ਬਠਿੰਡਾ(ਵਰਮਾ)-ਪੰਜਵੇਂ ਤਖਤ ਸ੍ਰੀ ਦਮਦਮਾ ਸਾਹਿਬ 'ਚ ਪੰਜਾਬ ਸਰਕਾਰ ਵੱਲੋਂ ਸਿੱਖ ਧਰਮ ਦੀਆਂ ਭਾਵਨਾਵਾਂ ਨੂੰ ਦੇਖਦਿਆਂ ਪੂਰੀ ਤਰ੍ਹਾਂ ਤਲਵੰਡੀ ਸਾਬੋ 'ਚ ਸ਼ਰਾਬਬੰਦੀ ਹੈ। ਬਾਵਜੂਦ ਇਸ ਦੇ ਸ਼ੁੱਕਰਵਾਰ ਨੂੰ ਠੇਕੇਦਾਰਾਂ ਵੱਲੋਂ ਗੱਡੀ 'ਚ ਸਪੀਕਰ ਲਗਾ ਕੇ ਐੱਸ. ਡੀ. ਐੱਮ. ਦਫਤਰ ਦੇ ਬਾਹਰ ਸਸਤੀ ਸ਼ਰਾਬ ਦਾ ਐਲਾਨ ਕੀਤਾ ਜਾ ਰਿਹਾ ਸੀ। ਠੇਕੇਦਾਰਾਂ ਦੀ ਬਲੈਰੋ ਗੱਡੀ 'ਚ ਸਵਾਰ ਉਨ੍ਹਾਂ ਦੇ ਕਰਿੰਦੇ ਸਸਤੀ ਸ਼ਰਾਬ ਦੀ ਅਨਾਊਂਸਮੈਂਟ ਕਰ ਰਹੇ ਸਨ, ਜਦਕਿ ਕੁਝ ਮੀਡੀਆ ਕਰਮਚਾਰੀਆਂ ਨੇ ਚਾਲਕ ਤੋਂ ਇਸ ਸਬੰਧੀ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਤਾਂ ਠੇਕੇਦਾਰਾਂ ਨੇ ਕਿਹਾ ਹੈ, ਇਸ ਲਈ ਉਹ ਅਨਾਊਂਸਮੈਂਟ ਕਰ ਰਹੇ ਹਨ। ਹੈਰਾਨੀ ਦੀ ਗੱਲ ਹੈ ਕਿ ਇਹ ਅਨਾਊਂਸਮੈਂਟ ਤਲਵੰਡੀ ਸਾਬੋ ਵਿਚਕਾਰ ਬਣੇ ਐੱਸ. ਡੀ. ਐੱਮ. ਦਫਤਰ ਬਾਹਰ ਕੀਤੀ ਜਾ ਰਹੀ ਸੀ ਤੇ ਪੁਲਸ ਥਾਣਾ ਵੀ ਨਜ਼ਦੀਕ ਹੈ, ਬਾਵਜੂਦ ਇਸ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਹ ਅਨਾਊਂਸਮੈਂਟ ਸੁਣਾਈ ਨਹੀਂ ਦਿੱਤੀ। ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਇਸ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਨਾ ਹੀ ਤਖਤ ਸਾਹਿਬ ਦੇ ਕਿਸੇ ਵੀ ਮੈਂਬਰ ਨੇ ਇਸ 'ਤੇ ਇਤਰਾਜ਼ ਜ਼ਾਹਰ ਕੀਤਾ। ਇਸ ਸਬੰਧੀ ਜਦੋਂ ਤਲਵੰਡੀ ਸਾਬੋ ਦੇ ਐੱਸ. ਡੀ. ਐੱਮ. ਵਰਿੰਦਰ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਹੋਇਆ ਹੈ ਤਾਂ ਕਾਰਵਾਈ ਜ਼ਰੂਰ ਹੋਵੇਗੀ। ਉਨ੍ਹਾਂ ਕਿਹਾ ਕਿ ਕੋਈ ਗੱਲ ਨਹੀਂ ਜਦੋਂ ਕੋਈ ਸ਼ਿਕਾਇਤ ਆਵੇਗੀ ਤਾਂ ਪੁਲਸ ਨੂੰ ਕਾਰਵਾਈ ਦੇ ਹੁਕਮ ਜਾਰੀ ਕਰ ਦਿੱਤੇ ਜਾਣਗੇ। ਤਖਤ ਦਮਦਮਾ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਅਜੇ ਤੱਕ ਅੰਮ੍ਰਿਤਸਰ 'ਚ ਹਨ। ਜੇਕਰ ਅਜਿਹਾ ਹੋਇਆ ਤਾਂ ਗਲਤ ਹੋਇਆ ਹੈ। ਇਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਸ਼ਨੀਵਾਰ ਨੂੰ ਦਮਦਮਾ ਸਾਹਿਬ ਪਹੁੰਚਣਗੇ, ਉੱਥੇ ਹੀ ਆ ਕੇ ਗੱਡੀ ਤੇ ਚਾਲਕ ਦੀ ਪਛਾਣ ਕਰ ਕੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜੇਕਰ ਪੁਲਸ ਨੇ ਇਸ 'ਚ ਢਿੱਲ ਵਰਤਣ ਦੀ ਕੋਸ਼ਿਸ਼ ਕੀਤੀ ਤਾਂ ਇਸ ਦੀ ਸ਼ਿਕਾਇਤ ਅਕਾਲ ਤਖਤ ਸਾਹਿਬ ਤੱਕ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਦਸਮ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਚਰਨ ਛੋਹ ਧਰਤੀ ਦਮਦਮਾ ਸਾਹਿਬ ਵਿਖੇ ਸਿੱਖਾਂ ਦੀ ਪੂਰੀ ਆਸਥਾ ਹੈ, ਜਿਸ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਤਲਵੰਡੀ ਸਾਬੋ 'ਚ ਸ਼ਰਾਬਬੰਦੀ ਕੀਤੀ ਹੋਈ ਹੈ, ਉੱਥੇ ਹੀ ਸ਼ਰਾਬ ਪੀਣ ਤੇ ਵੇਚਣ 'ਤੇ ਪੂਰੀ ਤਰ੍ਹਾਂ ਪਾਬੰਦੀ ਹੈ। ਰਾਜਨੀਤਕ ਸਰਪ੍ਰਸਤੀ ਪ੍ਰਾਪਤ ਕਰ ਕੇ ਠੇਕੇਦਾਰਾਂ ਵੱਲੋਂ ਆਪਣੇ ਕਰਿੰਦਿਆਂ ਰਾਹੀਂ ਸ਼ਰਾਬ ਸਸਤੀ ਦੀ ਇਹ ਅਨਾਊਂਸਮੈਂਟ ਕਰਵਾਈ ਗਈ, ਜੋ ਪੂਰੇ ਤਲਵੰਡੀ ਸਾਬੋ 'ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਗੱਡੀ 'ਚੋਂ ਬੈਗ ਤੇ ਜ਼ਰੂਰੀ ਦਸਤਾਵੇਜ਼ ਚੋਰੀ
NEXT STORY