ਬਠਿੰਡਾ(ਸੁਖਵਿੰਦਰ)-ਪੰਜਾਬ ਦੀ ਕੈਪਟਨ ਸਰਕਾਰ ਦੇ ਕਾਰਜਕਾਲ ਦਾ ਇਕ ਸਾਲ ਪੂਰਾ ਹੋਣ 'ਤੇ ਲੋਕਾਂ ਨੇ ਸੜਕ 'ਤੇ ਉਤਰ ਕੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਸੰਘਰਸ਼ ਕਮੇਟੀ ਦੇ ਪ੍ਰਧਾਨ ਵਿਜੇ ਕੁਮਾਰ ਅਤੇ ਹੋਰ ਪ੍ਰਦਰਸ਼ਨਕਾਰੀਆਂ ਨੇ ਸਰਕਾਰ ਨੂੰ ਲਿਫਾਫਾ ਸਰਕਾਰ ਦੱਸਦਿਆਂ ਲਿਫਾਫੇ ਲੈ ਕੇ ਅਤੇ ਸਰਕਾਰ ਵੱਲੋਂ ਕੀਤੇ ਗਏ ਵਾਅਦਿਆਂ ਦੀਆਂ ਤਖਤੀਆਂ ਲੈ ਕੇ ਰੋਸ ਜਤਾਇਆ। ਇਸ ਮੌਕੇ ਲੋਕਾਂ ਨੇ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਵਿਜੇ ਕੁਮਾਰ ਸਾਬਕਾ ਕੌਂਸਲਰ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਨੇ ਲੋਕਾਂ ਨਾਲ ਅਨੇਕਾਂ ਵਾਅਦੇ ਕੀਤੇ ਸਨ ਪਰ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਰੋਜ਼ਗਾਰ ਦੇਣ, ਸਮਾਰਟ ਫੋਨ ਦੇਣ, ਥਰਮਲ ਪਲਾਂਟ ਨੂੰ ਬੰਦ ਨਾ ਕਰਨ, ਲਾਈਨ ਪਾਰ ਇਲਾਕਿਆਂ ਨੂੰ ਨਿਊ ਬਠਿੰਡਾ ਦੇ ਤੌਰ 'ਤੇ ਵਿਕਸਿਤ ਕਰਨ, ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਵਰਗੇ ਕਈ ਵਾਅਦੇ ਕੀਤੇ ਪਰ ਇਕ ਸਾਲ ਤੋਂ ਸਰਕਾਰ ਨੇ ਇਨ੍ਹਾਂ ਵਾਅਦਿਆਂ ਨੂੰ ਪੂਰਾ ਕਰਨ ਲਈ ਕੋਈ ਕਦਮ ਨਹੀਂ ਚੁੱਕਿਆ। ਮਹਾਨਗਰ ਦੇ ਸਥਾਨਕ ਮੁੱਦਿਆਂ ਟਰੈਫਿਕ, ਲਾਵਾਰਿਸ ਪਸ਼ੂਆਂ, ਪਾਰਕਿੰਗ, ਸੀਵਰੇਜ, ਪੀਣ ਵਾਲੇ ਪਾਣੀ ਆਦਿ 'ਤੇ ਵੀ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ, ਜਿਸ ਨਾਲ ਲੋਕਾਂ ਵਿਚ ਭਾਰੀ ਰੋਸ ਹੈ। ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਅਤੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਮਾਮਲੇ ਵਿਚ ਵੀ ਸਰਕਾਰ ਨੇ ਕੇਵਲ ਡਰਾਮੇਬਾਜ਼ੀ ਹੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਹਰ ਫਰੰਟ 'ਤੇ ਫੇਲ ਹੋ ਚੁੱਕੀ ਹੈ ਅਤੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਵਿਚ ਨਾਕਾਮ ਰਹੀ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਜੇਕਰ ਸਰਕਾਰ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਨਹੀਂ ਕਰ ਸਕਦੀ ਤਾਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਨੂੰ ਅਸਤੀਫਾ ਦੇਣਾ ਚਾਹੀਦਾ ਹੈ।
ਆਟਾ-ਦਾਲ ਸਕੀਮ ਦੇ ਕਾਰਡ ਕੱਟੇ ਜਾਣ ਕਾਰਨ ਲੋਕਾਂ 'ਚ ਰੋਸ
NEXT STORY