ਫਗਵਾੜਾ, (ਜਲੋਟਾ, ਰੁਪਿੰਦਰ ਕੌਰ)- ਪਿੰਡ ਨਾਰੰਗਸ਼ਾਹਪੁਰ ਦੀ ਸ਼ਾਮਲਾਟ ਜ਼ਮੀਨ ਉਪਰ ਨਗਰ ਨਿਗਮ ਵਲੋਂ ਸੁੱਟੀ ਜਾ ਰਹੀ ਗੰਦਗੀ ਨਾਲ ਪਿੰਡ ਵਾਸੀਆਂ 'ਚ ਭਾਰੀ ਰੋਸ ਦੀ ਲਹਿਰ ਹੈ। ਪਿੰਡ ਨਾਰੰਗਸ਼ਾਹਪੁਰ ਤੇ ਮਸਤ ਨਗਰ ਦੇ ਵਸਨੀਕਾਂ ਨੇ ਦੱਸਿਆ ਕਿ ਨਗਰ ਨਿਗਮ ਫਗਵਾੜਾ ਵਲੋਂ ਸਾਰੇ ਸ਼ਹਿਰ ਦੀ ਗੰਦਗੀ ਇਕੱਠੀ ਕਰਕੇ ਉਨ੍ਹਾਂ ਦੇ ਪਿੰਡਾਂ ਦੀ ਸ਼ਾਮਲਾਟ 'ਚ ਡੰਪ ਕੀਤੀ ਜਾਂਦੀ ਹੈ ਜਿਸ ਨਾਲ ਪੂਰੇ ਇਲਾਕੇ ਦਾ ਵਾਤਾਵਰਣ ਦੂਸ਼ਿਤ ਹੋ ਜਾਂਦਾ ਹੈ ਅਤੇ ਗੰਦਗੀ 'ਚ ਆਵਾਰਾ ਪਸ਼ੂ ਮੂੰਹ ਮਾਰਦੇ ਹਨ, ਜਿਸ ਨਾਲ ਇਹ ਗੰਦਗੀ ਸੜਕਾਂ 'ਤੇ ਖਿਲਰਦੀ ਹੈ। ਇਸ ਗੰਦਗੀ ਨਾਲ ਫੈਲਣ ਵਾਲੀ ਬਦਬੂ 'ਚ ਸਾਹ ਲੈਣਾ ਵੀ ਔਖਾ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹੱਦ ਤਾਂ ਉਸ ਸਮੇਂ ਹੋ ਜਾਂਦੀ ਹੈ, ਜਦੋਂ ਹਰ ਹਫਤੇ ਇਸ ਕੂੜੇ ਦੇ ਢੇਰ ਨੂੰ ਅੱਗ ਲਗਾਈ ਜਾਂਦੀ ਹੈ। ਇਸ ਅੱਗ ਨਾਲ ਪੈਦਾ ਹੋਇਆ ਜ਼ਹਿਰੀਲਾ ਧੂੰਆਂ ਅੱਖਾਂ 'ਚ ਜਲਨ ਪੈਦਾ ਕਰਦਾ ਹੈ ਅਤੇ ਬਜ਼ੁਰਗਾਂ ਤੇ ਬੀਮਾਰਾਂ ਨੂੰ ਸਾਹ ਲੈਣਾ ਔਖਾ ਹੋ ਜਾਂਦਾ ਹੈ। ਰਾਹਗੀਰਾਂ ਨੂੰ ਵੀ ਲੰਘਣਾ ਮੁਸ਼ਕਲ ਹੋ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਇਸ ਬਾਰੇ ਕਈ ਵਾਰ ਨਗਰ ਨਿਗਮ ਕਮਿਸ਼ਨਰ ਨੂੰ ਜਾਣੂ ਕਰਵਾਇਆ ਗਿਆ ਪਰ ਹਾਲਤ ਜਿਉਂ ਦੀ ਤਿਉਂ ਬਣੀ ਹੋਈ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪਿੰਡ ਵਾਸੀਆਂ ਦੀ ਸਿਹਤ ਨਾਲ ਖਿਲਵਾੜ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਤਿੱਖਾ ਸੰਘਰਸ਼ ਕਰਨਗੇ, ਜਿਸਦੀ ਜ਼ਿੰਮੇਵਾਰੀ ਨਗਰ ਨਿਗਮ ਫਗਵਾੜਾ ਦੀ ਹੋਵੇਗੀ।
ਅਣਪਛਾਤੇ ਵਾਹਨ ਨੇ ਸਾਈਕਲ ਸਵਾਰ ਨੂੰ ਕੁਚਲਿਆ, ਮੌਤ
NEXT STORY