ਚੰਡੀਗੜ੍ਹ (ਵਿਜੇ) : ਚੰਡੀਗੜ੍ਹ ਨੂੰ ਪਹਿਲੀ ਵਾਰ ਦੇਸ਼ ਦੇ 26 ਗਵਰਨਰਾਂ ਦੀ ਕਾਨਫਰੰਸ ਦੀ ਮੇਜ਼ਬਾਨੀ ਕਰਨ ਦਾ ਮੌਕਾ ਮਿਲ ਰਿਹਾ ਹੈ। ਮਈ 'ਚ ਹੋਣ ਵਾਲੀ ਇਹ ਕਾਨਫਰੰਸ ਸੁਰੱਖਿਆ ਦੀ ਨਜ਼ਰ ਨਾਲ ਚੰਡੀਗੜ੍ਹ ਲਈ ਅਹਿਮ ਮੰਨੀ ਜਾ ਰਹੀ ਹੈ। 26 ਤੋਂ ਜ਼ਿਆਦਾ ਵੀ. ਵੀ. ਆਈ. ਪੀ. ਮਹਿਮਾਨਾਂ ਦੇ ਦੌਰੇ ਲਈ ਨਾ ਸਿਰਫ ਯੂ. ਟੀ. ਗੈਸਟ ਹਾਊਸ ਸਗੋਂ ਪੰਜਾਬ ਰਾਜ ਭਵਨ 'ਚ ਵੀ ਜ਼ੋਰਾਂ-ਸ਼ੋਰਾਂ ਨਾਲ ਤਿਆਰੀਆਂ ਚੱਲ ਰਹੀਆਂ ਹਨ। ਹੁਣ ਤਕ ਜੋ ਜਾਣਕਾਰੀ ਮਿਲ ਰਹੀ ਹੈ ਉਸ ਅਨੁਸਾਰ ਤਿੰਨ ਦਿਨਾਂ ਇਸ ਕਾਨਫਰੰਸ 'ਚ ਸਾਰੇ ਗਵਰਨਰ ਪਹਿਲੀ ਵਾਰ ਪੰਜਾਬ ਰਾਜ ਭਵਨ 'ਚ ਵੀ ਇਕੱਠੇ ਹੋਣਗੇ। ਇਹੀ ਕਾਰਨ ਹੈ ਕਿ ਰਾਜ ਭਵਨ ਦੀ ਸੁਰੱਖਿਆ ਨੂੰ ਹੋਰ ਵਧਾਉਣ ਲਈ ਸੀ. ਸੀ. ਟੀ. ਵੀ. ਸਰਵਿਲਾਂਸ ਸਿਸਟਮ ਨੂੰ ਹੋਰ ਮਜ਼ਬੂਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਰਾਜ ਭਵਨ ਦੇ ਚੱਪੇ- ਚੱਪੇ 'ਤੇ ਹੁਣ ਸੀ. ਸੀ. ਟੀ. ਵੀ. ਦੀ ਨਜ਼ਰ ਰਹੇਗੀ, ਜਿਸ ਲਈ 18 ਵਾਧੂ ਸੀ. ਸੀ. ਟੀ. ਵੀ. ਕੈਮਰੇ ਲਾਏ ਜਾਣਗੇ।
23 ਲੱਖ ਰੁਪਏ ਖਰਚ ਹੋਣਗੇ ਨਵੇਂ ਸਰਵਿਲਾਂਸ 'ਤੇ
ਸੂਤਰਾਂ ਅਨੁਸਾਰ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਇਸ ਨਵੇਂ ਸਰਵਿਲਾਂਸ ਸਿਸਟਮ 'ਤੇ 26 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ। ਇਹ ਸੀ. ਸੀ. ਟੀ. ਵੀ. ਕੈਮਰੇ ਰਾਜ ਭਵਨ ਦੇ ਹਰੇਕ ਕੋਨੇ 'ਚ ਲੱਗਣਗੇ, ਤਾਂ ਕਿ ਰਾਜ ਭਵਨ ਦੇ ਅੰਦਰ ਤੇ ਬਾਹਰ ਹੋਣ ਵਾਲੀ ਹਰ ਮੂਵਮੈਂਟ ਕੈਪਚਰ ਕੀਤੀ ਜਾ ਸਕੇ। ਕਾਨਫਰੰਸ 'ਚ ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਪ-ਰਾਸ਼ਟਰਪਤੀ ਵੈਂਕਈਆ ਨਾਇਡੂ ਦੇ ਵੀ ਆਉਣ ਦੀ ਸੰਭਾਵਨਾ ਹੈ।
ਸੱਭਿਆਚਾਰ ਨਾਈਟ ਲਈ ਪਹੁੰਚਣਗੇ ਦਿੱਗਜ
