ਤਰਨਤਾਰਨ, (ਆਹਲੂਵਾਲੀਆ)- ਪੰਜਾਬ ਰੋਡਵੇਜ਼ ਦੀ ਸਾਂਝੀ ਐਕਸ਼ਨ ਕਮੇਟੀ ਤਰਨਤਾਰਨ ਵੱਲੋਂ ਸੂਬਾ ਕਮੇਟੀ ਦੇ ਸੱਦੇ ’ਤੇ ਆਪਣੀਆਂ ਮੰਗਾਂ ਨੂੰ ਲੈ ਕੇ ਬੱਸ ਅੱਡਾ ਤਰਨਤਾਰਨ ਵਿਖੇ ਗੇਟ ਰੈਲੀ ਕਰ ਕੇ ਰੋਸ ਪ੍ਰਦਰਸ਼ਨ ਕੀਤਾ। ਉਪਰੰਤ 2 ਘੰਟਿਅਾਂ ਲਈ ਬੱਸ ਅੱਡਾ ਤਰਨਤਾਰਨ ਬੰਦ ਕਰ ਕੇ ਪੰਜਾਬ ਰੋਡਵੇਜ਼ ਤਰਨਤਾਰਨ ਦੀਆਂ ਵੱਖ-ਵੱਖ ਯੂਨੀਅਨਾਂ ਨੇ ਏਟਕ ਪ੍ਰਧਾਨ ਅਜਮੇਰ ਸਿੰਘ ਕੱਲਾ, ਇੰਟਕ ਦੇ ਪ੍ਰਧਾਨ ਅਮਰੀਕ ਸਿੰਘ, ਕਰਮਚਾਰੀ ਦਲ ਦੇ ਸੂਬਾ ਪ੍ਰਧਾਨ ਬਲਜੀਤ ਸਿੰਘ ਕੰਡਕਟਰ ਯੂਨੀਅਨ ਪ੍ਰਧਾਨ ਬੂਟਾ ਸਿੰਘ, ਵਰਕਸ਼ਾਪ ਯੂਨੀਅਨ ਪ੍ਰਧਾਨ ਨਿਰਮਲ ਮਸੀਹ ਆਦਿ ਦੀ ਅਗਵਾਈ ਹੇਠ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਅਤੇ ਨਾਅਰੇਬਾਜ਼ੀ ਕੀਤੀ, ਜਿਸ ਨਾਲ ਦੂਰ ਨੇਡ਼ੇ ਤੋਂ ਆਉਣ ਜਾਣ ਵਾਲੇ ਲੋਕ ਪ੍ਰੇਸ਼ਾਨ ਹੁੰਦੇ ਨਜ਼ਰ ਆਏ।
ਆਗੂਆਂ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਠੇਕੇ ਉਪਰ ਕੰਮ ਕਰਦੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਤੁਰੰਤ ਮੰਨਿਆ ਜਾਵੇ। ਉਨ੍ਹਾਂ ਅੱਗੇ ਕਿਹਾ ਕਿ ਐਕਸ਼ਨ ਕਮੇਟੀ ਦੇ ਨਿਰਦੇਸ਼ਾਂ ਮੁਤਾਬਕ ਮੰਗਾਂ ਨੂੰ ਲੈ ਕੇ 11 ਸਤੰਬਰ ਨੂੰ ਪੰਜਾਬ ਦੇ 18 ਡਿਪੂਆਂ ਉਪਰ ਰੋਸ ਰੈਲੀ ਕਰਨ ਉਪਰੰਤ 13 ਸਤੰਬਰ ਨੂੰ ਜਲੰਧਰ ਬੱਸ ਸਟੈਂਡ ’ਤੇ ਰੋਸ ਰੈਲੀ ਕੀਤੀ ਜਾਵੇਗੀ। ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਵੱਲੋਂ ਉਲੀਕੇ ਪ੍ਰੋਗਰਾਮ ਤਹਿਤ ਚੌਥੀ ਵਿਸ਼ਾਲ ਕਨਵੈਨਸ਼ਨ ਅੰਮ੍ਰਿਤਸਰ ਵਿਖੇ 30 ਅਗਸਤ ਨੂੰ ਕੀਤੀ ਜਾ ਰਹੀ ਹੈ। ਇਸ ਮੌਕੇ ਸਕੱਤਰ ਸ਼ਮਸ਼ੇਰ ਸਿੰਘ, ਗੁਰਭੇਜ ਸਿੰਘ, ਦਲਬੀਰ ਸਿੰਘ, ਗੁਰਪ੍ਰੀਤ ਸਿੰਘ ਪ੍ਰਧਾਨ, ਕੁਲਵਿੰਦਰ ਸਿੰਘ, ਲੱਖਾ ਸਿੰਘ ਤੇ ਜਸਬੀਰ ਸਿੰਘ ਆਦਿ ਹਾਜ਼ਰ ਸਨ।
ਪੱਟੀ, (ਪਾਠਕ, ਸੋਰਭ, ਸੋਢੀ)-ਪੰਜਾਬ ਰੋਡਵੇਜ਼ ਪਨਬੱਸ ਪੱਟੀ ਡਿਪੂ ਦੀ ਸਾਂਝੀ ਐਕਸ਼ਨ ਕਮੇਟੀ ਦੇ ਸੱਦੇ ’ਤੇ ਬੱਸ ਅੱਡੇ ਵਿਖੇ ਜਾਮ ਕਰ ਕੇ ਆਪਣੀਆਂ ਹੱਕੀ ਮੰਗਾਂ ਲਈ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਤੇ ਟਰਾਂਸਪੋਰਟ ਮੰਤਰੀ ਦਾ ਪੁਤਲਾ ਫੂਕਿਆ ਗਿਆ। ਇਸ ਸਮੇਂ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਅਾਂ ਮੰਗ ਕੀਤੀ ਕਿ ਟਰਾਂਸਪੋਰਟ ਮੰਤਰੀ ਵੱਲੋਂ ਮੁਲਾਜ਼ਮਾਂ ਦੀਆਂ ਬਣਦੀਆਂ ਪੈਨਸ਼ਨਾਂ, ਆਮ ਬਦਲੀਆਂ ’ਚ ਜਾਣਬੁਝ ਕੇ ਰੁਕਾਵਟਾਂ ਪਾਈਅਾਂ ਜਾ ਰਹੀਅਾਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜੋ ਨਾਜਾਇਜ਼ ਬੱਸਾਂ ਬੰਦ ਕਰਨ ਲਈ ਹਾਈ ਕੋਰਟ ਦੇ ਫੈਸਲੇ ਮੁਤਾਬਕ ਕਿਹਾ ਗਿਆ ਹੈ, ਉਹ ਬੱਸਾਂ ਦੇ ਪ੍ਰਾਈਵੇਟ ਪਰਮਿਟ ਅਜੇ ਵੀ ਸਿਆਸੀ ਦਖਲ ਅੰਦਾਜ਼ੀ ਨਾਲ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਆਪਣੇ ਵਾਅਦਿਆਂ ਤੋਂ ਭੱਜ ਰਹੀ ਹੈ। ਸਿਆਸੀ ਦਖ਼ਲ ਅੰਦਾਜ਼ੀ ਕਾਰਨ ਮਹਿਕਮੇ ਨੂੰ ਕਰੋਡ਼ਾਂ ਰੁਪਏ ਦਾ ਚੂਨਾ ਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਟਰਾਂਸਪੋਰਟ ਮੰਤਰੀ ਨੇ ਉਪਰੋਕਤ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ 11 ਨੂੰ ਗੇਟ ਰੈਲੀ ਕਰਨ ਤੋਂ ਬਾਅਦ 13 ਨੂੰ ਟਰਾਂਸਪੋਰਟ ਮੰਤਰੀ ਦੇ ਹਲਕੇ ’ਚ ਰੋਸ ਮਾਰਚ ਕਰ ਕੇ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਭੁਪਿੰਦਰ ਸਿੰਘ ਗੰਡੀਵਿੰਡ, ਗੁਰਮੇਜ ਸਿੰਘ, ਸਵਰਨ ਸਿੰਘ, ਸੁਰਜੀਤ ਸਿੰਘ, ਸੁਖਚੈਨ ਸਿੰਘ, ਗੁਰਲਾਲ ਸਿੰਘ, ਰਣਜੀਤ ਸਿੰਘ, ਬਾਜ਼ ਸਿੰਘ, ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ।
ਜਵਾਈ ਦੀ ਨਿਸ਼ਾਨਦੇਹੀ ’ਤੇ ਖੇਤਾਂ ’ਚੋਂ ਕੱਢਿਆ ਸਹੁਰੇ ਦਾ ਪਿੰਜਰ
NEXT STORY