ਜਲੰਧਰ (ਪੁਨੀਤ)– ਪਨਬੱਸ ਅਤੇ ਪੀ. ਆਰ. ਟੀ. ਸੀ. ਨਾਲ ਸਬੰਧਤ 6000 ਠੇਕਾ ਕਰਮਚਾਰੀਆਂ ਦੇ ਹੜਤਾਲ ਦੇ ਚੌਥੇ ਦਿਨ ਵੀਰਵਾਰ ਯੂਨੀਅਨ ਵੱਲੋਂ ਬੱਸ ਅੱਡਾ ਬੰਦ ਕਰਨ ਦਾ ਜਿਹੜਾ ਪ੍ਰੋਗਰਾਮ ਬਣਾਇਆ ਗਿਆ ਸੀ, ਉਹ ਸਫ਼ਲ ਸਾਬਤ ਹੋਇਆ ਅਤੇ ਅਧਿਕਾਰੀ ਕਰਮਚਾਰੀਆਂ ਨੂੰ ਮਨਾਉਣ ਵਿਚ ਨਾਕਾਮਯਾਬ ਸਾਬਤ ਹੋਏ। ਸਵੇਰੇ 10 ਵਜੇ ਦੇ ਲਗਭਗ ਸੈਂਕੜਿਆਂ ਦੀ ਗਿਣਤੀ ਵਿਚ ਰੋਸ ਰੈਲੀ ਵਜੋਂ ਬੱਸ ਅੱਡੇ ਵਿਚ ਪੁੱਜੇ ਅਤੇ ਧਰਨਾ-ਪ੍ਰਦਰਸ਼ਨ ਕਰਦਿਆਂ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕੀਤੀ। ਰੋਡਵੇਜ਼ ਦੇ ਕਰਮਚਾਰੀਆਂ ਦੇ ਪ੍ਰਦਰਸ਼ਨ ਕਾਰਨ ਪਨਬੱਸ ਅਤੇ ਪੀ. ਆਰ. ਟੀ. ਸੀ. ਨੂੰ ਹੋਣ ਵਾਲਾ ਟਰਾਂਜੈਕਸ਼ਨ ਲਾਸ 10 ਕਰੋੜ ਤੋਂ ਪਾਰ ਪਹੁੰਚ ਚੁੱਕਾ ਹੈ, ਉਥੇ ਹੀ ਬੱਸਾਂ ਨਾ ਪੁੱਜਣ ਕਾਰਨ 12 ਹਜ਼ਾਰ ਦੇ ਲਗਭਗ ਟਾਈਮ ਟੇਬਲ ਮਿਸ ਹੋ ਚੁੱਕੇ ਹਨ। ਇਸ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ 2100 ਤੋਂ ਵੱਧ ਬੱਸਾਂ ਦਾ ਚੱਕਾ ਜਾਮ ਹੈ। ਯੂਨੀਅਨ ਦਾ ਸਾਫ਼ ਕਹਿਣਾ ਹੈ ਕਿ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਣਗੀਆਂ, ਉਨ੍ਹਾਂ ਦੀ ਹੜਤਾਲ ਖ਼ਤਮ ਨਹੀਂ ਹੋਵੇਗੀ।
ਇਹ ਵੀ ਪੜ੍ਹੋ : ਚਿੱਟੇ ਦਾ ਟੀਕਾ ਭਰ ਕੇ ਲਾਉਂਦਾ ਨੌਜਵਾਨ ਰੰਗੇ ਹੱਥੀਂ ਕਾਬੂ, ਤਰਲੇ-ਮਿੰਨਤਾਂ ਕਰਕੇ ਛੁਡਾਇਆ ਖਹਿੜਾ
ਟਰਾਂਸਪੋਰਟ ਮਹਿਕਮੇ ਚੰਡੀਗੜ੍ਹ ਤਾਇਨਾਤ ਸੀਨੀਅਰ ਅਧਿਕਾਰੀਆਂ ਵੱਲੋਂ ਡੀ. ਜੀ. ਪੀ. ਆਫਿਸ ਕੋਲੋਂ ਪੁਲਸ ਫੋਰਸ ਦੀ ਮੰਗ ਕੀਤੀ ਗਈ ਸੀ, ਜਿਸ ਕਾਰਨ ਸਵੇਰੇ 9 ਵਜੇ ਤੋਂ ਬੱਸ ਅੱਡੇ ’ਤੇ ਚੱਪੇ-ਚੱਪੇ ’ਤੇ ਭਾਰੀ ਪੁਲਸ ਬਲ ਤਾਇਨਾਤ ਰਿਹਾ। ਯੂਨੀਅਨ ਨੂੰ ਬੱਸ ਅੱਡਾ ਬੰਦ ਕਰਨ ਤੋਂ ਰੋਕਣ ਲਈ ਜਲੰਧਰ ਡਿਪੂ-1 ਅਤੇ 2 ਦੇ ਜੀ. ਐੱਮ. ਪਰਮਵੀਰ ਸਿੰਘ ਸਵੇਰ ਤੋਂ ਬੱਸ ਅੱਡੇ ਵਿਚ ਪਹੁੰਚ ਕੇ ਪੁਲਸ ਅਧਿਕਾਰੀਆਂ ਨਾਲ ਰਣਨੀਤੀ ਬਣਾਉਂਦੇ ਵੇਖੇ ਗਏ। ਆਮ ਤੌਰ ’ਤੇ ਰੋਡਵੇਜ਼ ਦੇ ਅਧਿਕਾਰੀ ਧਰਨਾ-ਪ੍ਰਦਰਸ਼ਨ ’ਤੇ ਨਹੀਂ ਪਹੁੰਚਦੇ ਪਰ ਵੀਰਵਾਰ ਜੀ. ਐੱਮ. ਦੇ ਪਹੁੰਚਣ ਤੋਂ ਬਾਅਦ ਯੂਨੀਅਨ ਚੌਕਸ ਹੋ ਗਈ। ਜਲੰਧਰ ਤੋਂ ਸਬੰਧਤ ਯੂਨੀਅਨ ਆਗੂਆਂ ਵੱਲੋਂ ਇਸ ਦੀ ਸੂਚਨਾ ਪੰਜਾਬ ਬਾਡੀ ਨੂੰ ਦਿੱਤੀ ਗਈ। ਇਸ ਤੋਂ ਬਾਅਦ ਯੂਨੀਅਨ ਦੇ ਗਰੁੱਪਾਂ ਵਿਚ ਮੈਸੇਜ ਪੈਣ ਲੱਗੇ, ਜਿਨ੍ਹਾਂ ਵਿਚ ਕਿਹਾ ਜਾ ਰਿਹਾ ਸੀ ਕਿ ਵੱਧ ਤੋਂ ਵੱਧ ਯੂਨੀਅਨ ਕਰਮਚਾਰੀ ਜਲੰਧਰ ਬੱਸ ਅੱਡੇ ’ਤੇ ਪਹੁੰਚ ਜਾਣ।
ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ ਲਈ 'ਨਵਜੋਤ ਸਿੱਧੂ' ਦਾ ਨਵਾਂ ਫਾਰਮੂਲਾ, ਇਨ੍ਹਾਂ ਕਾਂਗਰਸੀ ਆਗੂਆਂ ਨੂੰ ਨਹੀਂ ਮਿਲੇਗੀ ਟਿਕਟ
ਜਿੱਥੇ ਇਕ ਪਾਸੇ ਯੂਨੀਅਨ ਨਾਲ ਸਬੰਧਤ ਕਰਮਚਾਰੀਆਂ ਦੀ ਗਿਣਤੀ ਸੈਂਕੜਿਆਂ ਵਿਚ ਸੀ, ਉਥੇ ਹੀ ਪੁਲਸ ਵੀ ਭਾਰੀ ਇੰਤਜ਼ਾਮ ਨਾਲ ਮੌਕੇ ’ਤੇ ਪੁੱਜੀ। ਕਈ ਥਾਣਿਆਂ ਦੀ ਪੁਲਸ ਤੋਂ ਇਲਾਵਾ ਸੀਨੀਅਰ ਅਧਿਕਾਰੀਆਂ ਨੇ ਵੀ ਖੁਦ ਮੌਕੇ ’ਤੇ ਪਹੁੰਚ ਕੇ ਮੋਰਚਾ ਸੰਭਾਲਿਆ। ਨਾਂ ਨਾ ਛਾਪਣ ਦੀ ਸ਼ਰਤ ਤੇ ਰੋਡਵੇਜ਼ ਦੇ ਅਧਿਕਾਰੀ ਨੇ ਦੱਸਿਆ ਕਿ ਬੱਸ ਅੱਡਾ ਬੰਦ ਕਰਨ ਤੋਂ ਰੋਕਣ ਦੇ ਪੂਰੇ ਹੁਕਮ ਪ੍ਰਾਪਤ ਹੋਏ ਸਨ, ਜਿਸ ਕਾਰਨ ਤਿਆਰੀ ਵੀ ਕਰ ਲਈ ਗਈ ਸੀ ਪਰ ਬਾਅਦ ਵਿਚ ਮਾਮਲੇ ਨੂੰ ਸ਼ਾਂਤਮਈ ਢੰਗ ਨਾਲ ਨਿਬੇੜਨ ਦੇ ਹੁਕਮ ਪ੍ਰਾਪਤ ਹੋਏ, ਜਿਸ ਕਾਰਨ ਯੂਨੀਅਨ ਦੇ ਕਰਮਚਾਰੀਆਂ ਵੱਲੋਂ ਬੱਸ ਅੱਡੇ ਨੂੰ ਬੰਦ ਕੀਤਾ ਗਿਆ। ਧਰਨਾ-ਪ੍ਰਦਰਸ਼ਨ ਦੌਰਾਨ ਸੂਬੇ ਦੇ ਉਪ ਚੇਅਰਮੈਨ ਬਲਵਿੰਦਰ ਸਿੰਘ ਰਾਠ, ਜਲੰਧਰ-1 ਦੇ ਪ੍ਰਧਾਨ ਗੁਰਪ੍ਰੀਤ ਸਿੰਘ ਭੁੱਲਰ, ਜਨਰਲ ਸਕੱਤਰ ਚਾਨਣ ਸਿੰਘ, ਚੇਅਰਮੈਨ ਜਸਵੀਰ ਸਿੰਘ, ਵਾਈਸ ਚੇਅਰਮੈਨ ਸੁਖਦੇਵ ਸਿੰਘ, ਸਰਪ੍ਰਸਤ ਗੁਰਜੀਤ ਸਿੰਘ, ਮੀਤ ਪ੍ਰਧਾਨ ਹਰਪਾਲ ਸਿੰਘ, ਗੁਰਪ੍ਰਕਾਰ ਸਿੰਘ, ਸੁਖਦੇਵ ਸਿੰਘ ਭਾਊ, ਵਿਕਰਮਜੀਤ ਸਿੰਘ, ਰਣਦੀਪ ਸਿੰਘ, ਤੀਰਥ ਸਿੰਘ, ਜਸਵੰਤ ਸਿੰਘ ਮੱਟੂ ਆਦਿ ਮੌਜੂਦ ਸਨ। 2 ਘੰਟੇ ਦੇ ਧਰਨਾ-ਪ੍ਰਦਰਸ਼ਨ ਤੋਂ ਬਾਅਦ ਪੁਲਸ ਨੇ ਸੁੱਖ ਦਾ ਸਾਹ ਲਿਆ। ਵੇਖਣ ਵਿਚ ਆ ਰਿਹਾ ਹੈ ਕਿ ਲੋਕ ਸਰਕਾਰ ਖ਼ਿਲਾਫ਼ ਆਪਣਾ ਗੁੱਸਾ ਕੱਢ ਰਹੇ ਹਨ ਕਿਉਂਕਿ ਬੱਸਾਂ ਨਾ ਚੱਲ ਸਕਣ ਕਾਰਨ ਕਈ ਕੰਮਕਾਜ ਠੱਪ ਹੋ ਚੁੱਕੇ ਹਨ ਅਤੇ ਲੋਕ ਆਪਣੀ ਮੰਜ਼ਿਲ ਤੱਕ ਨਹੀਂ ਪਹੁੰਚ ਪਾ ਰਹੇ।
ਹਰ ਪਾਸੇ ਜਾਮ ਕਾਰਨ ਲੰਮੇ ਸਮੇਂ ਤੱਕ ਫਸੀ ਰਹੀ ਐਂਬੂਲੈਂਸ
ਵੀਰਵਾਰ ਸਵੇਰੇ 11 ਵਜੇ ਦੇ ਲਗਭਗ ਇਕ ਐਂਬੂਲੈਂਸ ਜਾਮ ਵਿਚ ਫਸ ਗਈ। ਵੇਖਣ ਵਿਚ ਆਇਆ ਹੈ ਕਿ ਐਂਬੂਲੈਂਸ ਨੂੰ ਰਸਤਾ ਦੇਣਾ ਚਾਹੁੰਦੇ ਸਨ ਪਰ ਅੱਗਿਓਂ ਟਰੈਫਿਕ ਕਲੀਅਰ ਨਾ ਹੋਣ ਕਾਰਨ ਐਂਬੂਲੈਂਸ ਨੂੰ ਨਿਕਲਣ ਵਾਸਤੇ ਰਸਤਾ ਨਹੀਂ ਮਿਲ ਰਿਹਾ ਸੀ। ਭਵਿੱਖ ਵਿਚ ਵੀ ਅਜਿਹੀ ਪ੍ਰੇਸ਼ਾਨੀ ਉਠਾਉਣੀ ਪੈ ਸਕਦੀ ਹੈ, ਇਸ ਲਈ ਪ੍ਰਸ਼ਾਸਨ ਨੂੰ ਇਸ ਸਬੰਧੀ ਪੁਖਤਾ ਇੰਤਜ਼ਾਮ ਕਰਨੇ ਚਾਹੀਦੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪੰਜਾਬ ’ਚ ਕਾਂਗਰਸ ਦੇ ਮਜ਼ਬੂਤ ਉਮੀਦਵਾਰਾਂ ਦਾ ਪਤਾ ਲਾਉਣ ਲਈ ਚੱਲ ਰਿਹੈ ਗੁਪਤ ਸਰਵੇ
NEXT STORY