ਮੋਗਾ (ਪਵਨ ਗਰੋਵਰ/ਗੋਪੀ ਰਾਊਕੇ) - ਇਕ ਪਾਸੇ ਜਿੱਥੇ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਦੀਆਂ ਕੁਝ ਪੰਚਾਇਤਾਂ ਨੂੰ ਪਿਛਲੇ 10 ਸਾਲਾਂ ਦੌਰਾਨ ਮਿਲੀਆਂ ਗ੍ਰਾਂਟਾਂ ਦੀ ਪੜਤਾਲ ਵਿਜੀਲੈਂਸ ਵਿਭਾਗ ਨੂੰ ਦੇਣ ਦੀ ਰਣਨੀਤੀ ਬਣਾਈ ਜਾ ਰਹੀ ਹੈ, ਉੱਥੇ ਹੀ ਦੂਜੇ ਪਾਸੇ ਸਰਕਾਰ ਦੇ ਇਸ ਫੈਸਲੇ ਦੇ ਸਿੱਧੇ ਤੌਰ 'ਤੇ ਵਿਰੋਧ ਵਿਚ ਨਿੱਤਰਦਿਆਂ ਅੱਜ ਇੱਥੇ ਪੰਜਾਬ ਪੰਚਾਇਤ ਐਸੋਸੀਏਸ਼ਨ ਨੇ ਐਲਾਨ ਕੀਤਾ ਹੈ ਕਿ ਪੰਜਾਬ ਭਰ ਦੀਆਂ ਪੰਚਾਇਤਾਂ ਕਿਸੇ ਵੀ ਹਾਲਾਤ 'ਚ ਪੜਤਾਲ ਲਈ ਰਿਕਾਰਡ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਅੱਗੇ ਪੇਸ਼ ਨਹੀਂ ਕਰਨਗੀਆਂ ਅਤੇ ਜੇਕਰ ਫਿਰ ਵੀ ਸਰਕਾਰ ਨੇ ਵਿਜੀਲੈਂਸ ਦੇ 'ਡੰਡੇ' ਰਾਹੀਂ ਪੰਚਾਇਤਾਂ ਨੂੰ ਜ਼ਲੀਲ ਕਰਨਾ ਬੰਦ ਨਾ ਕੀਤਾ ਤਾਂ ਤਿੱਖਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।
ਅੱਜ ਇੱਥੇ ਜ਼ਿਲਾ ਪ੍ਰਧਾਨ ਨਿਹਾਲ ਸਿੰਘ ਤਲਵੰਡੀ ਭੰਗੇਰੀਆ ਦੀ ਅਗਵਾਈ 'ਚ ਪੰਚਾਂ-ਸਰਪੰਚਾਂ, ਪੰਚਾਇਤ ਸਕੱਤਰਾਂ, ਜੇ. ਈ. ਐਸੋਸੀਏਸ਼ਨ, ਗ੍ਰਾਮ ਸੇਵਕ ਯੂਨੀਅਨ ਦੀ ਸਾਂਝੀ ਵਿਸ਼ਾਲ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਪੰਚਾਇਤ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਹਰਵਿੰਦਰ ਸਿੰਘ ਮਾਵੀ ਨੇ ਦੋਸ਼ ਲਾਇਆ ਕਿ ਜਦੋਂ ਵੀ ਕਦੇ ਪੰਜਾਬ ਵਿਚ ਸਰਕਾਰ ਬਦਲਦੀ ਹੈ ਤਾਂ ਸਭ ਤੋਂ ਪਹਿਲਾਂ ਪੰਚਾਇਤਾਂ ਨੂੰ ਹੀ ਨਿਸ਼ਾਨਾ ਬਣਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸੂਬੇ ਭਰ ਦੀਆਂ ਪੰਚਾਇਤਾਂ ਪੰਚਾਇਤੀ ਐਕਟ ਅਨੁਸਾਰ ਆਪਣੇ ਵਿਭਾਗ ਤੋਂ ਆਡਿਟ ਕਰਵਾਉਣ ਲਈ ਪੂਰੀ ਤਰ੍ਹਾਂ ਨਾਲ ਸਹਿਮਤ ਹਨ ਪਰ ਜੇਕਰ ਸਰਕਾਰ ਨੇ ਵਿਜੀਲੈਂਸ ਵਿਭਾਗ ਰਾਹੀਂ ਪੰਚਾਇਤਾਂ ਦੀ ਪੜਤਾਲ ਕਰਵਾਉਣੀ ਬੰਦ ਨਾ ਕੀਤੀ ਤਾਂ ਪੰਜਾਬ ਭਰ 'ਚ ਸਰਕਾਰ ਦਾ ਤਿੱਖਾ ਵਿਰੋਧ ਕੀਤਾ ਜਾਵੇਗਾ। ਪ੍ਰਧਾਨ ਗੁਰਜੀਵਨ ਸਿੰਘ ਬਰਾੜ ਨੇ ਕਿਹਾ ਕਿ ਪੰਜਾਬ ਸਰਕਾਰ ਜਾਣ-ਬੁੱਝ ਕੇ ਪੰਚਾਇਤਾਂ ਦੇ ਸਨਮਾਨ ਨੂੰ ਸੱਟ ਮਾਰਨ ਲੱਗੀ ਹੋਈ ਹੈ।
ਪੰਚਾਇਤ ਅਫਸਰ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਰਜੀਤ ਸਿੰਘ ਰਾਊਕੇ, ਜ਼ਿਲਾ ਪ੍ਰਧਾਨ ਨਿਹਾਲ ਸਿੰਘ ਤਲਵੰਡੀ ਭੰਗੇਰੀਆ ਅਤੇ ਪ੍ਰਧਾਨ ਸੁਖਜੀਵਨ ਸਿੰਘ ਰੌਤਾਂ ਨੇ ਕਿਹਾ ਕਿ ਇਹ ਮਾਮਲਾ ਵੀ ਸੰਘਰਸ਼ ਨਾਲ ਨਜਿੱਠਿਆ ਜਾਵੇਗਾ। ਸਟੇਜ ਦੀ ਕਾਰਵਾਈ ਪ੍ਰਧਾਨ ਬਲਜੀਤ ਸਿੰਘ ਬੱਗਾ ਨੇ ਬਾਖੂਬੀ ਨਿਭਾਈ। ਇਸ ਸਮੇਂ ਕਨਵੀਨਰ ਪ੍ਰੇਮ ਸਿੰਘ ਮੌਲਵੀਵਾਲਾ, ਸਰਪੰਚ ਗੁਰਮੀਤ ਸਿੰਘ ਗਗੜਾ, ਦਵਿੰਦਰ ਸਿੰਘ ਨੰਗਲ, ਬੂਟਾ ਸਿੰਘ ਜਹਾਵਰ ਸਿੰਘ ਵਾਲਾ ਨੇ ਵੀ ਸੰਬੋਧਨ ਕੀਤਾ।
ਇਸ ਦੌਰਾਨ ਨਰਿੰਦਰ ਕੌਰ ਡਾਲਾ, ਦਰਸ਼ਨ ਸਿੰਘ ਦਰਸ਼ੀ, ਜਗਜੀਵਨ ਸਿੰਘ ਲੁਹਾਰਾ, ਗੁਰਮੀਤ ਸਿੰਘ ਗਗੜਾ, ਅਜੀਤਪਾਲ ਸਿੰਘ ਰਣੀਆ, ਗੁਰਸੇਵਕ ਸਿੰਘ ਮੀਨੀਆਂ, ਬਲਦੇਵ ਸਿੰਘ ਕੁੱਸਾ, ਬਲਵਿੰਦਰ ਸਿੰਘ ਭੋਲਾ, ਰਾਣਾ ਮਸੀਤਾ, ਰਵਿੰਦਰ ਸਿੰਘ, ਕੁਲਦੀਪ ਸਿੰਘ ਚੂਹੜਚੱਕ (ਸਾਰੇ ਸਰਪੰਚ), ਬਲਜੀਤ ਸਿੰਘ ਬੱਗਾ, ਸੁਖਜੀਵਨ ਸਿੰਘ ਰੌਂਤਾ, ਬੂਟਾ ਸਿੰਘ, ਦਲਜੀਤ ਸਿੰਘ ਹਿੰਮਤਪੁਰਾ, ਨਿਰਮਲ ਸਿੰਘ ਭੱਟੀ, ਸੁਖਵੀਰ ਸਿੰਘ ਡਾਲਾ, ਗੁਰਜਿੰਦਰ ਸਿੰਘ (ਸਾਰੇ ਪੰਚਾਇਤ ਸਕੱਤਰ), ਰਾਜੂ ਪੰਚ ਬੁੱਟਰ, ਸਰਬਜੀਤ ਪੰਚ ਰੌਲੀ ਤੋਂ ਇਲਾਵਾ ਪੰਚਾਇਤ ਯੂਨੀਅਨ ਦੇ ਅਹੁਦੇਦਾਰ ਵੱਡੀ ਗਿਣਤੀ 'ਚ ਹਾਜ਼ਰ ਸਨ।
ਨਵਜੋਤ ਸਿੱਧੂ ਆਪਣੇ-ਆਪ ਨੂੰ ਸੁਪਰ ਸੀ. ਐੈੱਮ. ਸਮਝਣ ਲੱਗਾ : ਮਜੀਠੀਆ
NEXT STORY