ਲੁਧਿਆਣਾ (ਜ. ਬ.)—ਪੰਜਾਬ ਰੋਡਵੇਜ਼ ਤੇ ਪਨਬੱਸ ਕੰਟਰੈਕਟ ਵਰਕਰ ਯੂਨੀਅਨ ਲੁਧਿਆਣਾ ਦੀ 8 ਤੇ 9 ਜਨਵਰੀ ਦੀ ਹੜਤਾਲ ਸਬੰਧੀ ਗੇਟ ਰੈਲੀ ਕੀਤੀ ਗਈ, ਜਿਸ 'ਚ ਡਿਪੂ ਪ੍ਰਧਾਨ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਪੰਜਾਬ ਰੋਡਵੇਜ਼ ਤੇ ਪਨਬੱਸ ਨੂੰ ਮਜਬੂਰ ਹੋ ਕੇ ਹੜਤਾਲ ਕਰਨੀ ਪੈ ਰਹੀ ਹੈ ਕਿਉਂਕਿ ਲੰਮੇ ਸਮੇਂ ਤੋਂ ਪਨਬੱਸ 'ਚ ਠੇਕੇਦਾਰੀ ਸਿਸਟਮ ਚੱਲਦਾ ਆ ਰਿਹਾ ਹੈ, ਜਿਸ ਨਾਲ ਠੇਕੇਦਾਰੀ ਲੁੱਟ-ਖਸੁੱਟ ਨਾਲ ਵਰਕਰਾਂ ਦਾ ਆਰਥਿਕ ਤੇ ਸਰੀਰਕ ਸ਼ੋਸ਼ਣ ਕੀਤਾ ਜਾ ਰਿਹਾ ਹੈ। ਯੂਨੀਅਨ ਦੀਆਂ ਕਾਫੀ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਜਿਵੇਂ ਕਿ ਪਨਬੱਸ 'ਚ ਕੰਮ ਕਰਦੇ ਵਰਕਰਾਂ ਨੂੰ ਬਿਨਾਂ ਸ਼ਰਤ ਰੋਡਵੇਜ਼ 'ਚ ਪੱਕਾ ਕੀਤਾ ਜਾਵੇ। ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕੀਤੀ ਜਾਵੇ। ਪਨਬੱਸ ਸਟਾਫ਼ 'ਤੇ ਨਾਜਾਇਜ਼ ਲੱਗੀਆਂ ਕੰਡੀਸ਼ਨਾਂ ਖ਼ਤਮ ਕੀਤੀਆਂ ਜਾਣ ਤੇ ਹੋਰ ਵੀ ਕਈ ਮੰਗਾਂ ਜੋ ਜਾਇਜ਼ ਹਨ, ਨੂੰ ਲਾਗੂ ਕੀਤਾ ਜਾਵੇ ਪਰ ਅਜੇ ਤੱਕ ਸਰਕਾਰ ਵਲੋਂ ਲਾਰੇ-ਲੱਪੇ ਹੀ ਲਾਏ ਜਾ ਰਹੇ ਹਨ, ਜਿਸ ਦੇ ਰੋਸ ਵਜੋਂ ਪੰਜਾਬ ਰੋਡਵੇਜ਼ ਤੇ ਪਨਬੱਸ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਵਲੋਂ 8 ਤੇ 9 ਜਨਵਰੀ ਦੀ ਮੁਕੰਮਲ ਹੜਤਾਲ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਹੜਤਾਲ 'ਚ ਪੰਜਾਬ ਰੋਡਵੇਜ਼ ਤੇ ਪਨਬੱਸ ਦੀ ਕੋਈ ਵੀ ਬੱਸ ਨਹੀਂ ਚੱਲੇਗੀ ਤੇ ਪੰਜਾਬ ਦੇ ਸਾਰੇ ਬੱਸ ਸਟੈਂਡ ਬੰਦ ਕੀਤੇ ਜਾਣਗੇ। ਇਸ ਹੜਤਾਲ 'ਚ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਨੇ ਸ਼ਾਮਲ ਹੋ ਕੇ ਯੂਨੀਅਨ ਦਾ ਸਾਥ ਦੇਣ ਦਾ ਐਲਾਨ ਕੀਤਾ ਹੈ। ਜੇਕਰ ਹੁਣ ਵੀ ਸਰਕਾਰ ਨੇ ਸਾਡੀਆਂ ਜਾਇਜ਼ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੇ ਸਮੇਂ 'ਚ ਕਿਸੇ ਵੀ ਸਮੇਂ ਪਨਬੱਸ ਯੂਨੀਅਨ ਵਲੋਂ ਅਣਮਿੱਥੇ ਸਮੇਂ ਲਈ ਹੜਤਾਲ ਕੀਤੀ ਜਾਵੇਗੀ ਤੇ ਸਰਕਾਰ ਉਸ ਦੇ ਨਤੀਜੇ ਭੁਗਤਣ ਲਈ ਤਿਆਰ ਰਹੇ। ਇਸ ਗੇਟ ਰੈਲੀ 'ਚ ਸੂਬਾ ਵਾਈਸ ਪ੍ਰਧਾਨ ਸਤਨਾਮ ਸਿੰਘ, ਚੇਅਰਮੈਨ ਗੁਰਵਿੰਦਰ ਸਿੰਘ, ਮੀਤ ਪ੍ਰਧਾਨ ਸੁਖਦੇਵ ਸਿੰਘ ਚੰਨੀ, ਕੈਸ਼ੀਅਰ ਗੁਰਮੇਲ ਸਿੰਘ, ਸੁਖਵਿੰਦਰ ਸਿੰਘ ਬੱਬੂ, ਜਸਵਿੰਦਰ ਸਿੰਘ ਵਰਕਸ਼ਾਪ, ਅਮਰਜੀਤ ਸਿੰਘ ਏਟਕ ਦੇ ਪ੍ਰਧਾਨ ਹਰਬੰਸ ਸਿੰਘ, ਰਣਧੀਰ ਸਿੰਘ, ਕੁਲਦੀਪ ਸਿੰਘ ਵਰਕਸ਼ਾਪ ਯੂਨੀਅਨ, ਬਲਵੀਰ ਸਿੰਘ ਅਪਲਾਈ ਯੂਨੀਅਨ ਆਦਿ ਆਗੂ ਤੇ ਵਰਕਰ ਹਾਜ਼ਰ ਸਨ।
ਦੁਬਈ ਦੇ ਲੋਕ ਚਖਣਗੇ ਪੰਜਾਬ ਦੇ ਖੱਟੇ-ਮਿੱਠੇ 'ਕਿੰਨੂਆਂ' ਦਾ ਸੁਆਦ
NEXT STORY