ਪਹਿਲੀ ਵਾਰ ਇੰਨੇ ਵਿਸ਼ੇਸ਼ ਮਹਿਮਾਨਾਂ ਦੀ ਆਓ-ਭਗਤ ਲਈ ਪ੍ਰਸ਼ਾਸਨ ਇਕ ਹੋਰ ਸਰਪ੍ਰਾਈਜ਼ ਤਿਆਰ ਕਰਨ ਜਾ ਰਿਹਾ ਹੈ। ਸੂਤਰਾਂ ਅਨੁਸਾਰ ਰਾਜ ਭਵਨ 'ਚ ਇਕ ਸੱਭਿਆਚਾਰਕ ਸ਼ਾਮ ਵੀ ਕਰਵਾਈ ਜਾਵੇਗੀ। ਇਸ ਲਈ ਸ਼ਾਸਤਰੀ ਸੰਗੀਤ ਦੀ ਦੁਨੀਆ ਦੇ ਦਿੱਗਜਾਂ ਨੂੰ ਬੁਲਾਇਆ ਜਾਵੇਗਾ। ਹਾਲਾਂਕਿ ਅਜੇ ਤਕ ਪ੍ਰਸ਼ਾਸਨ ਕਿਸੇ ਵੀ ਨਾਂ ਨੂੰ ਫਾਈਨਲ ਨਹੀਂ ਕਰ ਸਕਿਆ ਹੈ ਪਰ ਇੰਨਾ ਜ਼ਰੂਰ ਹੈ ਕਿ ਪਦਮਸ਼੍ਰੀ ਜਾਂ ਪਦਮਭੂਸ਼ਣ ਨਾਲ ਨਿਵਾਜ਼ੇ ਜਾ ਚੁੱਕੇ ਕਿਸੇ ਕਲਾਸੀਕਲ ਸਿੰਗਰ, ਡਾਂਸਰ ਜਾਂ ਵਾਦਕ ਨੂੰ ਬੁਲਾਇਆ ਜਾਵੇਗਾ। ਪ੍ਰਸ਼ਾਸਨ ਨੇ ਇਕ ਟੀਮ ਵੀ ਗਠਿਤ ਕਰ ਦਿੱਤੀ ਹੈ ਜੋ ਉਸਤਾਦ ਅਮਜ਼ਦ ਅਲੀ ਖਾਨ ਤੇ ਸ਼ੋਭਾ ਕੌਸਰ ਸਮੇਤ ਹੋਰ ਸਾਰੇ ਦਿਗਜਾਂ ਨਾਲ ਸੰਪਰਕ ਕਰ ਰਹੀ ਹੈ। ਹਾਲਾਂਕਿ ਅੰਤਿਮ ਫੈਸਲਾ ਯੂ. ਟੀ. ਦੇ ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਵਲੋਂ ਲਿਆ ਜਾਵੇਗਾ।
ਛੇਤੀ ਹੀ ਹੋਵੇਗੀ ਉੱਚ ਪੱਧਰੀ ਮੀਟਿੰਗ
ਚੰਡੀਗੜ੍ਹ ਪ੍ਰਸ਼ਾਸਨ ਦੇ ਸਾਰੇ ਅਧਿਕਾਰੀਆਂ ਦੀ ਉੱਚ ਪੱਧਰੀ ਮੀਟਿੰਗ ਛੇਤੀ ਹੀ ਹੋਵੇਗੀ, ਜਿਸ 'ਚ ਸਾਰੇ ਵਿਭਾਗਾਂ ਦੀ ਜ਼ਿੰਮੇਵਾਰੀ ਨਿਰਧਾਰਤ ਕੀਤੀ ਜਾਵੇਗੀ। ਇਹ ਵੀ ਤੈਅ ਕੀਤਾ ਜਾਵੇਗਾ ਕਿ ਜੇਕਰ ਕੋਈ ਗਵਰਨਰ ਸ਼ਹਿਰ ਦੇ ਟੂਰਿਸਟ ਸਪਾਟ ਵੇਖਣਾ ਚਾਹੁੰਦਾ ਹੈ ਤਾਂ ਕਿਹੜੇ ਅਫਸਰਾਂ ਨੂੰ ਉਨ੍ਹਾਂ ਨਾਲ ਅਟੈਚ ਕੀਤਾ ਜਾਵੇਗਾ। ਸੂਤਰਾਂ ਅਨੁਸਾਰ ਰਾਜਪਾਲਾਂ ਨੂੰ ਸੁਖਨਾ ਝੀਲ ਤੇ ਰਾਕ ਗਾਰਡਨ ਸਮੇਤ ਕੁਝ ਹੋਰ ਟੂਰਿਸਟ ਸਥਾਨਾਂ 'ਤੇ ਲਿਜਾਇਆ ਜਾ ਸਕਦਾ ਹੈ। ਨਾਲ ਹੀ ਪ੍ਰਸ਼ਾਸਨ ਕੋਲ ਇਸ ਸਮੇਂ ਵਾਹਨਾਂ ਦੀ ਗਿਣਤੀ ਜ਼ਿਆਦਾ ਨਹੀਂ ਹੈ, ਇਸ ਲਈ ਪ੍ਰਸ਼ਾਸਨ ਕਿਰਾਏ 'ਤੇ ਲਗਜ਼ਰੀ ਕਾਰਾਂ ਵੀ ਲਿਆਉਣ 'ਤੇ ਵਿਚਾਰ ਕਰ ਰਿਹਾ ਹੈ। ਇਸ ਦੀ ਜ਼ਿੰਮੇਵਾਰੀ ਵੀ ਛੇਤੀ ਹੀ ਉਚ ਅਧਿਕਾਰੀਆਂ ਨੂੰ ਸੌਂਪ ਦਿੱਤੀ ਜਾਵੇਗੀ।
ਬਜਟ 'ਚ ਜਲੰਧਰ ਲਈ ਸ਼ਾਮਲ ਕਈ ਅਹਿਮ ਪ੍ਰਾਜੈਕਟਾਂ ਨਾਲ ਜ਼ਿਲੇ ਦਾ ਹੋਵੇਗਾ ਚਹੁੰ-ਪੱਖੀ ਵਿਕਾਸ: ਕਾਂਗਰਸੀ ਵਿਧਾਇਕ
NEXT STORY