ਅਬੋਹਰ(ਸੁਨੀਲ)-ਬੱਲੁਆਨਾ ਵਿਧਾਨ ਸਭਾ ਖੇਤਰ ਦੇ ਪਿੰਡ ਵਰਿਆਮਖੇਡ਼ਾ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ’ਚ ਅੱਜ ਉਸ ਸਮੇਂ ਹੰਗਾਮਾ ਖਡ਼੍ਹਾ ਹੋ ਗਿਆ, ਜਦੋਂ ਕੁਝ ਵਿਦਿਆਰਥੀਆਂ ਨੇ ਸਕੂਲ ਪ੍ਰਬੰਧਨ ਖਿਲਾਫ ਧਰਨਾ ਲਗਾ ਦਿੱਤਾ ਅਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਜਾਣਕਾਰੀ ਮਿਲਦੇ ਹੀ ਸਕੂਲ ਪ੍ਰਿੰਸੀਪਲ ਅਤੇ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਸਮਝਾਇਆ ਅਤੇ ਧਰਨਾ ਚੁੱਕਵਾ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਸ਼ਨੀਵਾਰ ਨੂੰ ਸਕੂਲ ’ਚ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਮੈਰਾਥਨ ਕਰਵਾਈ ਗਈ ਸੀ। ਇਸ ਮੈਰਾਥਨ ਦੌਰਾਨ ਕੁਝ ਵਿਦਿਆਰਥੀਆਂ ਦੇ ਵਿਚ ਝਗਡ਼ਾ ਹੋ ਗਿਆ ਅਤੇ ਹਾਲਤ ਕੁੱਟ-ਮਾਰ ਤੱਕ ਪੁੱਜ ਗਈ। ਜਦੋਂ ਸਕੂਲ ਪ੍ਰਬੰਧਨ ਦੇ ਧਿਆਨ ’ਚ ਇਹ ਮਾਮਲਾ ਆਇਆ ਤਾਂ ਪ੍ਰਿੰਸੀਪਲ ਨੇ ਕੁੱਟ-ਮਾਰ ਕਰਨ ਵਾਲੇ ਵਿਦਿਆਰਥੀ ਨੂੰ ਆਪਣੇ ਮਾਪਿਆਂ ਨੂੰ ਨਾਲ ਲਿਆਉਣ ਦੇ ਹੁਕਮ ਦਿੱਤੇ ਪਰ ਵਿਦਿਆਰਥੀ ਨੇ ਆਪਣੇ ਸਾਥੀਆਂ ਨਾਲ ਸਕੂਲ ਵਿਚ ਧਰਨਾ ਲਗਾ ਦਿੱਤਾ। ਇਸ ਮਾਮਲੇ ਸਬੰਧੀ ਸਕੂਲ ਤੋਂ ਵਿਦਿਆਰਥੀ ਨੂੰ 15 ਦਿਨ ਲਈ ਕੱਢ ਦਿੱਤਾ ਗਿਆ ਹੈ। ਦੂਜੇ ਪਾਸੇ ਵਿਦਿਆਰਥੀ ਦਾ ਪਿਤਾ ਲਿਖਤੀ ਮੁਆਫੀ ਮੰਗਵਾ ਕੇ ਵਿਦਿਆਰਥੀ ਦਾ ਨਿਲੰਬਨ ਖ਼ਤਮ ਕਰਨ ਦੀ ਮੰਗ ’ਤੇ ਅਡ਼ੇ ਹੋਇਆ ਸੀ। ਖਬਰ ਲਿਖੇ ਜਾਣ ਤੱਕ ਦੋਵਾਂ ਧਿਰਾਂ ’ਚ ਕੋਈ ਸਮਝੌਤਾ ਨਹੀਂ ਹੋਇਆ ਸੀ।
ਕੀ ਕਹਿਣਾ ਵਿਦਿਆਰਥੀ ਦੇ ਪਿਤਾ ਦਾ
ਵਿਦਿਆਰਥੀ ਦੇ ਪਿਤਾ ਦਾ ਕਹਿਣਾ ਸੀ ਕਿ ਉਸ ਦੇ ਪੁੱਤਰ ਨੇ ਜੇਕਰ ਗਲਤੀ ਕੀਤੀ ਹੈ ਤਾਂ ਉਹ ਲਿਖਤੀ ਰੂਪ ਵਿਚ ਮੁਆਫੀ ਮੰਗਣ ਨੂੰ ਤਿਆਰ ਹੈ ਪਰ ਉਸ ਨੂੰ ਨਿਲੰਬਤ ਨਾ ਕੀਤਾ ਜਾਵੇ, ਨਹੀਂ ਤਾਂ ਉਸ ਦੀ 15 ਦਿਨ ਦੀ ਪਡ਼੍ਹਾਈ ਖਰਾਬ ਹੋ ਜਾਵੇਗੀ।
ਕੀ ਕਹਿੰਦੇ ਹਨ ਸਕੂਲ ਪ੍ਰਿੰਸੀਪਲ
ਪ੍ਰਿੰਸੀਪਲ ਅਸ਼ੋਕ ਵਰਮਾ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੇ ਵਿਦਿਆਰਥੀ ਨਵਜੋਤ ਪੁੱਤਰ ਲਾਲ ਚੰਦ ਨੇ ਮੈਰਾਥਨ ਵਾਲੇ ਦਿਨ ਇਕ ਵਿਦਿਆਰਥੀ ਨਾਲ ਕੁੱਟ-ਮਾਰ ਕੀਤੀ ਸੀ। ਜਦੋਂ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਸਕੂਲ ਤੋਂ ਭੱਜ ਗਿਆ। ਇਸ ਤੋਂ ਬਾਅਦ ਉਸ ਨੂੰ ਕਿਹਾ ਗਿਆ ਕਿ ਉਹ ਆਪਣੇ ਮਾਪਿਆਂ ਨੂੰ ਨਾਲ ਲੈ ਕੇ ਆਏ ਨਹੀਂ ਤਾਂ ਉਸ ਨੂੰ ਜਮਾਤ ਵਿਚ ਨਹੀਂ ਬੈਠਣ ਦਿੱਤਾ ਜਾਵੇਗਾ। ਇਸ ਗੱਲ ਨੂੰ ਮੁੱਦਾ ਬਣਾ ਕੇ ਨਵਜੋਤ ਨੇ ਆਪਣੇ ਸਾਥੀਆਂ ਦੇ ਨਾਲ ਧਰਨਾ ਲਗਾ ਦਿੱਤਾ। ਉਨ੍ਹਾਂ ਦੱਸਿਆ ਕਿ ਵਿਦਿਆਰਥੀ ਨੇ ਵੱਡੀ ਗਲਤੀ ਕਰ ਕੇ ਸਕੂਲ ਦਾ ਮਾਹੌਲ ਖ਼ਰਾਬ ਕੀਤਾ ਹੈ। ਇਸ ਲਈ ਉਸ ਨੂੰ ਨਿਲੰਬਨ ਦੀ ਸਜ਼ਾ ਦਿੱਤੀ ਗਈ ਹੈ।
ਘਰੇਲੂ ਕਲੇਸ਼ ਕਾਰਨ ਅੌਰਤ ਨੇ ਮਾਰੀ ਨਹਿਰ ’ਚ ਛਾਲ
NEXT STORY