ਜਲੰਧਰ,(ਧਵਨ): ਪੰਜਾਬ ਪੁਲਸ ਨੇ 2015 'ਚ ਬਰਗਾੜੀ ਮਾਮਲੇ ਨੂੰ ਲੈ ਕੇ ਸੀ. ਬੀ. ਆਈ. ਨੂੰ ਚਿੱਠੀ ਲਿਖ ਕੇ ਡੂੰਘਾਈ ਨਾਲ ਜਾਂਚ ਕਰਨ ਦੀ ਮੰਗ ਕੀਤੀ ਹੈ। ਸੀ. ਬੀ. ਆਈ. ਨੇ ਹੁਣੇ ਜਿਹੇ ਹੀ ਉਕਤ ਮਾਮਲੇ ਬਾਰੇ ਕਲੋਜ਼ਰ ਰਿਪੋਰਟ ਫਾਈਲ ਕੀਤੀ ਸੀ। ਪੰਜਾਬ ਪੁਲਸ ਦੇ ਸਪੈਸ਼ਲ ਡੀ. ਜੀ. ਪੀ. ਪ੍ਰਬੋਧ ਕੁਮਾਰ ਨੇ ਇਸ ਮਾਮਲੇ 'ਚ ਸੀ. ਬੀ. ਆਈ. ਨੂੰ ਭੇਜੀ ਚਿੱਠੀ 'ਚ ਕਿਹਾ ਹੈ ਕਿ ਸਰਹੱਦ ਪਾਰ ਦਾ ਬਰਗਾੜੀ ਮਾਮਲੇ ਪਿਛੇ ਹੱਥ ਹੋਣ ਦੇ ਡਰ ਸਬੰਧੀ ਮਾਮਲੇ 'ਤੇ ਵੀ ਡੂੰਘਾਈ ਨਾਲ ਜਾਂਚ ਕਰਨ ਦੀ ਲੋੜ ਹੈ। ਸੀ. ਬੀ. ਆਈ. ਦੇ ਡਇਰੈਕਟਰ ਨੂੰ 29 ਜੁਲਾਈ ਨੂੰ ਭੇਜੀ ਗਈ ਚਿੱਠੀ 'ਚ ਅਜਿਹੇ ਕਈ ਮਾਮਲੇ ਉਠਾਏ ਗਏ ਹਨ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਸੀ. ਬੀ. ਆਈ. ਵਲੋਂ ਬਰਗਾੜੀ ਕਾਂਡ ਨੂੰ ਬੰਦ ਕਰਨ ਦੇ ਮਾਮਲੇ 'ਤੇ ਪਹਿਲਾਂ ਹੀ ਤਿੱਖਾ ਇਤਰਾਜ਼ ਪ੍ਰਗਟਾਇਆ ਹੈ। ਸੀ. ਬੀ. ਆਈ. ਨੂੰ ਆਪਣੇ ਫੈਸਲੇ 'ਤੇ ਮੁੜ ਸਮੀਖਿਆ ਕਰਨ ਲਈ ਕਿਹਾ ਜਾ ਚੁੱਕਾ ਹੈ। ਪੰਜਾਬ ਪੁਲਸ ਚਾਹੁੰਦੀ ਹੈ ਕਿ ਸਰਹੱਦ ਪਾਰ ਤੋਂ ਪਾਕਿਸਤਾਨ ਵਲੋਂ ਪੰਜਾਬ 'ਚ ਫਿਰਕੂ ਖਿਚਾਅ ਪੈਦਾ ਕਰਨ ਦੀ ਸਾਜ਼ਿਸ਼ ਰਚਣ ਦੇ ਐਂਗਲ 'ਤੇ ਵੀ ਸੋਚ-ਵਿਚਾਰ ਹੋਣੀ ਚਾਹੀਦੀ ਹੈ। ਐੱਸ. ਆਈ. ਟੀ. ਦੇ ਡੀ. ਆਈ. ਜੀ. ਆਰ. ਐੱਸ. ਖਟੜਾ ਨੇ ਸਪੈਸ਼ਲ ਡੀ. ਜੀ. ਪੀ. ਪ੍ਰਬੋਧ ਕੁਮਾਰ ਨੂੰ ਚਿੱਠੀ ਭੇਜੀ ਸੀ। ਉਸ 'ਚ ਸਰਹੱਦ ਪਾਰ ਦੇ ਐਂਗਲ 'ਤੇ ਵਿਚਾਰ ਕਰਨ ਲਈ ਕਿਹਾ ਗਿਆ ਸੀ। ਉਸੇ ਆਧਾਰ 'ਤੇ ਪ੍ਰਬੋਧ ਕੁਮਾਰ ਨੇ ਸੀ. ਬੀ. ਆਈ. ਦੇ ਡਾਇਰੈਕਟਰ ਨੂੰ ਚਿੱਠੀ ਲਿਖੀ। ਖਟੜਾ ਨੇ ਆਪਣੀ ਚਿੱਠੀ 'ਚ ਮਹਿੰਦਰਪਾਲ ਸਿੰਘ ਬਿੱਟੂ ਦੇ ਉਸ ਬਿਆਨ ਦਾ ਵੀ ਹਵਾਲਾ ਦਿੱਤਾ ਜਿਸ 'ਚ ਉਸ ਨੇ ਕਿਹਾ ਸੀ ਕਿ ਉਸ ਨੂੰ ਇਕ ਫਰਾਰ ਮੁਲਜ਼ਮ ਕੋਲੋਂ ਮੋਟੀ ਰਕਮ ਮਿਲੀ ਸੀ। ਖਟੜਾ ਨੇ ਆਪਣੀ ਚਿੱਠੀ 'ਚ ਇਹ ਵੀ ਲਿਖਿਆ ਸੀ ਕਿ ਤਿੰਨ ਮਾਮਲਿਆਂ 'ਚ ਹੋਰ ਡੂੰਘਾਈ ਨਾਲ ਜਾਂਚ ਕਰਨ ਦੀ ਲੋੜ ਹੈ ਕਿਉਂਕਿ ਧਾਰਮਿਕ ਬੇਅਦਬੀ ਦਾ ਮਾਮਲਾ ਬਹੁਤ ਹੀ ਨਾਜ਼ੁਕ ਹੈ। ਇਸ ਚਿੱਠੀ 'ਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਅਜੇ ਕਈ ਅਜਿਹੇ ਪੱਖ ਹਨ। ਜਿਨ੍ਹਾਂ ਦੀ ਜਾਂਚ ਸਬੰਧੀ ਜਵਾਬ ਆਉਣੇ ਬਾਕੀ ਹਨ। ਇਸ ਲਈ ਜਾਂਚ ਦਾ ਕੰਮ ਭਵਿੱਖ 'ਚ ਵੀ ਜਾਰੀ ਰੱਖਿਆ ਜਾਣਾ ਚਾਹੀਦਾ ਹੈ।
ਸਕਾਰਪੀਓ ਸਵਾਰਾਂ ਵਲੋਂ ਪਿੰਡ ਮਾਣੂਕੇ ਤੋਂ ਬੱਚਾ ਚੁੱਕਣ ਦੀ ਕੋਸ਼ਿਸ਼ ਅਸਫਲ
NEXT STORY