ਚੰਡੀਗੜ੍ਹ/ਜਲੰਧਰ (ਅੰਕੁਰ, ਧਵਨ)-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ’ਚ ਮੁੱਢਲੀ ਸਿਹਤ ਸੰਭਾਲ ਨੂੰ ਹੋਰ ਮਜ਼ਬੂਤ ਕਰਨ ਅਤੇ ਕਾਇਆ-ਕਲਪ ਕਰਨ ਦੀ ਦਿਸ਼ਾ ’ਚ ਹੋਰ ਬੁਲੰਦੀ ਹਾਸਲ ਕਰਦਿਆਂ ਆਮ ਆਦਮੀ ਕਲੀਨਿਕਾਂ (ਏ. ਏ. ਸੀ.) ਨੂੰ ਉਦੋਂ ਵਿਸ਼ਵ ਪੱਧਰ ’ਤੇ ਮਾਨਤਾ ਹਾਸਲ ਹੋਈ, ਜਦੋਂ ਉੱਚ ਪੱਧਰੀ 14 ਮੈਂਬਰੀ ਆਸਟ੍ਰੇਲੀਆਈ ਵਫ਼ਦ ਨੇ ਸੂਬੇ ਦੇ ਮਾਡਲ ਨੂੰ ਅਪਣਾਉਣ ’ਚ ਡੂੰਘੀ ਦਿਲਚਸਪੀ ਪ੍ਰਗਟਾਈ। ਮੈਂਬਰ ਆਫ਼ ਪਾਰਲੀਮੈਂਟ (ਐੱਮ. ਪੀ.) ਸਟੇਟ ਆਫ਼ ਵਿਕਟੋਰੀਆ ਡਾਇਲੋਨ ਵ੍ਹਾਈਟ (ਵਫਦ ਦੇ ਆਗੂ) ਅਤੇ ਐੱਮ. ਪੀ. ਸਟੇਟ ਆਫ਼ ਵਿਕਟੋਰੀਆ ਮੈਥਿਊ ਹਿਲਾਕਰੀ ਦੀ ਅਗਵਾਈ ’ਚ ਵਫ਼ਦ ਨੇ ਸ਼ੁੱਕਰਵਾਰ ਨੂੰ ਮੋਹਾਲੀ ਵਿਖੇ ਮੁੱਢਲੀ ਸਿਹਤ ਸੰਭਾਲ ਸਹੂਲਤ-ਆਮ ਆਦਮੀ ਕਲੀਨਿਕ ਅਤੇ ਤੀਜੇ ਦਰਜੇ ਦੀ ਸਿਹਤ ਸੰਭਾਲ ਸਹੂਲਤ ਪੰਜਾਬ ਇੰਸਟੀਚਿਊਟ ਆਫ਼ ਲਿਵਰ ਐਂਡ ਬਿਲੀਅਰੀ ਸਾਇੰਸਿਜ਼ (ਪੀ. ਆਈ. ਐੱਲ. ਬੀ. ਐੱਸ.) ਦਾ ਦੌਰਾ ਕੀਤਾ।
ਇਹ ਵੀ ਪੜ੍ਹੋ: ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਹਾਈ ਅਲਰਟ ’ਤੇ ਪੰਜਾਬ, DGP ਵੱਲੋਂ ਚੁੱਕੇ ਜਾ ਰਹੇ ਵੱਡੇ ਕਦਮ
ਉਪਰੰਤ ਵਫ਼ਦ ਨੇ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨਾਲ ਮੀਟਿੰਗ ਕੀਤੀ, ਜਿੱਥੇ ਉਨ੍ਹਾਂ ਨੇ ਸਿਹਤ ਸੰਭਾਲ ਅਤੇ ਖੇਤੀਬਾੜੀ ਬਾਰੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ। ਮੀਟਿੰਗ ’ਚ ਪ੍ਰਸ਼ਾਸਨਿਕ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਕੁਮਾਰ ਰਾਹੁਲ, ਵਿਸ਼ੇਸ਼ ਸਕੱਤਰ ਖੇਤੀਬਾੜੀ ਬਲਦੀਪ ਕੌਰ ਅਤੇ ਡਾਇਰੈਕਟਰ ਪੀ. ਆਈ. ਐੱਲ. ਬੀ. ਐੱਸ. ਡਾ. ਵਰਿੰਦਰ ਸਿੰਘ ਵੀ ਹਾਜ਼ਰ ਸਨ। ਆਸਟ੍ਰੇਲੀਆਈ ਨੁਮਾਇੰਦੇ ਆਮ ਆਦਮੀ ਕਲੀਨਿਕ ਜੋ ਲੋਕਾਂ ਦੇ ਉਨ੍ਹਾਂ ਦੇ ਘਰਾਂ ਨੇੜੇ 80 ਜ਼ਰੂਰੀ ਦਵਾਈਆਂ ਅਤੇ 38 ਡਾਇਗਨੌਸਟਿਕਸ ਸਮੇਤ ਮੁਫ਼ਤ ਮੁੱਢਲੀਆਂ ਸਿਹਤ ਸੰਭਾਲ ਸੇਵਾਵਾਂ ਦੀ ਪੇਸ਼ਕਸ਼ ਕਰ ਰਹੇ ਹਨ, ਦੇ ਮਾਡਲ ਤੋਂ ਬਹੁਤ ਪ੍ਰਭਾਵਿਤ ਹੋਏ। ਇਸ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਵਫ਼ਦ ਨੇ ਲੋਕਾਂ ਨੂੰ ਸਸਤੀਆਂ, ਪਹੁੰਚਯੋਗ ਅਤੇ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਸੂਬੇ ਦੇ ਯਤਨਾਂ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਵਫ਼ਦ ਇਹ ਵੇਖ ਕੇ ਹੈਰਾਨ ਰਹਿ ਗਿਆ ਕਿ ਸਵੇਰੇ 11 ਵਜੇ ਤੱਕ 60 ਤੋਂ ਵੱਧ ਮਰੀਜ਼ ਪਹਿਲਾਂ ਹੀ ਆਮ ਆਦਮੀ ਕਲੀਨਿਕ ’ਚ ਸੇਵਾਵਾਂ ਪ੍ਰਾਪਤ ਕਰ ਚੁੱਕੇ ਸਨ। ਉਹ ਇੰਨੇ ਪ੍ਰਭਾਵਿਤ ਹੋਏ ਕਿ ਉਹ ਇਸ ਮਾਡਲ ਨੂੰ ਆਸਟ੍ਰੇਲੀਆ ਵਿਚ ਅਪਣਾਉਣਾ ਚਾਹੁੰਦੇ ਹਨ, ਕਿਉਂਕਿ ਉਨ੍ਹਾਂ ਦਾ ਮੰਨਣਾ ਸੀ ਕਿ ਇਹ ਮਾਡਲ ਉਨ੍ਹਾਂ ਦੀ ਸਿਹਤ ਸੰਭਾਲ ਪ੍ਰਣਾਲੀ ਨੂੰ ਬਹੁਤ ਲਾਭ ਪਹੁੰਚਾ ਸਕਦਾ ਹੈ।
ਇਹ ਵੀ ਪੜ੍ਹੋ: ਮੁਲਾਜ਼ਮਾਂ ਦੇ ਤਬਾਦਲਿਆਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਐਲਾਨ, ਵਿਭਾਗਾਂ ਦੇ ਮੁਖੀਆਂ ਨੂੰ ਹੁਕਮ ਜਾਰੀ
