ਮੋਹਾਲੀ (ਨਿਆਮੀਆਂ) - ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਸੀਨੀਅਰ ਸਲਾਹਕਾਰ ਤੇ ਸੇਵਾਮੁਕਤ ਲੈਫ. ਜਨ. ਟੀ. ਐੱਸ. ਸ਼ੇਰਗਿੱਲ ਨੇ ਇਥੇ ਤਿੰਨ ਜ਼ਿਲਿਆਂ ਮੋਹਾਲੀ, ਫਤਿਹਗੜ੍ਹ ਸਾਹਿਬ ਤੇ ਰੂਪਨਗਰ ਦੇ ਗਾਰਡੀਅਨਜ਼ ਆਫ ਗਵਰਨੈਂਸ ਨੂੰ ਨਿਯੁਕਤੀ ਪੱਤਰ ਸੌਂਪਣ ਲਈ ਕਰਵਾਏ ਸਮਾਗਮ ਦੌਰਾਨ ਕਿਹਾ ਕਿ ਲੋਕ ਭਲਾਈ ਸਕੀਮਾਂ ਦਾ ਲਾਭ ਜ਼ਮੀਨੀ ਪੱਧਰ 'ਤੇ ਯੋਗ ਵਿਅਕਤੀਆਂ ਤਕ ਪੁੱਜਦਾ ਕਰਨਾ ਯਕੀਨੀ ਬਣਾਉਣ ਲਈ 'ਗਾਰਡੀਅਨਜ਼ ਆਫ ਗਵਰਨੈਂਸ' ਪੰਜਾਬ ਸਰਕਾਰ ਦੇ ਅੱਖ ਤੇ ਕੰਨ ਬਣ ਕੇ ਕੰਮ ਕਰਨਗੇ।
ਮੁੱਖ ਮੰਤਰੀ ਵਲੋਂ ਸਾਬਕਾ ਸੈਨਿਕਾਂ ਦੀ ਇਮਾਨਦਾਰੀ ਤੇ ਫਰਜ਼ਾਂ ਦੀ ਤਨਦੇਹੀ ਨਾਲ ਪਾਲਣਾ ਦੀ ਭਾਵਨਾ ਨੂੰ ਦੇਖਦੇ ਹੋਏ ਇਹ ਵੱਡੀ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ। ਇਸ ਮੌਕੇ ਕੁਲ 143 ਨਿਯੁਕਤੀ ਪੱਤਰ ਸੌਂਪੇ ਗਏ, ਜਿਨ੍ਹਾਂ ਵਿਚ ਜ਼ਿਲਾ ਮੋਹਾਲੀ ਦੇ 40, ਜ਼ਿਲਾ ਰੂਪਨਗਰ ਦੇ 50 ਤੇ ਜ਼ਿਲਾ ਫਤਹਿਗੜ੍ਹ ਸਾਹਿਬ ਦੇ 53 ਸਾਬਕਾ ਸੈਨਿਕਾਂ ਨੂੰ ਗਾਰਡੀਅਨਜ਼ ਆਫ ਗਵਰਨੈਂਸ ਤਹਿਤ ਨਿਯੁਕਤੀ ਪੱਤਰ ਦਿੱਤੇ ਗਏ।
ਇਸ ਮੌਕੇ ਸ਼ੇਰਗਿੱਲ ਨੇ ਕਿਹਾ ਕਿ ਪੂਰੇ ਦੇਸ਼ ਵਿਚੋਂ ਇਸ ਢੰਗ ਨਾਲ ਸੇਵਾ ਕਰਨ ਦਾ ਮੌਕਾ ਸਾਬਕਾ ਫੌਜੀਆਂ ਨੂੰ ਪਹਿਲੀ ਵਾਰ ਮਿਲਿਆ ਹੈ। ਸਰਕਾਰੀ ਸਕੀਮਾਂ ਨੂੰ ਜ਼ਮੀਨੀ ਪੱਧਰ 'ਤੇ ਅਸਰਦਾਰ ਤੇ ਸੁਚੱਜੇ ਢੰਗ ਨਾਲ ਲਾਗੂ ਕਰਵਾਉਣ ਨੂੰ ਯਕੀਨੀ ਬਣਾਉਣ ਲਈ ਇਹ ਯੋਜਨਾ ਸ਼ੁਰੂ ਕੀਤੀ ਗਈ ਹੈ। ਇਸ ਸਕੀਮ ਦਾ ਮਕਸਦ ਸਾਬਕਾ ਫੌਜੀਆਂ ਰਾਹੀਂ ਵੱਖ-ਵੱਖ ਸਰਕਾਰੀ ਸਕੀਮਾਂ ਤੇ ਪ੍ਰੋਗਰਾਮਾਂ 'ਤੇ ਨਜ਼ਰ ਰੱਖਣ ਦੇ ਨਾਲ-ਨਾਲ ਇਹ ਯਕੀਨੀ ਬਣਾਉਣਾ ਵੀ ਹੈ ਕਿ ਸਰਕਾਰ ਵਲੋਂ ਦਿੱਤੀ ਜਾਣ ਵਾਲੀ ਰਾਹਤ ਤੇ ਮਦਦ ਦੀ ਕਿਤੇ ਵੀ ਦੁਰਵਰਤੋਂ ਨਾ ਹੋਵੇ ਤੇ ਇਹ ਸਿਰਫ ਲੋੜਵੰਦਾਂ ਤੇ ਸਹੀ ਹੱਥਾਂ ਵਿਚ ਪੁੱਜੇ। ਇਸ ਤੋਂ ਇਲਾਵਾ ਸਰਕਾਰੀ ਸਕੀਮਾਂ ਨੂੰ ਸਹੀ ਢੰਗ ਨਾਲ ਅਮਲ ਵਿਚ ਲਿਆਉਣ, ਪਾਰਦਰਸ਼ਤਾ ਵਧਾਉਣ, ਕਮੀਆਂ-ਪੇਸ਼ੀਆਂ ਦੀ ਸ਼ਨਾਖਤ ਕਰਨ ਤੇ ਉਨ੍ਹਾਂ ਦੇ ਢੁੱਕਵੇਂ ਹੱਲ, ਹਰ ਪੱਧਰ 'ਤੇ ਜਵਾਬਦੇਹੀ ਵਧਾਉਣ, ਪ੍ਰਸ਼ਾਸਨ 'ਤੇ ਪਿੰਡ ਪੱਧਰ ਤਕ ਅਸਰਦਾਰ ਨਜ਼ਰਸਾਨੀ ਕਰਨ ਤੇ ਪ੍ਰਸ਼ਾਸਨ ਵਿਚ ਭਰੋਸਾ ਤੇ ਸਨੇਹ ਦਾ ਪੱਧਰ ਹੋਰ ਉੱਚਾ ਚੁੱਕਣਾ ਵੀ ਗਾਰਡੀਅਨਜ਼ ਆਫ ਗਵਰਨੈਂਸ ਦੀ ਜ਼ਿੰਮੇਵਾਰੀ ਵਿਚ ਸ਼ਾਮਲ ਹੈ।
ਇਸ ਤੋਂ ਪਹਿਲਾਂ ਗਾਰਡੀਅਨਜ਼ ਆਫ਼ ਗਵਰਨੈਂਸ ਦੇ ਵਾਈਸ ਚੇਅਰਮੈਨ ਤੇ ਪੈਸਕੋ ਦੇ ਸੀ. ਐੱਮ. ਡੀ. ਮੇਜਰ ਜਨਰਲ (ਸੇਵਾਮੁਕਤ) ਐੱਸ. ਪੀ. ਐੱਸ. ਗਰੇਵਾਲ ਨੇ ਕਿਹਾ ਕਿ ਗਾਰਡੀਅਨਜ਼ ਆਫ ਗਵਰਨੈਂਸ ਨੇ ਇਹ ਗੱਲ ਯਕੀਨੀ ਬਣਾਉਣੀ ਹੈ ਕਿ ਯੋਗ ਵਿਅਕਤੀ ਨੂੰ ਲਾਭ ਮਿਲੇ।
ਇਸ ਮੌਕੇ ਗਾਰਡੀਅਨਜ਼ ਆਫ਼ ਗਵਰਨੈਂਸ ਦੇ ਜ਼ਿਲਾ ਮੋਹਾਲੀ ਦੇ ਹੈੱਡ ਕਰਨਲ ਬਲਬੀਰ ਸਿੰਘ, ਜ਼ਿਲਾ ਰੂਪਨਗਰ ਦੇ ਹੈੱਡ ਲੈਫ ਕਰਨਲ ਸੀ. ਐੱਸ. ਬਹਿਲ ਅਤੇ ਜ਼ਿਲਾ ਫਤਿਹਗੜ੍ਹ ਸਾਹਿਬ ਦੇ ਹੈੱਡ ਰਵਿੰਦਰ ਸਿੰਘ ਸਮੇਤ ਵੱਡੀ ਗਿਣਤੀ 'ਚ ਸਾਬਕਾ ਸੈਨਿਕ ਤੇ ਅਧਿਕਾਰੀ ਹਾਜ਼ਰ ਸਨ।
ਚੰਡੀਗੜ੍ਹ ਦੇ 90 ਫੀਸਦੀ ਸਕੂਲਾਂ 'ਚ ਨਹੀਂ ਹੈ ਬਾਇਓ ਮੈਟ੍ਰਿਕ ਮਸ਼ੀਨ
NEXT STORY