ਲੁਧਿਆਣਾ(ਸਹਿਗਲ)-ਫੋਰਟਿਸ ਹਸਪਤਾਲ ਵਿਚ ਅੱਜ ਉਸ ਸਮੇਂ ਮ੍ਰਿਤਕ ਮਰੀਜ਼ ਦੇ ਪਰਿਵਾਰ ਵਾਲਿਆਂ ਨੇ ਹੰਗਾਮਾ ਖੜ੍ਹਾ ਕਰ ਦਿੱਤਾ ਜਦੋਂ ਉਨ੍ਹਾਂ ਦੀ 10 ਸਾਲਾ ਬੱਚੀ, ਜਿਸ ਦੀ ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿਚ ਮੌਤ ਹੋ ਗਈ, ਦੀ ਲਾਸ਼ ਨੂੰ ਹਸਪਤਾਲ ਵਿਚ ਭਰਤੀ ਕਰ ਲਿਆ। ਮ੍ਰਿਤਕ ਦੇ ਚਾਚਾ ਸੋਨੂ ਨੇ ਦੱਸਿਆ ਕਿ ਉਸ ਦੀ ਭਤੀਜੀ ਨੂੰ ਕੁਝ ਦਿਨ ਤੋਂ ਬੁਖਾਰ ਸੀ, ਜਾਂਚ ਵਿਚ ਪਲੇਲੈਟਸ ਘੱਟ ਹੋਣ 'ਤੇ ਉਸ ਨੂੰ ਡੇਂਗੂ ਬੁਖਾਰ ਦੱਸ ਕੇ ਹਸਪਤਾਲ ਲਿਜਾਣ ਦੀ ਸਲਾਹ ਦਿੱਤੀ ਗਈ। ਫੋਰਟਿਸ ਹਸਪਤਾਲ ਲਿਜਾਂਦੇ ਹੋਏ ਰਸਤੇ ਵਿਚ ਬੱਚੀ ਦੀ ਮੌਤ ਹੋ ਗਈ। ਹਸਪਤਾਲ ਪੁੱਜਣ 'ਤੇ ਉਸ ਨੂੰ ਐਮਰਜੈਂਸੀ ਵਿਚ ਭਰਤੀ ਕਰ ਲਿਆ ਗਿਆ। ਪਰਿਵਾਰ ਦੇ ਦੋਸ਼ ਦੇ ਮੁਤਾਬਕ ਮ੍ਰਿਤਕ ਹੋਣ ਦੇ ਬਾਵਜੂਦ ਕਾਰਵਾਈ ਕਰਨ ਦੇ ਨਾਂ 'ਤੇ ਹਸਪਤਾਲ ਨੇ ਲਾਸ਼ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਪੁਲਸ ਕਾਰਵਾਈ ਕਰਵਾਉਣ ਦੀ ਗੱਲ ਕੀਤੀ। ਸੋਨੂ ਦੇ ਮੁਤਾਬਕ ਉਨ੍ਹਾਂ ਨੂੰ ਜ਼ਬਰਦਸਤੀ ਥਾਣੇ ਜਾਣ ਨੂੰ ਕਹਿ ਕੇ ਪੁਲਸ ਤੋਂ ਕਲੀਅਰੈਂਸ ਲੈਟਰ 'ਤੇ ਮੋਹਰ ਲਵਾ ਕੇ ਲਿਆਉਣ ਨੂੰ ਕਿਹਾ ਗਿਆ। ਪੂਰਾ ਮਾਮਲਾ ਜਾਣ ਕੇ ਪੁਲਸ ਅਧਿਕਾਰੀਆਂ ਨੇ ਕਿਹਾ ਕਿ ਅਜਿਹਾ ਕੋਈ ਕੇਸ ਨਹੀਂ ਹੈ। ਇਸ ਲਈ ਕੋਈ ਕਾਰਵਾਈ ਨਹੀਂ ਬਣਦੀ ਪਰ ਹਸਪਤਾਲ ਵਾਲੇ ਨਾ ਮੰਨੇ, ਜਿਸ ਕਾਰਨ ਪਰਿਵਾਰ ਵਾਲਿਆਂ ਦਾ ਗੁੱਸਾ ਹੋਰ ਵਧ ਗਿਆ। ਉਨ੍ਹਾਂ ਦੇ ਮੁਹੱਲੇ ਵਿਸ਼ਵਕਰਮਾ ਕਾਲੋਨੀ ਦੇ ਸੈਂਕੜੇ ਲੋਕ ਹਸਪਤਾਲ ਦੇ ਬਾਹਰ ਇਕੱਠੇ ਹੋ ਕੇ ਨਾਅਰੇਬਾਜ਼ੀ ਕਰਨ ਲੱਗੇ ਅਤੇ ਸੜਕ ਜਾਮ ਕਰ ਕੇ ਧਰਨਾ ਦੇਣ ਦੀ ਤਿਆਰੀ ਕਰਨ ਲੱਗੇ। ਇਸੇ ਦੌਰਾਨ ਕਈ ਥਾਣਿਆਂ ਦੀ ਪੁਲਸ ਮੌਕੇ 'ਤੇ ਪੁੱਜ ਗਈ ਤੇ ਪਰਿਵਾਰ ਵਾਲਿਆਂ ਨੂੰ ਸ਼ਾਂਤ ਕੀਤਾ। ਪਰਿਵਾਰ ਦਾ ਕਹਿਣਾ ਸੀ ਕਿ ਉਹ ਸਵੇਰੇ 9 ਵਜੇ ਹਸਪਤਾਲ ਆਏ ਸਨ ਪਰ ਹੁਣ 3 ਵੱਜਣ ਤੋਂ ਬਾਅਦ ਵੀ ਉਨ੍ਹਾਂ ਨੂੰ ਕਾਰਵਾਈ ਦੇ ਨਾਂ 'ਤੇ ਲਟਕਾਇਆ ਜਾ ਰਿਹਾ ਹੈ। ਮਾਹੌਲ ਵਿਗੜਦਾ ਦੇਖ ਕੇ ਹਸਪਤਾਲ ਵੱਲੋਂ ਇਹ ਲਿਖਤੀ ਭਰੋਸਾ ਮੰਗਿਆ ਗਿਆ ਕਿ ਬੱਚੇ ਦੇ ਪਰਿਵਾਰ ਵਾਲੇ ਕੋਈ ਕਾਰਵਾਈ ਨਹੀਂ ਕਰਨਗੇ, ਜਿਸ 'ਤੇ ਵਿਧਾਇਕ ਸੰਜੇ ਤਲਵਾੜ, ਮੁਹੱਲਾ ਪ੍ਰਧਾਨ ਹਰਬੰਸ ਨੇ ਉਨ੍ਹਾਂ ਨੂੰ ਯਕੀਨ ਦੁਆਇਆ ਤਾਂ ਜਾ ਕੇ ਬੱਚੀ ਦੀ ਲਾਸ਼ ਉਨ੍ਹਾਂ ਨੂੰ ਵਾਪਸ ਕੀਤੀ ਗਈ। ਸੰਪਰਕ ਕਰਨ 'ਤੇ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਰਜੀਵ ਕੁੰਦਰਾ ਨੇ ਕਿਹਾ ਕਿ ਉਹ ਨਿੱਜੀ ਕੰਮ ਤੋਂ ਛੁੱਟੀ 'ਤੇ ਹਨ ਪਰ ਉਨ੍ਹਾਂ ਨੂੰ ਮਿਲੀ ਸੂਚਨਾ ਮੁਤਾਬਕ ਬੱਚੀ ਨੂੰ ਜਦੋਂ ਹਸਪਤਾਲ ਲਿਆਂਦਾ ਗਿਆ ਤਾਂ ਉਹ ਮਰ ਚੁੱਕੀ ਸੀ, ਜਿਸ 'ਤੇ ਉਸ ਦੀ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ। ਲੜਕੀ ਦੇ ਚਾਚਾ ਸੋਨੂ ਨੇ ਕਿਹਾ ਕਿ ਹਸਪਤਾਲ ਲਾਸ਼ ਕਬਜ਼ੇ ਵਿਚ ਲੈ ਕੇ ਕਾਰਵਾਈ ਦੇ ਨਾਂ 'ਤੇ ਬਿੱਲ ਬਣਾਉਣ ਦੀ ਤਿਆਰੀ ਵਿਚ ਸੀ ਪਰ ਭਾਰੀ ਦਬਾਅ ਕਾਰਨ ਅਜਿਹਾ ਨਹੀਂ ਕਰ ਸਕਿਆ ਫਿਰ ਵੀ ਲਾਸ਼ ਸੌਂਪਣ ਬਦਲੇ ਉਨ੍ਹਾਂ ਤੋਂ 1 ਹਜ਼ਾਰ ਰੁਪਏ ਵਸੂਲ ਲਏ ਗਏ।
ਸੜਕ ਹਾਦਸੇ ਦੌਰਾਨ ਨੌਜਵਾਨ ਦੀ ਮੌਤ
NEXT STORY