ਵਫ਼ਦ ਨੇ ਮਰੀਜ਼ਾਂ ਨੂੰ ਕਿਫਾਇਤੀ ਅਤੇ ਉੱਨਤ ਇਲਾਜ ਮੁਹੱਈਆ ਕਰਵਾਉਣ ਲਈ ਪੰਜਾਬ ਦੀ ਤੀਜੇ ਦਰਜੇ ਦੀ ਸਿਹਤ ਸੰਭਾਲ ਸਹੂਲਤ ਪੀ. ਆਈ. ਐੱਲ. ਬੀ. ਐੱਸ. ਦੀ ਵੀ ਸ਼ਲਾਘਾ ਕੀਤੀ। ਵਫ਼ਦ ਨੇ ਪੰਜਾਬ ਦੇ ਸਿਹਤ ਸੰਭਾਲ ਸੁਧਾਰਾਂ ਖ਼ਾਸ ਤੌਰ ’ਤੇ ਡਾਕਟਰੀ ਸੇਵਾਵਾਂ ਦੀ ਕੁਸ਼ਲ ਡਿਲਿਵਰੀ ਤੋਂ ਸਿੱਖਿਆ ਲੈਣ ’ਚ ਦਿਲਚਸਪੀ ਵਿਖਾਈ। ਇਸ ਦੌਰਾਨ ਖੇਤੀਬਾੜੀ ਅਤੇ ਵਾਤਾਵਰਣ ਸਥਿਰਤਾ ਬਾਰੇ ਵੀ ਵਿਚਾਰ-ਵਟਾਂਦਰਾ ਹੋਇਆ, ਜਿਸ ’ਚ ਦੋਵਾਂ ਧਿਰਾਂ ਨੇ ਸੰਭਾਵੀ ਸਹਿਯੋਗ ਦੀ ਪੜਚੋਲ ਕੀਤੀ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਆਸਟ੍ਰੇਲੀਆ ’ਚ ਮੌਸਮੀ ਸਥਿਤੀਆਂ ਅਤੇ ਫਸਲੀ ਚੱਕਰ ਪੰਜਾਬ ਦੇ ਸਮਾਨ ਹਨ। ਉਨ੍ਹਾਂ ਨੇ ਸਾਡੇ ਮੋਟੇ ਅਨਾਜ (ਜਵਾਰ, ਬਾਜਰਾ, ਰਾਗੀ ਆਦਿ) ਅਤੇ ਜੈਵਿਕ ਖੇਤੀ ਦੇ ਅਭਿਆਸਾਂ ’ਚ ਦਿਲਚਸਪੀ ਦਿਖਾਈ। ਅਸੀਂ ਚਰਚਾ ਕੀਤੀ ਕਿ ਕਿਵੇਂ ਦੋਵੇਂ ਖੇਤਰ ਪਾਣੀ ਦੀ ਸੰਭਾਲ ਅਤੇ ਪ੍ਰਦੂਸ਼ਣ ਨੂੰ ਘਟਾਉਣ ਦੇ ਨਾਲ-ਨਾਲ ਖੇਤੀ ਉਤਪਾਦਕਤਾ ਨੂੰ ਵਧਾਉਣ ਲਈ ਇਕ-ਦੂਜੇ ਤੋਂ ਸਿੱਖ ਸਕਦੇ ਹਨ ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਆਸਟ੍ਰੇਲੀਆ ਨਾਲ ਐਕਸਚੇਂਜ ਪ੍ਰੋਗਰਾਮ ਸ਼ੁਰੂ ਕਰਨ ਲਈ ਉਤਸੁਕ ਹੈ, ਜਿਸ ਤਹਿਤ ਪੰਜਾਬ ਦੇ ਮਾਹਿਰ ਸਿਖਲਾਈ ਲਈ ਆਸਟ੍ਰੇਲੀਆ ਦਾ ਦੌਰਾ ਕਰਨਗੇ ਤੇ ਆਸਟ੍ਰੇਲੀਆਈ ਪੇਸ਼ੇਵਰ ਪੰਜਾਬ ਦੇ ਸਿਹਤ ਸੰਭਾਲ ਅਤੇ ਖੇਤੀਬਾੜੀ ਮਾਡਲਾਂ ਦਾ ਅਧਿਐਨ ਕਰਨ ਲਈ ਪੰਜਾਬ ਆਉਣਗੇ।
ਇਹ ਵੀ ਪੜ੍ਹੋ: ਪੰਜਾਬ 'ਚ ਰਜਿਸਟਰੀਆਂ ਨੂੰ ਲੈ ਕੇ ਨਵਾਂ ਫਰਮਾਨ ਜਾਰੀ, ਮਚੀ ਖਲਬਲੀ, ਜੇਕਰ ਨਾ ਕੀਤਾ ਇਹ ਕੰਮ ਤਾਂ...
