ਮਾਂ-ਬਾਪ, ਸਕੂਲ ਜਾਂ ਆਟੋ ਰਿਕਸ਼ਾ ਚਾਲਕ?
ਫ਼ਿਰੋਜ਼ਪੁਰ(ਕੁਮਾਰ)—ਸਕੂਲੀ ਬੱਚਿਆਂ ਦੀ ਸੁਰੱਖਿਆ ਲਈ ਮਾਣਯੋਗ ਸੁਪਰੀਮ ਕੋਰਟ ਤੇ ਹਾਈ ਕੋਰਟ ਸਖਤ ਹੋਈ ਹੈ ਪਰ ਪੰਜਾਬ ਸਰਕਾਰ, ਪੁਲਸ ਵਿਭਾਗ ਤੇ ਪ੍ਰਸ਼ਾਸਨਿਕ ਅਧਿਕਾਰੀ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਕੋਈ ਵੀ ਗੰਭੀਰ ਨਹੀਂ ਹਨ। ਫਿਰੋਜ਼ਪੁਰ ਸ਼ਹਿਰ ਵਿਚ ਅੱਜ ਵੀ ਛੋਟੇ-ਛੋਟੇ ਬੱਚੇ ਆਟੋ ਰਿਕਸ਼ਾ 'ਤੇ ਲਟਕਦੇ ਨਜ਼ਰ ਆਉਂਦੇ ਹਨ ਅਤੇ ਜ਼ਿਲਾ ਫਿਰੋਜ਼ਪੁਰ ਪੁਲਸ ਵੱਲੋਂ ਸਿਆਸੀ ਦਬਾਅ ਵਿਚ ਆ ਕੇ ਅਤੇ ਮੁੱਖ ਮੰਤਰੀ ਪੰਜਾਬ ਦੇ ਹੁਕਮਾਂ ਨੂੰ ਛਿੱਕੇ ਟੰਗ ਕੇ ਸਿਆਸੀ ਲੀਡਰਾਂ ਨੂੰ ਸਟੇਟਸ ਸਿੰਬਲ ਲਈ ਗੰਨਮੈਨ ਦੇ ਦਿੱਤੇ ਗਏ ਹਨ ਪਰ ਬੱਚਿਆਂ ਅਤੇ ਲੋਕਾਂ ਦੀ ਸੁਰੱਖਿਆ ਦੀ ਗੱਲ ਕਰੀਏ ਤਾਂ ਅਧਿਕਾਰੀਆਂ ਦਾ ਜਵਾਬ ਹੁੰਦਾ ਹੈ ਕਿ ਪੁਲਸ ਦੇ ਕੋਲ ਪੁਲਸ ਨਫਰੀ ਦੀ ਘਾਟ ਹੈ।
ਸ਼ਹਿਰ ਵਿਚ ਜਿਥੇ ਕੇਂਦਰੀ ਜੇਲ ਦੇ ਕੋਲ ਬਣਿਆ ਚੌਕ ਕਿਸੇ ਵੱਡੇ ਹਾਦਸੇ ਦਾ ਸੰਕੇਤ ਦੇ ਰਿਹਾ ਹੈ ਅਤੇ ਪੁਲਸ ਅਧਿਕਾਰੀਆਂ ਦੇ ਨੋਟਿਸ ਵਿਚ ਕਈ ਵਾਰ ਇਹ ਗੱਲ ਲਿਆਉਣ ਦੇ ਬਾਵਜੂਦ ਵੀ ਅਜਿਹਾ ਲੱਗਦਾ ਹੈ ਕਿ ਜਦ ਤੱਕ ਇਥੇ ਕੋਈ ਵੱਡਾ ਹਾਦਸਾ ਹੋ ਨਹੀਂ ਜਾਂਦਾ, ਉਦੋਂ ਤੱਕ ਇਸ ਚੌਕ ਵਿਚ ਕੋਈ ਵੀ ਟ੍ਰੈਫਿਕ ਕਰਮਚਾਰੀ ਪੱਕੇ ਤੌਰ 