ਪਟਿਆਲਾ (ਜੋਸਨ, ਲਖਵਿੰਦਰ) - ਦਿ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਵੱਲੋਂ ਪ੍ਰਿੰਸੀਪਲ ਸਰਕਾਰੀ ਬਿਕਰਮ ਕਾਲਜ ਆਫ ਕਾਮਰਸ ਦੀ ਹੈਂਕੜਬਾਜ਼ੀ ਵਿਰੁੱਧ ਕਾਲਜ ਦਫਤਰ ਅੱਗੇ ਗੇਟ ਰੈਲੀ ਕਰ ਕੇ ਪਿੱਟ-ਸਿਆਪਾ ਕੀਤਾ ਗਿਆ।
ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਪਾਸੋਂ ਉਨ੍ਹਾਂ ਦੇ ਅਹੁਦੇ ਮੁਤਾਬਕ ਕੰਮ ਨਾ ਲੈ ਕੇ ਮਨਮਰਜ਼ੀ ਨਾਲ ਕੰਮ ਲਿਆ ਜਾਂਦਾ ਹੈ। ਜੂਨੀਅਰ ਕਰਮਚਾਰੀ ਜੋ ਚਹੇਤੇ ਹਨ, ਨੂੰ ਸਰਕਾਰੀ ਖਜ਼ਾਨੇ ਵਿਚੋਂ ਤਨਖਾਹਾਂ ਦਿੱਤੀਆਂ ਜਾਂਦੀਆਂ ਹਨ ਪਰ ਜੋ ਸੀਨੀਅਰ ਕਰਮਚਾਰੀ ਲੰਮੇ ਸਮੇਂ ਤੋਂ ਸਰਕਾਰੀ ਖਜ਼ਾਨੇ ਰਾਹੀਂ ਤਨਖਾਹਾਂ ਲੈ ਰਹੇ ਸਨ, ਨੂੰ ਹੁਣ ਕਾਲਜ ਫੰਡਾਂ ਵਿਚੋਂ ਤਨਖਾਹਾਂ ਦੇਣ ਦੇ ਫਰਮਾਨ ਜਾਰੀ ਕਰ ਕੇ ਚਾਰ-ਚਾਰ ਮਹੀਨਿਆਂ ਤੋਂ ਤਨਖਾਹਾਂ ਜਾਰੀ ਨਹੀਂ ਕੀਤੀਆਂ ਗਈਆਂ।
ਇਸ ਮੌਕੇ ਯੂਨੀਅਨ ਦੇ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਨੇ ਦੱਸਿਆ ਕਿ ਸਬੰਧਤ ਪ੍ਰਿੰਸੀਪਲ ਨਾਲ ਮੀਟਿੰਗਾਂ ਕਰ ਕੇ ਮੁਲਾਜ਼ਮਾਂ ਦੇ ਮਸਲੇ ਧਿਆਨ 'ਚ ਲਿਆਂਦੇ ਗਏ ਸਨ, ਜਿਸ 'ਤੇ ਉਚੇਰੀ ਸਿੱਖਿਆ ਮੰਤਰੀ, ਪ੍ਰਮੁੱਖ ਸਕੱਤਰ ਉਚੇਰੀ ਸਿੱਖਿਆ ਅਤੇ ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ (ਕਾਲਜਾਂ) ਨਾਲ ਹੋਈਆਂ ਮੀਟਿੰਗਾਂ ਦੇ ਹਵਾਲੇ ਦਿੱਤੇ ਗਏ ਕਿ ਹੁਣ ਕਿਸੇ ਨੂੰ ਵੀ ਡੀ. ਸੀ. ਰੇਟਾਂ 'ਤੇ ਕੰਮ ਕਰ ਰਹੇ ਕਰਮਚਾਰੀਆਂ ਦੀਆਂ ਬਰੇਕਾਂ ਨਹੀਂ ਪਾਈਆਂ ਜਾਣਗੀਆਂ।
ਇਨ੍ਹਾਂ ਨੂੰ ਰੈਗੂਲਰ ਕਰਨ ਲਈ ਸੀਨੀਅਰਤਾ ਸੂਚੀਆਂ ਬਣਾਈਆਂ ਜਾਣਗੀਆਂ ਤੇ ਤਨਖਾਹਾਂ ਹਰ ਮਹੀਨੇ ਦਿੱਤੀਆਂ ਜਾਣਗੀਆਂ ਪਰ ਸਰਕਾਰੀ ਫੈਸਲਿਆਂ ਨੂੰ ਪਿਛਲੇ 10 ਮਹੀਨਿਆਂ ਤੋਂ ਲਾਗੂ ਨਹੀਂ ਕੀਤਾ ਗਿਆ। ਪ੍ਰਿੰਸੀਪਲ ਜੋ ਸੇਵਾਕਾਲ ਦੇ ਵਾਧੇ ਵਿਚ ਚਲ ਰਹੀ ਹੈ, ਕਿਸੇ ਵੀ ਕਰਮਚਾਰੀ ਦੀ ਸੁਣਵਾਈ ਨਹੀਂ ਕਰ ਰਹੀ।
ਇਹ ਹਨ ਮੰਗਾਂ
* ਕਰਮਚਾਰੀਆਂ ਦੀ ਸੀਨੀਆਰਤਾ ਸੂਚੀ ਬਣਾ ਕੇ ਕੱਚੇ ਕਰਮਚਾਰੀ ਪੱਕੇ ਕੀਤੇ ਜਾਣ
* ਨਵੀਂ ਭਰਤੀ ਕੀਤੀ ਜਾਵੇ
* ਵਧ ਕੰਮ ਬਦਲੇ ਬਣਦੀ ਤਨਖਾਹ ਦਿੱਤੀ ਜਾਵੇ
* ਹਫਤਾਵਾਰੀ ਰੈਸਟ ਤੇ ਤਿਉਹਾਰੀ ਛੁੱਟੀਆਂ ਤਨਖਾਹਾਂ ਸਮੇਤ ਦਿੱਤੀਆਂ ਜਾਣ
* ਬਰੇਕਾਂ ਪਾਉਣੀਆਂ ਬੰਦ ਕੀਤੀਆਂ ਜਾਣ
* ਵਰਦੀਆਂ ਦਿੱਤੀਆਂ ਜਾਣ
* ਕਰਮਚਾਰੀਆਂ ਨੂੰ ਡਰਾਉਣਾ-ਧਮਕਾਉਣਾ ਬੰਦ ਕੀਤਾ ਜਾਵੇ।
ਮਾਲ ਰੋਡ 'ਤੇ ਕੱਟੇ 9 ਚਾਲਾਨ, 2 ਤੰਦੂਰ ਕਬਜ਼ੇ 'ਚ ਲਏ
NEXT STORY