ਬੱਧਨੀ ਕਲਾਂ (ਬੱਬੀ) - ਸੀਵਰੇਜ ਬੋਰਡ ਵੱਲੋਂ ਬੱਧਨੀ ਕਲਾਂ ਸ਼ਹਿਰ 'ਚ ਸੀਵਰੇਜ ਪਾਉਣ ਲਈ ਲੋਪੋਂ ਚੌਕ ਸਥਿਤ ਬੇਦੀ ਮਾਰਕੀਟ ਅਤੇ ਕਈ ਹੋਰ ਰਸਤੇ ਪੁੱਟਣ ਤੇ ਪਾਈਪਾਂ ਪਾਉਣ ਉਪਰੰਤ ਅੱਧ-ਵਿਚਾਲੇ ਛੱਡ ਦੇਣ ਤੋਂ ਦੁਖੀ ਹੋਏ ਸੈਂਕੜੇ ਦੁਕਾਨਦਾਰ ਅੱਜ ਆਖਿਰਕਾਰ ਨਗਰਪਾਲਿਕਾ ਦਫਤਰ 'ਚ ਸ਼ਹਿਰ ਦੇ ਐੱਮ. ਸੀਜ਼ ਦੀ ਚੱਲ ਰਹੀ ਮੀਟਿੰਗ ਦੌਰਾਨ ਪਹੁੰਚ ਗਏ । ਦੁਕਾਨਦਾਰਾਂ ਨੇ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਦੀ ਹਾਜ਼ਰੀ 'ਚ ਨਗਰਪਾਲਿਕਾ ਪ੍ਰਧਾਨ ਬਲਦੇਵ ਸਿੰਘ ਧਾਲੀਵਾਲ, ਕਾਰਜਸਾਧਕ ਅਫਸਰ ਦਵਿੰਦਰ ਸਿੰਘ ਤੂਰ ਅਤੇ ਹਾਜ਼ਰ ਹੋਰ ਐੱਮ. ਸੀਜ਼ ਨੂੰ ਪਿਛਲੇ ਕਈ ਮਹੀਨਿਆਂ ਤੋਂ ਪੁੱਟ ਕੇ ਅੱਧ-ਵਿਚਾਲੇ ਛੱਡੇ ਬੇਦੀ ਮਾਰਕੀਟ ਅਤੇ ਹੋਰ ਮੇਨ ਰਸਤਿਆਂ ਦੇ ਬੰਦ ਪਏ ਕੰਮ ਬਾਰੇ ਪੁੱਛਿਆ। ਦੁਖੀ ਲੋਕਾਂ ਨੇ ਕਿਹਾ ਕਿ ਪੁੱਟ ਗਏ ਇਨ੍ਹਾਂ ਰਸਤਿਆਂ ਕਾਰਨ ਇਥੋਂ ਲੰਘਣ ਵਾਲੇ ਰੋਜ਼ਾਨਾ ਹਜ਼ਾਰਾਂ ਲੋਕਾਂ ਦਾ ਆਉਣ-ਜਾਣ ਬਿਲਕੁਲ ਖਤਮ ਹੋ ਕੇ ਰਹਿ ਗਿਆ ਹੈ, ਜਿਸ ਨਾਲ ਜਿਥੇ ਦੁਕਾਨਦਾਰ ਭੁੱਖੇ ਮਰਨ ਲਈ ਮਜਬੂਰ ਹਨ, ਉਥੇ ਪੁੱਟੇ ਹੋਏ ਰਸਤੇ ਸੀਵਰੇਜ ਬੋਰਡ ਵੱਲੋਂ ਕਦੋਂ ਤਿਆਰ ਕੀਤੇ ਜਾਣਗੇ, ਦੀ ਉਮੀਦ ਵੀ ਧੁੰਦਲੀ ਪੈ ਚੁੱਕੀ ਹੈ। ਨਗਰਪਾਲਿਕਾ ਪ੍ਰਧਾਨ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਇਸ ਸਮੱਸਿਆ ਦਾ ਜਲਦੀ ਹੱਲ ਕੱਢਿਆ ਜਾਵੇਗਾ।
ਦੁਖੀ ਲੋਕਾਂ ਨੇ ਕਿਹਾ ਕਿ ਅਨੇਕਾਂ ਵਾਰ ਇਸ ਸਮੱਸਿਆ ਧਿਆਨ ਵਿਭਾਗ ਕੋਲ ਲਿਆ ਚੁੱਕੇ ਹਨ ਪਰ ਸਾਡਾ ਕੋਈ ਹੱਲ ਅੱਜ ਤੱਕ ਨਹੀਂ ਹੋਇਆ ਜਿਸ 'ਤੇ ਨਗਰਪਾਲਿਕਾ ਪ੍ਰਧਾਨ ਅਤੇ ਕੁਝ ਐੱਮ. ਸੀਜ਼ ਵੱਲੋਂ ਸੀਵਰੇਜ ਬੋਰਡ ਦੇ ਉੱਚ ਅਧਿਕਾਰੀਆਂ ਨੂੰ ਮਿਲਣ ਲਈ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੂੰ ਨਾਲ ਚੱਲਣ ਦੀ ਬੇਨਤੀ ਕੀਤੀ ਗਈ।
ਵਿਧਾਇਕ ਨੇ ਕਿਹਾ ਕਿ ਲੋਕਾਂ ਦੀ ਸਮੱਸਿਆ ਦਾ ਹੱਲ ਹੋਣਾ ਚਾਹੀਦਾ ਹੈ, ਜਿਸ ਵਾਸਤੇ ਕਿਸੇ ਵੀ ਅਧਿਕਾਰੀ ਕੋਲ ਜਾਣ ਨੂੰ ਉਹ ਤਿਆਰ ਹਨ। ਜ਼ਿਕਰਯੋਗ ਹੈ ਕਿ ਸੀਵਰੇਜ ਬੋਰਡ ਵੱਲੋਂ ਹਾਲੇ ਤੱਕ ਪਾਈਪਾਂ ਦੇ ਕੁਨੈਕਸ਼ਨ ਵੀ ਨਹੀਂ ਦਿੱਤੇ ਗਏ, ਜਿਸ ਕਾਰਨ ਪੁੱਟੇ ਹੋਏ ਰਸਤਿਆਂ ਉੱਪਰ ਫਰਸ਼ ਲਾਉਣਾ ਬਹੁਤ ਦੂਰ ਦੀ ਗੱਲ ਹੈ। ਸੂਤਰਾਂ ਤੋਂ ਇਹ ਵੀ ਪਤਾ ਲਗਾ ਹੈ ਕਿ ਸੀਵਰੇਜ ਪਾਉਣ ਲਈ ਜੋ ਗ੍ਰਾਂਟ ਆਈ ਸੀ, ਉਹ ਸਮੇਂ ਸਿਰ ਨਾ ਲੱਗਣ ਕਾਰਨ ਵਾਪਸ ਹੋ ਗਈ ਹੈ, ਜਿਸ ਕਾਰਨ ਸੀਵਰੇਜ ਪਾਉਣ ਵਾਲਾ ਠੇਕੇਦਾਰ ਕੰਮ ਅੱਧ-ਵਿਚਕਾਰ ਛੱਡ ਗਿਆ ਹੈ।
ਭਾਖੜਾ ਡੈਮ ਖਤਰੇ ਦੇ ਨਿਸ਼ਾਨ ਤੋਂ ਸਿਰਫ 20 ਫੁੱਟ ਦੂਰ
NEXT STORY