ਦੱਸਣਯੋਗ ਹੈ ਕਿ ਕੌਮਾਂਤਰੀ ਵਫ਼ਦ ਤੋਂ ਮਿਲੀ ਇਹ ਮਾਨਤਾ 2023 ’ਚ ਨੈਰੋਬੀ ’ਚ ਆਯੋਜਿਤ ਗਲੋਬਲ ਹੈਲਥ ਸਪਲਾਈ ਚੇਨ ਸੰਮੇਲਨ ’ਚ ਆਮ ਆਦਮੀ ਕਲੀਨਿਕ ਵੱਲੋਂ ਹਾਸਲ ਕੀਤੀ ਗਲੋਬਲ ਮਾਨਤਾ ਤੋਂ ਬਾਅਦ ਪ੍ਰਾਪਤ ਹੋਈ ਹੈ। ਦੱਸਣਯੋਗ ਹੈ ਕਿ ਪੰਜਾਬ ਵੱਲੋਂ ਦਵਾਈਆਂ ਦੀ ਕੁਸ਼ਲ ਡਲਿਵਰੀ ਪੰਜਾਬ ਤੋਂ ਇਕ ਕੇਸ ਸਟੱਡੀ ਸਿਰਲੇਖ ਹੇਠ ਆਪਣੀ ਪੇਸ਼ਕਾਰੀ ਲਈ ਪਹਿਲਾ ਇਨਾਮ ਹਾਸਲ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਡੰਕੀ ਲਗਾ ਕੇ ਨੌਜਵਾਨਾਂ ਨੂੰ ਡੌਂਕਰਾਂ ਕੋਲ ਫਸਾਉਣ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਜਲੰਧਰ ਨਾਲ ਜੁੜੇ ਤਾਰ
ਵਫ਼ਦ ਦੇ ਹੋਰ ਮੈਂਬਰਾਂ ’ਚ ਪ੍ਰੋਫੈਸਰ ਹਰਪਿੰਦਰ ਸੰਧੂ (ਫੈਡਰੇਸ਼ਨ ਯੂਨੀਵਰਸਿਟੀ ਆਸਟ੍ਰੇਲੀਆ), ਡਾ. ਜਸਵਿੰਦਰ ਸਿੱਧੂ (ਫ਼ੈਡਰੇਸ਼ਨ ਯੂਨੀਵਰਸਿਟੀ ਆਸਟ੍ਰੇਲੀਆ), ਏ. ਪ੍ਰੋਫੈਸਰ ਪੌਲ ਪੈਂਗ (ਫ਼ੈੱਡਰੇਸ਼ਨ ਯੂਨੀਵਰਸਿਟੀ ਆਸਟ੍ਰੇਲੀਆ), ਡਾ. ਸਚਿਨ ਦਹੀਆ (ਬਿਜ਼ਨੈੱਸ ਲੀਡਰ, ਬਲਾਰਟ), ਪਰਵਿੰਦਰ ਸਰਵਰਾ (ਬਿਜ਼ਨੈੱਸਮੈਨ ਅਤੇ ਸੀ. ਈ. ਓ., ਸਿੰਘ ਹੋਮਜ਼), ਦਵਿੰਦਰ ਸਿੰਘ (ਬਿਜ਼ਨੈੱਸਮੈਨ ਅਤੇ ਇੰਪੋਰਟਰ), ਸੁਖਮੀਤ ਆਹੂਜਾ (ਬਿਜ਼ਨੈੱਸਮੈਨ ਅਤੇ ਐਜੂਕੇਟਰ), ਜਸਵਿੰਦਰ ਸਿੰਘ (ਸੀ. ਈ. ਓ., ਸਿੱਖ ਵਾਲੰਟੀਅਰਜ਼ ਆਸਟ੍ਰੇਲੀਆ), ਅਭਿਮਨਿਊ ਕੁਮਾਰ (ਬਿਜ਼ਨੈੱਸਮੈਨ), ਨਵਦੀਪ ਸਿੰਘ ਹਾਂਡਾ (ਬਿਜ਼ਨੈੱਸਮੈਨ, ਸੀ. ਈ. ਓ. ਆਮੀਕੋ ਹੋਮਸ), ਕਾਰਤੀਕ ਮੁਨੀਗੋਤੀ (ਸੀ. ਈ. ਓ., ਕਾਂਸਟੈਲੇਸ਼ਨ ਟੈਕਨਾਲੋਜੀਜ਼ ਲਿਮਟਿਡ) ਅਤੇ ਲਵ ਖੱਖ (ਬਿਜ਼ਨੈੱਸਮੈਨ ਅਤੇ ਸਪੋਰਟਸ ਈਵੈਂਟਸ ਆਰਗੇਨਾਈਜ਼ਰ) ਸ਼ਾਮਲ ਸਨ।
ਇਹ ਵੀ ਪੜ੍ਹੋ: ਅਮਰੀਕਾ ਦੀ ਬਜਾਏ ਇੰਡੋਨੇਸ਼ੀਆ ਭੇਜਿਆ, ਬੰਧਕ ਬਣਾ ਠੱਗੇ ਕਰੋੜਾਂ ਰੁਪਏ, ਪਿਓ-ਪੁੱਤ ਦੇ ਕਾਰਨਾਮੇ ਨੇ ਉਡਾਏ ਹੋਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅੰਮ੍ਰਿਤਸਰ ਤੇ ਦੀਨਾਨਗਰ ਮੁਕੰਮਲ ਬੰਦ, ਪੜ੍ਹੋ ਪੂਰੀ ਖ਼ਬਰ
NEXT STORY