'ਤੇ ਲਾਇਆ ਨਹੀਂ ਜਾਵੇਗਾ। ਫਿਰੋਜ਼ਪੁਰ ਸ਼ਹਿਰ ਤੇ ਛਾਉਣੀ ਦੇ ਸਕੂਲਾਂ ਵਿਚ ਆਉਣ ਵਾਲੇ ਬੱਚਿਆਂ ਦੀ ਜਾਨ ਅੱਜ ਵੀ ਖਤਰੇ ਵਿਚ ਹੈ, ਜਿਸ ਵੱਲ ਕੇਵਲ ਪੁਲਸ ਜਾਂ ਸਰਕਾਰ ਨੂੰ ਹੀ ਨਹੀਂ, ਬਲਕਿ ਸਕੂਲ ਮਾਲਕਾਂ ਅਤੇ ਬੱਚਿਆਂ ਦੇ ਮਾਂ-ਬਾਪ ਨੂੰ ਵੀ ਧਿਆਨ ਦੇਣ ਦੀ ਜ਼ਰੂਰਤ ਹੈ।
ਕੀ ਕਹਿਣਾ ਹੈ ਐੱਨ. ਜੀ. ਓ. ਦਾ
ਐੱਨ. ਜੀ. ਓ. ਸ਼ਲਿੰਦਰ ਕੁਮਾਰ, ਗਿੰਨੀ ਗੁਲਾਟੀ ਅਤੇ ਵਿਪਨ ਕੱਕੜ ਦਾ ਮੰਨਣਾ ਹੈ ਕਿ ਅੱਜ ਕਈ ਆਟੋ ਰਿਕਸ਼ਾ ਵਿਚ ਸਕੂਲੀ ਬੱਚੇ ਭੀੜ ਹੋਣ ਦੇ ਕਾਰਨ ਲਟਕ ਕੇ ਜਾਂਦੇ ਹਨ ਅਤੇ ਇਸ ਵਿਚ ਸਭ ਤੋਂ ਵੱਡੀ ਜ਼ਿੰਮੇਵਾਰੀ ਮਾਂ-ਬਾਪ ਦੀ ਹੈ। ਉਨ੍ਹਾਂ ਕਿਹਾ ਕਿ ਆਟੋ ਰਿਕਸ਼ਾ ਚਾਲਕ ਨੇ ਆਪਣੇ ਤੇਲ ਦੇ ਪੈਸੇ ਪੂਰੇ ਕਰਨੇ ਹੁੰਦੇ ਹਨ ਅਤੇ ਜਦ ਮਾਂ-ਬਾਪ ਆਟੋ ਰਿਕਸ਼ਾ ਚਾਲਕ ਨੂੰ ਪੈਸੇ ਘੱਟੇ ਦੇਣਗੇ ਤਾਂ ਉਸ ਆਟੋ ਰਿਕਸ਼ਾ ਚਾਲਕ ਲਈ ਜ਼ਿਆਦਾ ਬੱਚਿਆਂ ਨੂੰ ਆਟੋ ਰਿਕਸ਼ਾ ਵਿਚ ਲਿਜਾਣਾ ਉਸ ਦੀ ਮਜਬੂਰੀ ਹੋਵੇਗੀ। ਬੱਚਿਆਂ ਦੀ ਸੁਰੱਖਿਆ ਅਤੇ ਹੋਣ ਵਾਲੇ ਹਾਦਸਿਆਂ ਨੂੰ ਰੋਕਣ ਲਈ ਸਕੂਲ ਮਾਲਕਾਂ ਅਤੇ ਜ਼ਿਲਾ ਪ੍ਰਸ਼ਾਸਨ ਨੂੰ ਵੀ ਇਸ ਮੁਸ਼ਕਿਲ ਵੱਲ ਗੰਭੀਰਤਾ ਨਾਲ ਧਿਆਨ ਦੇਣਾ ਚਾਹੀਦਾ ਹੈ।
ਬਟਾਲਾ ਦੀਆਂ ਸੜਕਾਂ ਤੇ ਬਾਜ਼ਾਰਾਂ 'ਚ ਲੱਗਦਾ ਜਾਮ ਬਣਿਆ ਵੱਡੀ ਮੁਸੀਬਤ
NEXT STORY