ਮੋਗਾ (ਗੋਪੀ ਰਾਊਕੇ) - ਪਨਬੱਸ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਦੇ ਪ੍ਰਧਾਨਗੀ ਮੰਡਲ ਦੇ ਆਦੇਸ਼ਾਂ ਦੇ ਤਹਿਤ ਅੱਜ ਪੰਜਾਬ ਦੇ ਸਾਰੇ ਜ਼ਿਲਿਆਂ ਦੇ ਬੱਸ ਸਟੈਂਡਾਂ ਦੇ ਡਿੱਪੂਆਂ ’ਚ ਗੇਟ ਰੈਲੀਆਂ ਕੀਤੀਆਂ ਗਈਆਂ। ਮੋਗਾ ਡਿੱਪੂ ’ਚ ਪਨਬਸ ਮੁਲਾਜ਼ਮਾਂ ਵਲੋਂ ਗੇਟ ਰੈਲੀ ਕਰ ਕੇ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦਿਆਂ ਬਲਜਿੰਦਰ ਸਿੰਘ, ਸੁਖਵਿੰਦਰ ਸਿੰਘ ਜੱਸਾ, ਲਖਬੀਰ ਸਿੰਘ ਲੱਖਾ, ਸੂਬਾ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਕਿਹਾ ਕਿ 4 ਜੁਲਾਈ ਨੂੰ ਕੱਢੀ ਗੇਟ ਰੈਲੀ ਉਪਰੰਤ 16 ਜੁਲਾਈ ਤੋਂ ਤਿੰਨ ਦਿਨ ਲਗਾਤਾਰ ਪਨਬੱਸ ਵਲੋਂ ਮੁਕੰਮਲ ਚੱਕਾ ਜਾਮ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਉਨ੍ਹਾਂ ਦੀਆਂ ਲਟਕਦੀਆਂ ਮੰਗਾਂ ਨੂੰ ਪੂਰਾ ਕਰਵਾਉਣ ਲਈ ਤਿੰਨ ਦਿਨ ਹਡ਼ਤਾਲ ਕੀਤੀ ਜਾਵੇਗੀ। ਇਸ ਮੌਕੇ ਗੁਰਚਰਨ ਸਿੰਘ, ਜਗਤਾਰ ਸਿੰਘ, ਟਹਿਲ ਸਿੰਘ, ਸੁਰਜੀਤ ਸਿੰਘ, ਵਿਨੋਦ ਕੁਮਾਰ, ਹਰਭਜਨ ਸਿੰਘ, ਹਰਜਿੰਦਰ ਸਿੰਘ ਅਤੇ ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ।
ਮੋਗਾ ਦੇ ਬੱਸ ਸਟੈਂਡ ’ਤੇ ਅੱਜ ਐਕਸ਼ਨ ਕਮੇਟੀ ਦੇ ਫੈਸਲੇ ਅਨੁਸਾਰ ਮੋਗਾ ਰੋਡਵੇਜ਼ ਤੇ ਪਨਬੱਸ ਦੇ ਵਰਕਰਾਂ ਨੇ ਇਕ ਵਿਸ਼ਾਲ ਗੈਟ ਰੈਲੀ ਕੀਤੀ। ਰੈਲੀ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਮੈਂਬਰ ਕਾਮਰੇਡ ਜਗਦੀਸ਼ ਸਿੰਘ ਅਤੇ ਨਛੱਤਰ ਸਿੰਘ ਨੇ ਕਿਹਾ ਕਿ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਕਿਹਾ ਸੀ ਕਿ ਉਹ ਟਰਾਂਸਪੋਰਟ ਮਾਫੀਆ ਨੂੰ ਖਤਮ ਕਰੇਗੀ ਪਰ ਪੰਜਾਬ ਸਰਕਾਰ ਆਪਣੇ ਚੋਣ ਮੈਨੀਫੈਸਟੋ ਦੌਰਾਨ ਕੀਤੇ ਵਾਅਦੇ ਤੋਂ ਮੁੱਕਰ ਰਹੀ ਹੈ। ਨੇਤਾਵਾਂ ਨੇ ਕਿਹਾ ਕਿ ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ ਫੈਸਲਿਆਂ ਨੂੰ ਲਾਗੂ ਕਰਨ ਲਈ ਵੀ ਸਰਕਾਰ ਫੇਲ ਸਾਬਤ ਹੋ ਰਹੀ ਹੈ।
ਉਨ੍ਹਾਂ ਕਿਹਾ ਕਿ ਕੱਚੇ ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਵਲੋਂ ਨਾ ਹੀ ਰੈਗੂਲਰ ਕੀਤਾ ਜਾ ਰਿਹਾ ਹੈ ਅਤੇ ਨਾ ਹੀ ਉਨ੍ਹਾਂ ਦੀ ਤਨਖਾਹ ਵਿਚ ਵਾਧਾ ਕੀਤਾ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਟਰਾਂਸਪੋਰਟ ਵਿਭਾਗ ਵਲੋਂ ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਦੇ ਤਬਾਦਲੇ ਕੀਤੇ ਜਾ ਰਹੇ ਹਨ, ਜਿਸ ਨੂੰ ਲੈ ਕੇ ਰੋਡਵੇਜ਼ ਕਰਮਚਾਰੀਆਂ ’ਚ ਭਾਰੀ ਰੋਸ ਹੈ।
ਇਸ ਗੇਟ ਰੈਲੀ ਦੇ ਜ਼ਰੀਏ ਉਹ ਟਰਾਂਸਪੋਰਟ ਮੰਤਰੀ ਨੂੰ ਜਾਣੂ ਕਰਵਾਉਣਾ ਚਾਹੁੰਦੇ ਹਨ ਕਿ ਜੇਕਰ ਮੁਲਾਜ਼ਮਾਂ ਦੇ ਤਬਾਦਲੇ ਇਸ ਤਰ੍ਹਾਂ ਜਾਰੀ ਰਹੇ ਤਾਂ ਉਹ ਪੰਜਾਬ ਪੱਧਰ ’ਤੇ ਸੰਘਰਸ਼ ਦੀ ਯੋਜਨਾ ਬਣਾ ਕੇ ਟਰਾਂਸਪੋਰਟ ਮੰਤਰੀ ਦੇ ਖਿਲਾਫ ਰੋਸ ਪ੍ਰਦਰਸ਼ਨ ਕਰ ਕੇ ਪੁਤਲੇ ਫੂਕਣਗੇ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ 16 ਜੁਲਾਈ ਤੱਕ ਮੀਟਿੰਗ ਨਾ ਬੁਲਾਈ ਤਾਂ ਪਨਬੱਸ ਵਲੋਂ 16 ਤੋਂ 18 ਜੁਲਾਈ ਤੱਕ ਹਡ਼ਤਾਲ ਜਾਰੀ ਰਹੇਗੀ। ਇਸ ਮੌਕੇ ਸੁਰਿੰਦਰ ਬਰਾਡ਼, ਬਚਿੱਤਰ ਸਿੰਘ, ਇੰਦਰਜੀਤ ਸਿੰਘ, ਭੋਲਾ ਸਿੰਘ ਆਦਿ ਹਾਜ਼ਰ ਸਨ।
ਨਸ਼ਾ ਕਿਸੇ ਵੀ ਕੀਮਤ ’ਤੇ ਵਿਕਣ ਨਹੀਂ ਦਿੱਤਾ ਜਾਵੇਗਾ : ਥਾਣਾ ਮੁਖੀ
NEXT STORY