਾਣੋਂ, ਇੰਦਰਪਾਲ ਕੌਰ, ਸਤਵੰਤ ਕੌਰ, ਦਵਿੰਦਰਪਾਲ ਕੌਰ, ਚਰਨਜੀਤ ਕੌਰ, ਭੁਪਿੰਦਰ ਕੌਰ ਬੁੱਗਾ, ਭੁਪਿੰਦਰ ਕੌਰ ਅਮਲੋਹ, ਨਰਿੰਦਰ ਕੌਰ ਤੁਰਾ, ਬਲਵਿੰਦਰ ਕੌਰ ਲੁਹਾਰਮਾਜਰਾ, ਰਣਜੀਤ ਸਿੰਘ, ਰਜਿੰਦਰ ਕੌਰ ਪੀਰਜੈਨ, ਹਰਮੇਸ਼ ਸਿੰਘ, ਭੁਪਿੰਦਰ ਸਿੰਘ ਪ੍ਰਧਾਨ ਕੌਕਾ ਕੋਲਾ ਫੈਕਟਰ, ਗੁਰਮੇਲ ਸਿੰਘ ਚੌਕੀਦਾਰ ਅਤੇ ਹੋਰ ਹਾਜ਼ਰ ਸਨ।
ਕੱਪੜਾ ਵਪਾਰੀਆਂ ਨੇ ਸੂਬਾ ਸਰਕਾਰ ਨੂੰ ਜੀ.ਐਸ.ਟੀ. ਹਟਾਉਣ ਦੀ ਕੀਤੀ ਅਪੀਲ! (ਵੀਡੀਓ)
NEXT STORY